ਸਕਿਊਰਿਟੀ ਗਾਰਡ ਦੀ ਧੀ ਬਣੀ ਜੱਜ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ

Judge
ਮੋਹਾਲੀ : ਖੁਸ਼ੀ ਦੇ ਮੌਕੇ ਪਰਮਿੰਦਰ ਆਪਣੇ ਮਾਤਾ ਪਿਤਾ ਨਾਲ।

ਮੋਹਾਲੀ ਦੀ ਪਰਮਿੰਦਰ ਕੌਰ ਨੇ ਜੱਜ ਬਣ ਕੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ (Judge)

  • ਬੇਟੀ ਦੀ ਉਪਲੱਬਧੀ ਉੱਤੇ ਭਾਵਕ ਹੋਏ ਪਿਤਾ

ਮੋਹਾਲੀ (ਐੱਮ ਕੇ ਸ਼ਾਇਨਾ)। ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਇਸ ਕਹਾਵਤ ਨੂੰ ਸਿੱਧ ਕੀਤਾ ਹੈ ਪਰਮਿੰਦਰ ਕੌਰ ਨੇ। ਮੋਹਾਲੀ ਦੇ ਪਿੰਡ ਕੈਲੋਂ ਦੀ ਧੀ ਪਰਮਿੰਦਰ ਕੌਰ ਜੱਜ (Judge) ਚੁਣੀ ਗਈ ਹੈ। ਪਰਮਿੰਦਰ ਨੇ ਪੀਸੀਐਸ ਜੁਡੀਸ਼ੀਅਲੀ ਪ੍ਰੀਖਿਆ ਪਾਸ ਕਰਕੇ ਜਿਲਾ ਮੁਹਾਲੀ ਹੀ ਨਹੀਂ, ਬਲਕਿ ਪੂਰੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਮੋਹਾਲੀ ਜ਼ਿਲ੍ਹੇ ‘ਚ ਇਸ ਦਾ ਪਤਾ ਲੱਗਣ ‘ਤੇ ਖੁਸ਼ੀ ਦੀ ਲਹਿਰ ਫ਼ੈਲ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਪਰਮਿੰਦਰ ਕੌਰ ਦੇ ਪਿਤਾ ਸੁਰਮੁਖ ਸਿੰਘ ਪੇਸ਼ੇ ਵਜੋਂ ਸਿਕਿਊਰਟੀ ਗਾਰਡ ਹਨ ਅਤੇ ਮਾਤਾ ਕੁਲਦੀਪ ਕੌਰ ਮਨਰੇਗਾ ਵਿੱਚ ਦਿਹਾੜੀ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ।

ਪਰਮਿੰਦਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਦੇ ਜੱਜ ਚੁਣੇ ਜਾਣ ‘ਤੇ ਲਗਾਤਾਰ ਸ਼ੁਭਚਿੰਤਕਾਂ ਵੱਲੋਂ ਫ਼ੋਨ ਆ ਰਹੇ ਹਨ। ਉਹਨਾਂ ਭਾਵਕ ਹੁੰਦਿਆਂ ਕਿਹਾ ਕਿ ਅੱਜ ਮੇਰੀ ਬੇਟੀ ਦੇ ਜੱਜ ਬਣਨ ਦੀ ਖਬਰ ਨੇ ਮੇਰਾ ਸੀਨਾ ਚੌੜਾ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਪਰਮਿੰਦਰ ਵਰਗੀਆਂ ਧੀਆਂ ਘਰ ਘਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਪਰਮਿੰਦਰ ਨੇ ਗ੍ਰੈਜੂਏਸ਼ਨ ਕੀਤੀ ਅਤੇ ਫ਼ਿਰ ਐਲਐਲਬੀ ਕਰ ਲਈ। ਹੁਣ ਪਿਛਲੇ ਸਾਲ ਤੋਂ ਜੁਡੀਸ਼ੀਅਲੀ ਦੀ ਤਿਆਰੀ ਕਰ ਰਹੀ ਸੀ ਅਤੇ 2023 ‘ਚ ਪੀਸੀਐਸ ਟੈਸਟ ਦਿੱਤਾ ਅਤੇ 6 ਅਕਤੂਬਰ ਨੂੰ ਉਸ ਦੀ ਇੰਟਰਵਿਊ ਸੀ। (Judge)

Judge
ਮੋਹਾਲੀ : ਖੁਸ਼ੀ ਦੇ ਮੌਕੇ ਪਰਮਿੰਦਰ ਆਪਣੇ ਮਾਤਾ ਪਿਤਾ ਨਾਲ।

ਘੰਟਿਆਂ ਬੱਧੀ ਬੈਠ ਕੇ ਲਗਾਤਾਰ ਪੜ੍ਹਾਈ ਕਰਦੀ ਸੀ ਪਰਮਿੰਦਰ ਕੌਰ

ਪਰਮਿੰਦਰ ਨੇ ਦੱਸਿਆ ਕਿ ਇਸ ਸਫਲਤਾ ਦਾ ਸਿਹਰਾ ਉਹ ਆਪਣੇ ਪਰਮਾਤਮਾ ਅਤੇ ਮਾਤਾ ਪਿਤਾ ਨੂੰ ਦਿੰਦੀ ਹੈ। ਉਹਨਾਂ ਆਪਣੇ ਸਰ ਐਡਵੋਕੇਟ ਗੁਰਿੰਦਰਪਾਲ ਸਿੰਘ ਸਾਬਕਾ ਫੋਰਮਰ ਚੇਅਰਮੈਨ ਪੰਜਾਬ ਐਂਡ ਹਰਿਆਣਾ ਬਾਰ ਕੌਨਸ਼ਲ ਦਾ ਵੀ ਇਸ ਸਫਲਤਾ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੇਰਾ ਸੁਪਨਾ ਹੁਣ ਪੂਰਾ ਹੋਣ ਜਾ ਰਿਹਾ ਹੈ ਮੈਂ ਭਾਰਤ ਦੀ ਕਾਨੂੰਨ ਵਿਵਸਥਾ ਵਿੱਚ ਰਹਿ ਕੇ ਬਹੁਤ ਕੁਝ ਕਰਨਾ ਚਾਹੁੰਦੀ ਹਾਂ। ਉਹਨਾਂ ਦੱਸਿਆ ਕਿ ਮੈਂ ਆਪਣੇ ਮਾਤਾ ਪਿਤਾ ਦੀ ਸਖਤ ਮਿਹਨਤ ਨੂੰ ਦੇਖਦੇ ਹੋਏ ਘੰਟਿਆਂ ਬੱਧੀ ਬੈਠ ਕੇ ਲਗਾਤਾਰ ਪੜ੍ਹਾਈ ਕਰਦੀ ਸੀ ਜਿਸ ਦਾ ਨਤੀਜਾ ਅੱਜ ਮੇਰੇ ਸਾਹਮਣੇ ਹੈ। ਉਹਨਾਂ ਕਿਹਾ ਮੈਂ ਆਪਣੀ ਮਾਤਾ ਪਿਤਾ ਨੂੰ ਦੁਨੀਆਂ ਦੀ ਹਰ ਖੁਸ਼ੀ ਦੇਣਾ ਚਾਹੁੰਦੀ ਹਾਂ।

ਇਹ ਵੀ ਪੜ੍ਹੋ : Oppo Find N3 Flip: ਮੂੜਨਵਾਲਾ ਫੋਨ, ਸ਼ਾਨਦਾਰ ਫੀਚਰਜ਼! ਅੱਜ ਹੋਵੇਗਾ ਲਾਂਚ!

ਉਹਨਾਂ ਦੱਸਿਆ ਰਾਤੀ ਜਦੋਂ ਹੀ ਉਨ੍ਹਾਂ ਨੂੰ ਨਤੀਜੇ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਘਰ ਖੁਸ਼ੀ ਦੀ ਲਹਿਰ ਫ਼ੈਲ ਗਈ। ਹਰ ਪਾਸਿਉਂ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਦੱਸ ਦੇਈਏ ਕਿ ਇਹ ਪਿੰਡ ‘ਚ ਰਹਿਣ ਵਾਲੀ ਸਾਧਾਰਨ ਪਰਿਵਾਰ ਦੀ ਲੜਕੀ ਹੈ। ਉਸ ਦੇ ਉੱਭਰਨ ਨਾਲ ਹੋਰਨਾਂ ਨੌਜਵਾਨਾਂ ਤੇ ਬੱਚਿਆਂ ਨੂੰ ਵੀ ਪ੍ਰੇਰਨਾ ਮਿਲ ਰਹੀ ਹੈ। ਇਸ ਮੌਕੇ ਉਨਾਂ ਦੇ ਰਿਸ਼ਤੇਦਾਰਾਂ ਅਤੇ ਗੁਆਂਡੀਆਂ ਵੱਲੋਂ ਮਿਠਾਈਆਂ ਵੰਡੀਆਂ ਗਈਆਂ ਅਤੇ ਪਰਮਿੰਦਰ ਅਤੇ ਉਸਦੇ ਮਾਤਾ ਪਿਤਾ ਦੇ ਗਲਾਂ ਵਿੱਚ ਹਾਰ ਪਾ ਕੇ ਖੁਸ਼ੀਆਂ ਮਨਾਈਆਂ ਗਈਆਂ।
ਇਸ ਸਮੇਂ ਮਾਸਟਰ ਸੋਮਪਾਲ, ਜਤਿੰਦਰ ਕੌਰ,ਬੇਅੰਤ ਸਿੰਘ ਭਾਂਬਰੀ,ਸਰਪੰਚ ਅਮਰਜੀਤ ਸਿੰਘ ਕੈਲੋੰ ਪਰਿਵਾਰ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।