ਚੰਡੀਗੜ੍ਹ ‘ਤੇ ਕੇਵਲ ਪੰਜਾਬ ਦਾ ਹੱਕ: ਬਾਦਲ

  • ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬੰਧੀ ਹੋਇਆ ਸੂਬਾ ਪੱਧਰੀ ਸਮਾਗਮ
  • ਮੁੱਖ ਮੰਤਰੀ ਨੇ ਨਵਜੋਤ ਕੌਰ ਸਿੱਧੂ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ

ਲੌਂਗੋਵਾਲ,  (ਹਰਪਾਲ ਸਿੰਘ)। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੜ ਦੁਹਰਾਇਆ ਹੈ ਕਿ ਚੰਡੀਗੜ੍ਹ ‘ਤੇ ਕੇਵਲ ਅਤੇ ਕੇਵਲ ਪੰਜਾਬ ਦਾ ਹੱਕ ਹੈ ਅਤੇ ਕਾਂਗਰਸ ਪਾਰਟੀ ਨੇ ਸੂਬੇ ਨਾਲ ਵੱਡਾ ਵਿਤਕਰਾ ਕਰਦੇ ਹੋਏ ਇਸਨੂੰ ਸੂਬੇ ਤੋਂ ਖੋਹਿਆ ਹੈ।
ਅੱਜ ਇਥੇ ਸ: ਹਰਚੰਦ ਸਿੰਘ ਲੌਂਗੋਵਾਲ ਦੀ 31ਵੀਂ ਬਰਸੀ ਮੌਕੇ ਕਰਵਾਏ ਗਏ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਹੋਰ ਅਜਿਹੀ ਮਿਸਾਲ ਨਹੀਂ ਹੈ ਜਿਥੇ ਕਿਸੇ ਸੂਬੇ ਨੂੰ ਉਸ ਦੀ ਰਾਜਧਾਨੀ ਤੋਂ ਬੇਮੁਖ ਕੀਤਾ ਗਿਆ ਹੋਵੇ ਜਦਕਿ 1980 ਦੇ ਦਹਾਕੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਲੋਕ ਸਭਾ ਵਿੱਚ ਐਲਾਨ ਵੀ ਕਰ ਦਿੱਤਾ ਸੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਉਨ੍ਹਾਂ ਦੀ ਧੀ ਵਾਂਗ ਹੈ ਅਤੇ ਉਨ੍ਹਾਂ ਵੱਲੋਂ ਸਿਆਸੀ ਦਖਲਅੰਦਾਜ਼ੀ ਕਾਰਨ ਕੰਮ ਨਾ ਹੋਣ ਦੇ ਲਾਏ ਗਏ ਇਲਜ਼ਾਮ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ। ਇਸ ਤੋਂ ਪਹਿਲਾਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਨੂੰ ਸ: ਲੌਂਗੋਵਾਲ ਦੀ ਸ਼ਹੀਦੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਾਂਗਰਸ ਵੱਲੋਂ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਨਾ ਕਰਨ ਕਾਰਨ ਇਹ ਘਟਨਾਕ੍ਰਮ ਵਾਪਰਿਆ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਲੌਂਗੋਵਾਲ ਨੇ ਸੂਬੇ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਤਰੱਕੀ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਸੂਬਾ ਸਰਕਾਰ ਹਰ ਹਾਲ ਵਿੱਚ ਇਨ੍ਹਾਂ ਅਸੂਲਾਂ ‘ਤੇ ਪਹਿਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਲੜਾਉਂਦੀ ਰਹੀ ਹੈ।
ਆਪਣੇ ਸੰਬੋਧਨ ‘ਚ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਭਰਪੂਰ ਪਾਰਟੀ ਹੈ। ਅਕਾਲੀ ਦਲ 95 ਸਾਲ ਪੁਰਾਣੀ ਪਾਰਟੀ ਹੈ ਜਿਸ ਨੇ ਹਮੇਸ਼ਾਂ ਲੋਕਾਂ ਦੇ ਭਲੇ ਲਈ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ ਨੌਂ ਸਾਲਾਂ ਦੌਰਾਨ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਮੈਂਬਰ ਰਾਜ ਸਭਾ ਅਤੇ ਸ੍ਰੋਅਦ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕੂੜ ਪ੍ਰਚਾਰ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸ: ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪੰਜਾਬ ਦੀ ਅਮਨ ਸਾਂਤੀ ਕੁਰਬਾਨੀ ਦਿੱਤੀ। ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਮੈਂਬਰ ਲੋਕ ਸਭਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾਂ, ਨੁਸਰਤ ਫਤਿਹ ਅਲੀ ਖਾਂ, ਵਾਈਸ ਚੇਅਰਮੈਨ ਮੰਡੀ ਬੋਰਡ ਰਵਿੰਦਰ ਸਿੰਘ ਚੀਮਾ, ਵਿਧਾਇਕ ਗੋਬਿੰਦ ਸਿੰਘ ਲੌਂਗੋਵਾਲ ਪ੍ਰਕਾਸ਼ ਚੰਦ ਗਰਗ, ਵਿਧਾਇਕ ਫਰਜ਼ਾਨਾ ਆਲਮ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇਜਾ ਸਿੰਘ ਕਮਾਲਪੁਰ, ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ, ਡੀ.ਆਈ.ਜੀ. ਪ੍ਰਿਤਪਾਲ ਸਿੰਘ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਆਦਿ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ
ਭਾਜਪਾ ਨੇ ਬਣਾਈ ਦੂਰੀ
ਇਸ ਸਮਾਗਮ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪੁੱਜੀ ਹੋਈ ਸੀ ਪਰ ਭਾਜਪਾ ਦਾ ਕੋਈ ਵੀ ਆਗੂ ਸਮਾਗਮ ਵਿੱਚ ਨਾ ਬਹੁੜਿਆ ਜਦੋਂ ਕਿ ਸਮਾਗਮ ਸਬੰਧੀ ਛਪਾਏ ਕਾਰਡਾਂ ਵਿੱਚ ਭਾਜਪਾ ਆਗੂਆਂ ਦਾ ਨਾਂਅ ਬਕਾਇਦਾ ਲਿਖਿਆ ਹੋਇਆ ਸੀ ਪਰੰਤੂ ਫਿਰ ਵੀ ਭਾਜਪਾ ਦਾ ਕੋਈ ਵੀ ਆਗੂ ਸਮਾਗਮ ‘ਚ ਸ਼ਾਮਲ ਨਾ ਹੋਇਆ