ਸਰਿੰਜਾਂ ਦੀਆਂ ਨਿੱਕੀਆਂ ਸੂਈਆਂ ਡੇਗਣ ਲੱਗੀਆਂ ਥੰਮ੍ਹ ਵਰਗੇ ਨੌਜਵਾਨ 

Younger, Like, Pillars, Falling, Syringes, Needles

ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਮੌਤ

ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼) । ਪਿਛਲੇ ਕੁਝ ਦਿਨਾਂ ਤੋਂ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਅੱਜ ਫਿਰ ਵਾਧਾ ਹੋ ਗਿਆ ਸਰਹੱਦੀ ਜ਼ਿਲਾਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੇ ‘ਚ ਨਸ਼ਿਆਂ ਨੇ ਜਿੱਥੇ ਤਿੰਨ ਨਿੱਕੇ ਜਿਹੇ ਬੱਚਿਆਂ ਤੋਂ 30 ਸਾਲਾਂ ਦੇ ਪਿਓ ਨੂੰ ਖੋਹ ਲਿਆ ਉੱਥੇ ਇੱਕ ਪਤਨੀ ਅਤੇ ਬਜ਼ੁਰਗ ਮਾਂ ਪਿਓ ਦਾ ਇੱਕਲੌਤਾ ਸਹਾਰਾ ਵੀ ਖੋਹ ਲਿਆ। ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿਤ ਪਿੰਡ ਖਾਈ ਫੇਮੇ ਕੇ ਦਾ ਰਹਿਣ ਵਾਲਾ ਅਵਤਾਰ ਸਿੰਘ ਪੁੱਤਰ ਦਲਬੀਰ ਸਿੰਘ, ਜੋ ਆਟੋ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ।

ਨਸ਼ੇ ਦੀ ਬੁਰੀ ਲੱਤ ਲੱਗਣ ਕਾਰਨ ਅੱਜ ਅਵਤਾਰ ਸਿੰਘ ਨੇ ਨਸ਼ੇ ਲਈ ਸਰਿੰਜ ਦੀ ਵਰਤੋਂ ਕੀਤੀ, ਜਿਸਦੀ ਓਵਰਡੋਜ਼ ਕਾਰਨ ਨੌਜਵਾਨ ਅਵਤਾਰ ਸਿੰਘ ਦੀ ਮੌਤ ਹੋ ਗਈ। ਘਟਨਾ ਸਬੰਧੀ ਇਲਾਕੇ ‘ਚ ਪਤਾ ਲੱਗਣ ‘ਤੇ ਮਾਤਮ ਦਾ ਮਾਹੌਲ ਛਾਅ ਗਿਆ ਅਤੇ ਲੋਕਾਂ ਵੱਲੋਂ ਸਰਕਾਰ ਖਿਲ਼ਾਫ਼ ਰੋਸ ਵੀ ਜਤਾਇਆ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ 4 ਦਿਨਾਂ ਤੋਂ ਫਿਰੋਜ਼ਪੁਰ ‘ਚ ਨਸ਼ਿਆਂ ਕਾਰਨ ਹੋਣ ਵਾਲੀਆਂ 3 ਤੋਂ ਵੱਧ ਮੌਤਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ  ਕੁਝ ਕੁ ਵਾਟ ਦੀ ਰੈਲੀ ਕੱਢ ਕੇ ਸਾਰ ਦਿੱਤਾ ਗਿਆ ਹੈ।

ਇਸ ਮੌਤ ਕਾਰਨ ਪਿੰਡ ਦੀ ਪੰਚਾਇਤ ਨੇ ਨਸ਼ਿਆਂ ਤੋਂ ਹੋਰ ਨੌਜਵਾਨਾਂ ਨੂੰ ਬਚਾਉਣ ਲਈ ਪਿੰਡ ਖਾਈ ਫੇਮੇ ਕੇ ਦੀ ਹਦੂਦ ‘ਚ ਨਸ਼ਿਆਂ ‘ਤੇ ਪੂਰਨ ਪਾਬੰਦੀ ਲਗਾਉਂਦਿਆਂ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਬਿਨਾਂ ਪਰਚੀ ਤੋਂ ਕਿਸੇ ਨੂੰ ਵੀ ਸਰਿੰਜ ਨਾ ਦਿੱਤੀ ਜਾਵੇ ਪੰਚਾਇਤ ਨੇ ਕਿਹਾ ਕਿ ਨਸ਼ਾ ਵੇਚਣ ਵਾਲਾ ਆਪਣੇ ਖਿਲਾਫ਼ ਹੋਣ ਵਾਲੀ ਕਾਨੂੰਨੀ ਕਾਰਵਾਈ ਅਤੇ ਸਮਾਜਿਕ ਕਾਰਵਾਈ ਲਈ ਆਪ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਵੱਲੋਂ ਪਿੰਡ ਦੀਆਂ ਸੜਕਾਂ ਗਲੀਆਂ ‘ਤੇ ਨਸ਼ਿਆਂ ਦੀ ਪਾਬੰਦੀ ਦੇ ਪੋਸਟਰ ਲਗਾਏ ਗਏ ਅਤੇ ਇਸ ਮਹਿੰਮ ਦਾ ਹੋਰ ਵੀ ਕਈ ਪਿੰਡਾਂ ‘ਚ ਸ਼ੁਰੂਆਤ ਕੀਤੀ ਗਈ।