ਭਵਿੱਖ ‘ਚ ਮਾਈਕਰੋ ਫਾਸ਼ਿਜਮ ਦਾ ਖ਼ਤਰਾ : ਅਰੁੰਧਤੀ ਰਾਏ

Risk, Micro, Fascism, Future, Arundhati, Roy

ਲੋਕ ਇਤਿਹਾਸਕ ਭੂਮਿਕਾ ਲਈ ਅੱਗੇ ਆਉਣ : ਵਰਵਰਾ ਰਾਓ | Arundhati Roy

ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਅਪਰੇਸ਼ਨ ਗਰੀਨ ਹੰਟ ਵਿਰੋਧੀ ਜ਼ਮਹੂਰੀ ਫਰੰਟ ਪੰਜਾਬ ਵੱਲੋਂ ਅੱਜ ਸਥਾਨਕ ਮਹਾਂ-ਸ਼ਕਤੀ ਕਲਾ ਮੰਦਰ ਵਿਖੇ ਯਾਦਗਾਰੀ ਕਨਵੈਨਸ਼ਨ ਕਰਨ ਉਪਰੰਤ ਰੇਲਵੇ ਸਟੇਸ਼ਨ ਤੱਕ ਮਾਰਚ ਕੀਤਾ ਗਿਆ। ਕਨਵੈਨਸ਼ਨ ‘ਚ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਤੇ ਇਨਕਲਾਬੀ ਕਵੀ ਵਰਵਰਾ ਰਾਓ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਸੰਬੋਧਨ ਕੀਤਾ। ਕਨਵੈਨਸ਼ਨ ‘ਚ ਕਿਰਤੀ, ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਔਰਤਾਂ, ਵਿਦਿਆਰਥੀਆਂ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਜਮਹੂਰੀ ਇਨਕਲਾਬੀ ਲਹਿਰ ਦੇ ਆਗੂਆਂ ਨੇ ਵੀ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। (Arundhati Roy)

ਇਸ ਸਮੇਂ ਅਰੁੰਧਤੀ ਰਾਏ ਨੇ ਕਿਹਾ ਕਿ ਹਕੂਮਤ ਨੂੰ ਮੁਲਕ ਦੇ ਸਮੂਹ ਦਲਿਤ, ਆਦਿਵਾਸੀ, ਕਸ਼ਮੀਰੀ, ਮੁਸਲਿਮ, ਜਮਹੂਰੀ ਕਾਮੇ, ਵਕੀਲ, ਕਸ਼ਮੀਰੀ, ਪੱਤਰਕਾਰ ਸਭ ਦਹਿਸ਼ਤਗਰਦ ਦਿਖਾਈ ਦੇਣ ਲੱਗ ਗਏ ਹਨ। ਹੁਣ ਇਨ੍ਹਾਂ ਸਭਨਾਂ ਦੀ ਜ਼ੁਬਾਨਬੰਦੀ ਕਰਨ ਲਈ ਮਾਈਕਰੋ ਫਾਸ਼ਿਜਮ ਦਾ ਬਹੁਤ ਹੀ ਸੂਖ਼ਮ ਤੇ ਮਾਰੂ ਹਥਿਆਰ ਵਰਤਿਆ ਜਾ ਰਿਹਾ ਹੈ। ਅਰੁੰਧਤੀ ਰਾਏ ਨੇ ਕਿਹਾ ਕਿ ਲੋਕਾਂ ਕੋਲੋਂ ਮੀਡੀਆ ਰਾਹੀਂ ਤੇ ਹੋਰ ਹਾਸਲ ਸਰੋਤਾਂ ਰਾਹੀਂ ਜ਼ਮੀਨ ਨਾਲ ਜੁੜੀ ਹਕੀਕੀ ਜਾਣਕਾਰੀ ਤੋਂ ਵਿਰਵੇ ਰੱਖਕੇ, ਲੋਕਾਂ ਨੂੰ ਜਾਤ-ਪਾਤ, ਫਿਰਕੂ ਦਹਿਸ਼ਤਗਰਦੀ ਦੇ ਹੱਲੇ ਨਾਲ ਦਬਾਇਆ ਜਾ ਰਿਹਾ ਹੈ।  ਇਸ ਸਮੇਂ ਉਨ੍ਹਾਂ ਕਿਹਾ ਕਿ ਹੱਕਾਂ ਦੀ ਅਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਨੂੰ ਅੱਤਵਾਦੀ ਕਹਿ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ ਤੇ ਜਲ, ਜੰਗਲ, ਜ਼ਮੀਨਾਂ ਦਾ ਨਿੱਜੀਕਰਨ ਕਰਵਾ ਕੇ ਲੋਕਾਂ ਨੂੰ ਕੁੱਲੀ-ਗੁੱਲੀ ਤੋਂ ਵਿਰਵਾ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਹੀ ਜਾਰੀ ਹਨ।

ਕਿਹਾ, ਜਿਥੇ ਔਰਤਾਂ ਮਹਿਫੂਜ਼ ਨਹੀਂ ਹਨ ਪਰ ਸਰਕਾਰਾਂ ਮੰਨਣ ਤੋਂ ਇਨਕਾਰੀ ਹਨ

ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਇਕ ਸਰਵੇ ‘ਚ ਭਾਰਤ ਦੁਨੀਆਂ ‘ਚ ਮੋਹਰੀ ਮੁਲਕ ਹੈ ਜਿਥੇ ਔਰਤਾਂ ਮਹਿਫੂਜ਼ ਨਹੀਂ ਹਨ ਪਰ ਸਰਕਾਰਾਂ ਮੰਨਣ ਤੋਂ ਇਨਕਾਰੀ ਹਨ। ਅਲੋਚਕ ਤੇ ਕਵੀ ਵਰਵਰਾ ਰਾਓ ਨੇ ਕਿਹਾ ਕਿ ਮੁਲਕ ਅੰਦਰ ਜਿਹੜੀ ਵੀ ਤਾਕਤ ਜਾਗੀਰਦਾਰਾਂ, ਕਾਰਪੋਰੇਟ ਘਰਾਣਿਆਂ, ਪੂੰਜੀਪਤੀਆਂ, ਸੂਦਖੋਰਾਂ ਤੇ ਫਿਰਕੂ ਤਾਕਤਾਂ ਖਿਲਾਫ਼ ਆਵਾਜ਼ ਬੁਲੰਦ ਕਰਦੀ ਹੈ, ਉਸਨੂੰ ਝੂਠੇ ਕੇਸਾਂ ਤਹਿਤ ਸੀਖਾਂ ਪਿੱਛੇ ਡੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੁਕਤੀ ਲਈ ਉਨ੍ਹਾਂ ਅੱਗੇ ਜੋ ਸਹੀ ਮਾਰਗ ਦਿਖਾਈ ਦਿੰਦਾ ਹੈ ਉਸ ਮਾਰਗ ਵੱਲ ਜਾਣ ਤੋਂ ਰੋਕਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਇਨਕਲਾਬੀ ਸ਼ਕਤੀਆਂ ਨੂੰ ਅਪਰੇਸ਼ਨ ਗਰੀਨ ਹੰਟ ਵਰਗੇ ਫਾਸ਼ੀ ਹੱਲੇ ਤੱਕਣ ਲਈ ਇਤਿਹਾਸਕ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਸ੍ਰੀ ਰਾਓ ਨੇ ਮੀਡੀਆ ਟਰਾਇਲ ਕਰਨ ਵੀ ਸਰਕਾਰ ਦੀ ਅਲੋਚਨਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਕਤ ਸਮੱਸਿਆਵਾਂ ਦਾ ਹੱਲ ਸਿਰਫ਼ ਜਨਵਾਦੀ ਮੁਹਿੰਮ ਹੀ ਹੈ। ਪ੍ਰੋ. ਜਗਮੋਹਨ ਸਿੰਘ ਨੇ ਆਪਣੇ ਸੰਬੋਧਨ ‘ਚ ਪੰਜਾਬ ਦੇ ਲੋਕਾਂ ਨੂੰ ਐਨੀ ਵੱਡੀ ਗਿਣਤੀ ‘ਚ ਆਉਣ ਤੇ ਆਪਣੇ ਸ਼ਾਨਦਾਰ ਇਨਕਲਾਬੀ ਇਤਿਹਾਸਕ ਵਿਰਸੇ ‘ਤੇ ਪਹਿਰਾ ਦਿੰਦਿਆਂ ਹਰ ਵੰਨਗੀ ਦੀਆਂ ਫਿਰਕੂ ਤੇ ਹਕੂਮਤੀ ਤਾਕਤਾਂ ਖਿਲਾਫ ਉੱਠਣ ‘ਤੇ ਮੁਬਾਰਕ ਦਿੱਤੀ। ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੇ ਕਨਵੀਨਰ ਡਾ. ਪਰਮਿੰਦਰ, ਪ੍ਰੋ. ਏ. ਕੇ. ਮਲੇਰੀ, ਯਸ਼ਪਾਲ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਪ੍ਰੋ. ਜਗਮੋਹਣ ਸਿੰਘ ਤੇ ਮਨਜੀਤ ਕੌਰ ਔਲਖ ਦੀ ਪ੍ਰਧਾਨਗੀ ‘ਚ ਹੋਈ ਕਨਵੈਨਸ਼ਨ ਦਾ ਮੰਚ ਸੰਚਾਲਨ ਯਸ਼ਪਾਲ ਅਤੇ ਡਾ. ਪਰਮਿੰਦਰ ਨੇ ਕੀਤਾ। ਮੰਚ ਸੰਚਾਲਕ ਡਾ. ਪਰਮਿੰਦਰ ਨੇ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਖਚਾ-ਖਚ ਭਰੇ ਪੰਡਾਲ ਨੇ ਹੱਥ ਖੜ੍ਹੇ ਕਰਕੇ ਪਾਸ ਕੀਤੀ। (Arundhati Roy)