ਸੁਪਰ ਸਪੈਸ਼ਲਿਟੀ ਕੰਪਲੈਕਸ ‘ਚ ਭਾਜਪਾ ਵੱਲੋਂ ਕਾਂਗਰਸ ‘ਤੇ ਅੜਿੱਕਾ ਪਾਉਣ ਦੇ ਦੋਸ਼

BJP, Accused, Congress, Blocking, Super, Specialty, Complex

ਕਾਂਗਰਸੀ ਲੈਂਡ ਮਾਫੀਆ ਬਣਨ ਵਾਲੇ ਤਿੰਨ ਬਲਾਕਾਂ ਨੂੰ ਪਿੱਛੇ ਧੱਕਣਾ ਚਾਹੁੰਦੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਦੇ ਸ਼ਹਿਰ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ 150 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਸੁਪਰ ਸਪੈਸ਼ਲਿਟੀ ਕੰਪਲੈਕਸ ਦੀ ਉਸਾਰੀ ‘ਚ ਭਾਜਪਾ ਵੱਲੋਂ ਕਾਂਗਰਸੀਆਂ ‘ਤੇ ਅੜਿੱਕਾ ਪਾਉਣ ਦੇ ਕਥਿਤ ਦੋਸ਼ ਲਾਏ ਹਨ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ 150 ਕਰੋੜੀ ਪ੍ਰੋਜੈਕਟ ਉਨ੍ਹਾਂ ਵੱਲੋਂ ਕੇਂਦਰੀ ਮੰਤਰੀ ਜੇ. ਪੀ. ਨੱਡਾ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਲਿਆਂਦਾ ਗਿਆ ਸੀ, ਪਰ ਹੁਣ ਕਾਂਗਰਸੀਆਂ ਵੱਲੋਂ ਇਸ ਪ੍ਰੋਜੈਕਟ ਨੂੰ ਵਿੱਚ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ। (Super Specialty Complex)

ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਵਿਖੇ 150 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ ਚਾਰ ਸਾਲ ਪਹਿਲਾਂ ਸੁਪਰ ਸਪੈਸ਼ਲਿਟੀ ਕੰਪਲੈਕਸ ਦੀ ਉਸਾਰੀ ਸ਼ੁਰੂ ਹੋਈ ਸੀ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ 75 ਫੀਸਦੀ ਜਦਕਿ ਬਾਦਲ ਸਰਕਾਰ ਵੱਲੋਂ 25 ਫੀਸਦੀ ਰਕਮ ਖਰਚੀ ਗਈ ਸੀ। ਇੱਧਰ ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਸਰਕਾਰ ਆਉਣ ‘ਤੇ ਇਸ ਕੰਪਲੈਕਸ ਦੇ ਬਣਨ ਵਾਲੇ ਤਿੰਨ ਬਲਾਕਾਂ ਵਿੱਚ ਅੜਿੱਕਾ ਪਾਇਆ ਜਾ ਰਿਹਾ ਹੈ ਤੇ ਇਸ ਕੰਪਲੈਕਸ ਦਾ ਕੰਮ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ।

ਲੋਕਾਂ ਦੇ ਭਲੇ ਲਈ ਇਸ ਪ੍ਰੋਜੈਕਟ ਨੂੰ ਹਰ ਹੀਲੇ ਪੂਰਾ ਕਰਵਾਂਗਾ : ਢਿੱਲੋਂ

ਇਸ ਪ੍ਰੋਜੈਕਟ ਨੂੰ ਲਿਆਉਣ ਦਾ ਦਾਅਵਾ ਕਰਨ ਵਾਲੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਸ ਕੰਪਲੈਕਸ ਦੇ ਨੇੜੇ ਰਜਿੰਦਰਾ ਹਸਪਤਾਲ ਵਿਖੇ ਇੱਕ ਧਾਰਮਿਕ ਸਥਾਨ ਹੈ ਤੇ ਕਾਂਗਰਸੀ ਜੋ ਲੈਂਡ ਮਾਫੀਆ ਨਾਲ ਸਬੰਧਿਤ ਹਨ, ਇਸ ਸਥਾਨ ਨੂੰ ਅੱਗੇ ਸ਼ਿਫਟ ਕਰਵਾਉਣਾ ਚਾਹੁੰਦੇ ਹਨ ਤੇ ਬਣਨ ਵਾਲੇ ਤਿੰਨ ਕੰਪਲੈਕਸਾਂ ਨੂੰ ਪਿੱਛੇ ਕਰਨਾ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਦਾ ਮਕਸਦ ਇਨ੍ਹਾਂ ਕੰਪਲੈਕਸਾਂ ਮੂਹਰੇ ਆਪਣੀਆਂ ਦੁਕਾਨਦਾਰੀਆਂ ਰਾਹੀਂ ਕਮਾਈ ਕੀਤੀ ਜਾ ਸਕੇ, ਜਿਸ ਕਾਰਨ ਹੀ ਇਨ੍ਹਾਂ ਵੱਲੋਂ ਇੱਥੇ ਅੜਿੱਕਾ ਪੈਦਾ ਕੀਤੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬਲਾਕ ਅੱਗੇ ਬਣਨੇ ਹਨ, ਪਰ ਕਾਂਗਰਸੀ ਇਨ੍ਹਾਂ ਬਲਾਕਾਂ ਨੂੰ ਪਿਛਲੇ ਪਾਸੇ ਕਰਨ ਲਈ ਆਪਣੇ ਅਕਾਵਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਸਥਾਨ ਲਈ 20 ਫੁੱਟ ਰਸਤਾ ਛੱਡਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਕੁਝ ਸਮਾਂ ਪਹਿਲਾਂ ਡੀਸੀ ਨੂੰ ਵੀ ਮਿਲੇ ਸਨ, ਪਰ ਉਨ੍ਹਾਂ ਵੱਲੋਂ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸ੍ਰੀ ਢਿੱਲੋਂ ਨੇ ਕਿਹਾ ਇਸ ਪ੍ਰੋਜੈਕਟ ਦ ਚੱਲਣ ਨਾਲ ਪੰਜਾਬ ਸਮੇਤ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ ਤੇ ਚੰਡੀਗੜ੍ਹ ਪੀਜੀਆਈ ਨਹੀਂ ਜਾਣਾ ਪਵੇਗਾ। ਇੱਧਰ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਕੰਮ ਕਰ ਰਹੇ ਠੇਕੇਦਾਰ ਸਮੇਤ ਉਸਦੀ ਲੇਬਰ ਨੂੰ ਭਜਾ ਦਿੱਤਾ ਹੈ ਅਤੇ ਇਹ ਲੋਕ ਆਮ ਲੋਕਾਂ ਲਈ ਬਣਨ ਵਾਲੇ ਇਸ ਕੰਪਲੈਕਸ ਦੇ ਚਾਲੂ ਹੋਣ ‘ਚ ਅੜਚਨਾਂ ਪੈਦਾ ਕਰ ਰਹੇ ਹਨ। Àਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਸਹਿਣ ਨਹੀਂ ਕਰੇਗੀ, ਇਸ ਪ੍ਰੋਜੈਕਟ ਨੂੰ ਹਰ ਹੀਲੇ ਚਾਲੂ ਕਰਵਾਏਗੀ।

ਐੱਮਐੱਸ ਤੋਂ ਲਵਾਂਗਾ ਜਾਣਕਾਰੀ : ਡਿਪਟੀ ਕਮਿਸ਼ਨਰ | Super Specialty Complex

ਇਸ ਮਾਮਲੇ ਸਬੰਧੀ ਜਦੋਂ ਡੀਸੀ ਕੁਮਾਰ ਅਮਿਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਜਿੰਦਰਾ ਹਸਪਤਾਲ ਅੰਦਰ ਚੱਲ ਰਿਹਾ ਕੰਮ ਪਹਿਲ ਦੇ ਤੌਰ ‘ਤੇ ਹੈ ਤੇ ਅੜਿੱਕੇ ਵਾਲੀ ਕੋਈ ਗੱਲ ਨਹੀਂ। ਉਨ੍ਹਾਂ ਕਿਹਾ ਕਿ ਉਹ ਫਿਰ ਵੀ ਐੱਮਐੱਸ ਨਾਲ ਗੱਲ ਕਰਕੇ ਇਸ ਸਬੰਧੀ ਜਾਣਕਾਰੀ ਲੈਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਦੇਸ਼ ਹਨ ਕਿ ਰਜਿੰਦਰਾ ਹਸਪਤਾਲ ਅੰਦਰ ਚੱਲ ਰਹੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ। (Super Specialty Complex)