ਚੰਦਰਮਾ ਦਾ ਵਧਣਾ ਘਟਣਾ

ਚੰਦਰਮਾ ਦਾ ਵਧਣਾ ਘਟਣਾ

ਚੰਦਰਮਾ, ਧਰਤੀ ਦਾ ਉਪਗ੍ਰਹਿ ਹੈ। ਜੋ ਧਰਤੀ ਦੁਆਲੇ ਨਿਰੰਤਰ ਚੱਕਰ ਆਕਾਰ ਘੁੰਮਦਾ ਰਹਿੰਦਾ ਹੈ। ਅਸੀਂ ਜਾਣਦੇ ਹਾਂ ਕਿ ਧਰਤੀ ਅਤੇ ਚੰਦਰਮਾ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੁੰਦੀ, ਚੰਦਰਮਾ ਸੂਰਜ ਦੀ ਰੌਸ਼ਨੀ ਨਾਲ ਸਮੇਂ ਅਨੁਸਾਰ ਵੱਖ-ਵੱਖ ਅਕਾਰਾਂ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਇਸ ਸਮੇਂ ਦੌਰਾਨ ਇੱਕ ਰਾਤ ਅਜਿਹੀ ਵੀ ਆਉਂਦੀ ਹੈ, ਜਦੋਂ ਚੰਦਰਮਾ ਸਾਨੂੰ ਸਾਰੀ ਰਾਤ ਨਜ਼ਰ ਨਹੀਂ ਆਉਂਦਾ। ਇਸ ਰਾਤ ਨੂੰ ਅਸੀਂ ‘ਮੱਸਿਆ ਦੀ ਰਾਤ’ ਕਹਿੰਦੇ ਹਾਂ। ਅੱਜ ਦੇ ਇਸ ਵਿਗਿਆਨਕ ਯੁੱਗ ਅੰਦਰ ਸਾਇੰਸ ਹਰ ਸਮੱਸਿਆ ਦਾ ਸਾਇੰਟੀਫਿਕ ਕਾਰਨ ਲੱਭ ਚੁੱਕੀ ਹੈ। ਚੰਦਰਮਾ ਦੇ ਘਟਣ ਵਧਣ ਜਾਂ ਖਤਮ ਹੋਣ ਦਾ ਵੀ ਸਾਇੰਟੀਫਿਕ ਕਾਰਨ ਹੈ, ਆਓ ਜਾਣੀਏ!

ਅਸੀਂ ਜਾਣਦੇ ਹਾਂ ਕਿ ਧਰਤੀ, ਸੂਰਜ ਅਤੇ ਚੰਦਰਮਾ ਦਾ ਆਕਾਰ ਗੋਲ ਹੈ। ਬ੍ਰਹਿਮੰਡ ਵਿੱਚ ਸੂਰਜ ਤੋਂ ਬਿਨਾਂ ਧਰਤੀ ਅਤੇ ਚੰਦਰਮਾ ਜਾਂ ਬਾਕੀ ਬਚੇ ਸਾਰੇ ਗ੍ਰਹਿ ਇੱਕ ਖ਼ਾਸ ਪ੍ਰਕਿਰਿਆ ਦੌਰਾਨ ਆਪਣੀ ਧੁਰੀ ਦੁਆਲੇ ਅਤੇ ਸੂਰਜ ਦੁਆਲੇ ਅੰਡਾਕਾਰ ਪੱਥ ਵਿੱਚ ਘੁੰਮਦੇ ਰਹਿੰਦੇ ਹਨ। ਇਨ੍ਹਾਂ ਦੇ ਘੁੰਮਣ-ਘੁਮਾਉਣ ਵਿੱਚ ਬੜਾ ਕੁਝ ਛੁਪਿਆ ਹੋਇਆ ਹੈ। ਪਰ ਇੱਥੇ ਅਸੀਂ ਸਿਰਫ਼ ਚੰਦਰਮੇ ਦੇ ਵਧਣ, ਘਟਣ ਜਾਂ ਖਤਮ ਹੋਣ ਦੀ ਗੱਲ ਹੀ ਕਰਾਂਗੇ।

ਉਪਰੋਕਤ ਸਮੱਸਿਆ ਨੂੰ ਸਮਝਣ ਲਈ ਸਾਨੂੰ ਇੱਕ ਵਿਧੀ ਰਾਹੀਂ ਗੁਜ਼ਰਨਾ ਪਵੇਗਾ ਅਤੇ ਰਾਤ ਦੇ ਸਮੇਂ ਹੇਠ ਦਿੱਤਾ ਪ੍ਰਯੋਗ ਕਰਨਾ ਪਵੇਗਾ।
ਰਾਤ ਦੇ ਸਮੇਂ ਲਾਈਟਾਂ ਬੰਦ ਕਰਕੇ ਇੱਕ ਮੋਮਬੱਤੀ ਜਗਾਓ। ਮੋਮਬੱਤੀ ਦੀ ਰੌਸ਼ਨੀ ਵਿੱਚ ਫਰਸ਼ ’ਤੇ ਇੱਕ ਚਾਕ ਦੀ ਸਹਾਇਤਾ ਨਾਲ ਬਿਲਕੁਲ ਗੋਲ ਆਕਾਰ ਚੱਕਰ ਖਿੱਚੋ। ਇਸ ਤਰ੍ਹਾਂ ਸਾਡੇ ਕੋਲ 360 ਡਿਗਰੀ ਦਾ ਇੱਕ ਚੱਕਰ ਤਿਆਰ ਹੋ ਜਾਵੇਗਾ। ਇਸ 360 ਡਿਗਰੀ ਦੇ ਚੱਕਰ ਨੂੰ ਬਾਰਾਂ-ਬਾਰਾਂ ਡਿਗਰੀ ’ਤੇ ਵੰਡੋ ਜੋ ਬਾਰਾਂ-ਬਾਰਾਂ ਦੀਆਂ 30 ਡਿਗਰੀਆਂ ’ਚ ਵੰਡਿਆ ਜਾਵੇਗਾ। ਕਿਸੇ ਵੀ ਇੱਕ ਡਿਗਰੀ ’ਤੇ ਮੋਮਬੱਤੀ ਬਾਲ ਕੇ ਰੱਖ ਦਿਓ। ਜਿਸ ਨੂੰ ਅਸੀਂ ਸੂਰਜ ਮੰਨਾਂਗੇ, ਜੋ ਆਪਣੀ ਜਗ੍ਹਾ ’ਤੇ ਫਿਕਸ ਰਹੇਗਾ।

ਸੂਰਜ ਦੀ ਨਾਲ ਵਾਲੀ ਡਿਗਰੀ ’ਤੇ ਇੱਕ ਗੇਂਦ ਰੱਖੋ। ਜਿਸ ਨੂੰ ਅਸੀਂ ਚੰਦਰਮਾ ਮੰਨਣਾ ਹੈ। ਇਸ ਚੰਦਰਮਾ ਰੂਪ ਗੇਂਦ ਨੂੰ ਹਰ ਵਾਰ 12 ਡਿਗਰੀ ਅੱਗੇ ਕਰੋ, ਜੋ ਚੱਕਰ ਵਿੱਚ ਐਂਟੀ ਕਲਾਕ ਵਾਈਜ਼ ਅੱਗੇ ਰਿਸਕਾਉਣੀ ਹੈ ਅਤੇ ਚੰਦਰਮਾ (ਗੇਂਦ) ਉੱਪਰ ਪੈ ਰਹੀ ਰੌਸ਼ਨੀ ਅਤੇ ਹਨ੍ਹੇਰੇ ਨੂੰ ਧਿਆਨ ਨਾਲ ਦੇਖੋ। ਪਰ ਯਾਦ ਰਹੇ ਸਾਨੂੰ ਸਭ ਨੂੰ ਇਹ ਕਿਰਿਆ ਚੱਕਰ ਦੇ ਸੈਂਟਰ ਬਿੰਦੂ ਉੱਪਰ ਬੈਠ ਕੇ ਹੀ ਦੇਖਣੀ ਪਵੇਗੀ ।ਇਸ ਕਿਰਿਆ ਦੌਰਾਨ ਪਹਿਲੀ ਦੂਜੀ ਡਿਗਰੀ ਤੇ ਏਕਮ, ਦੂਜ ਦੇ ਚੰਦਰਮੇ ਜਿੰਨੀ ਰੌਸ਼ਨੀ ਸਾਨੂੰ ਗੇਂਦ (ਚੰਦਰਮੇ) ਉੱਪਰ ਪੈਂਦੀ ਨਜ਼ਰ ਆਵੇਗੀ ਜਿਵੇਂ- ਜਿਵੇਂ ਅੱਗੇ ਕਰਦੇ ਜਾਵਾਂਗੇ, ਰੌਸ਼ਨੀ ਗੇਂਦ (ਚੰਦਰਮੇ) ਉੱਪਰ ਵਧਦੀ ਜਾਵੇਗੀ। ਗੇਂਦ (ਚੰਦਰਮੇ) ਦੇ 90 ਡਿਗਰੀ ਦਾ ਜਾਂ ਕਹਿ ਲਵੋ 25% ਚੱਕਰ ਪੂਰਾ ਕਰਨ ’ਤੇ ਅੱਧਾ ਚੰਦਰਮਾ ਸਾਨੂੰ ਦਿਖਾਈ ਦੇਵੇਗਾ।

ਇਸੇ ਤਰ੍ਹਾਂ ਅੱਗੇ ਵਧਾਂਗੇ ਅਤੇ 180 ਡਿਗਰੀ ਜਾਂ 50% ਚੱਕਰ ਪੂਰਾ ਕਰਕੇ ਅਸੀਂ ਪੂਰਨਮਾਸ਼ੀ ਦਾ ਚੰਦਰਮਾ ਦੇਖਾਂਗੇ। ਜਿੱਥੇ ਗੇਂਦ (ਚੰਦਰਮਾ) ਅਤੇ ਮੋਮਬੱਤੀ (ਸੂਰਜ) ਬਿਲਕੁਲ ਆਹਮੋ-ਸਾਹਮਣੇ ਅਤੇ ਸੂਰਜ (ਮੋਮਬੱਤੀ) ਦੀ ਪੂਰੀ ਰੌਸ਼ਨੀ ਚੰਦਰਮਾ ’ਤੇ ਸਿੱਧੀ ਪਵੇਗੀ। ਪਰ ਅਜਿਹੀਆਂ ਕਈ ਸਥਿਤੀਆਂ ’ਚ ਚੰਦਰ ਗ੍ਰਹਿਣ ਵੀ ਲੱਗ ਜਾਂਦਾ ਹੈ। ਕਿਉਂਕਿ ਧਰਤੀ ਸੂਰਜ ਦੀ ਰੌਸ਼ਨੀ ਨੂੰ ਘੇਰ ਲੈਂਦੀ ਹੈ। ਜਿਸ ਦੌਰਾਨ ਧਰਤੀ ਦਾ ਗੋਲ ਪਰਛਾਵਾਂ ਚੰਦ ਉੱਪਰ ਪੈਂਦਾ ਹੈ ਅਤੇ ਚੰਦਰਮਾ ਦਿਸਣੋ ਬੰਦ ਹੋ ਜਾਂਦਾ ਹੈ। ਅਜਿਹਾ ਹਰ ਵਾਰ ਨਹੀਂ ਹੁੰਦਾ, ਸਾਲ ਦੇ ਕਿਸੇ ਖ਼ਾਸ ਸਮੇਂ ਹੀ ਚੰਦਰ ਗ੍ਰਹਿਣ ਲੱਗਦਾ ਹੈ।

ਪਰ ਯਾਦ ਰਹੇ ਪੂਰਨਮਾਸ਼ੀ ਦਾ ਪੂਰਾ ਚੰਦਰਮਾ ਦੇਖਣ ਲਈ ਸਾਨੂੰ ਚੱਕਰ ਦੇ ਸੈਂਟਰ ਪੁਆਇੰਟ ਤੋਂ ਥੋੜ੍ਹਾ ਪਰੇ ਹਟ ਕੇ ਦੇਖਣਾ ਪਵੇਗਾ, ਤਾਂ ਕਿ ਸਾਡਾ ਪਰਛਾਵਾਂ ਚੰਦਰਮਾ (ਗੇਂਦ) ਉੱਪਰ ਨਾ ਪਵੇ। ਹੋਰ ਅੱਗੇ ਵਧਣ ’ਤੇ ਗੇਂਦ (ਚੰਦਰਮੇ) ਦੇ ਉੱਪਰਲੇ ਪਾਸਿਉਂ ਛਾਇਆ ਪੈਣੀ ਸ਼ੁਰੂ ਹੋ ਜਾਵੇਗੀ ਅਤੇ ਅੱਗੇ-ਅੱਗੇ ਕਰਨ ’ਤੇ ਚੰਦਰਮਾ ਘਟਣਾ ਸ਼ੁਰੂ ਹੋ ਜਾਵੇਗਾ। 270 ਡਿਗਰੀ ’ਤੇ ਜਾਂ ਕਹਿ ਲਵੋ 75% ਚੱਕਰ ਪੂਰਾ ਕਰਨ ’ਤੇ ਚੰਦਰਮਾ ਇੱਕ ਵਾਰ ਫਿਰ ਅੱਧਾ ਰਹਿ ਜਾਵੇਗਾ ਇਸ ਤੋਂ ਬਾਅਦ ਚੰਦਰਮਾ (ਗੇਂਦ) ਸੂਰਜ ਦੇ ਨੇੜੇ ਜਾਂਦਾ-ਜਾਂਦਾ ਆਪਣੇ ਦਿਨੇ ਪੂਰੀ ਹੋਣ ਵਾਲੀ ਯਾਤਰਾ ਵਿੱਚ ਪੈਰ ਰੱਖ ਜਾਂਦਾ ਹੈ ਤੇ ਸੂਰਜ ਦੇ ਨਾਲ ਉਦੇ ਹੋਣ ਅਤੇ ਨਾਲ ਹੀ ਛਿਪਣ ਲੱਗ ਜਾਂਦਾ ਹੈ।

360 ਡਿਗਰੀ ਜਾਂ ਕਹਿ ਲਓ100% ਚੱਕਰ ਪੂਰਾ ਹੋਣ ’ਤੇ ਚੰਦਰਮਾ ਸੂਰਜ ਦੇ ਨਾਲ-ਨਾਲ ਦਿਨੇ ਹੀ ਲੰਘ ਜਾਂਦਾ ਹੈ। ਜਿਸਦੇ ਨਤੀਜੇ ਵਜੋਂ ਉਸ ਦਿਨ ਸਾਰੀ ਰਾਤ ਸਾਨੂੰ ਚੰਦਰਮਾ ਨਜ਼ਰ ਨਹੀਂ ਆਉਂਦਾ। ਜਿਸ ਨੂੰ ਅਸੀਂ ‘ਮੱਸਿਆ ਦੀ ਰਾਤ’ ਕਹਿੰਦੇ ਹਾਂ। ਅੱਗੇ ਫਿਰ ਇਹੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਅਗਲੇ ਦਿਨ ਸੂਰਜ ਤੋਂ ਚੰਦਰਮਾ ਪਿੱਛੇ ਰਹਿ ਕੇ ਸ਼ਾਮ ਦੇ ਸਮੇਂ ਥੋੜ੍ਹਾ ਦਿਖਾਈ ਦਿੰਦਾ ਹੈ। ਫਿਰ ਇਸ ਤੋਂ ਅੱਗੇ ਵਧਦਾ ਜਾਂਦਾ ਹੈ ਤੇ ਇਹੀ ਚੱਕਰ ਪੂਰਾ ਕਰਕੇ ਫਿਰ ਖ਼ਤਮ ਹੋ ਜਾਂਦਾ ਹੈ ।

ਉਪਰੋਕਤ ਕਿਰਿਆ ਦੌਰਾਨ ਅਸੀਂ ਸਮਝ ਗਏ ਹਾਂ, ਕਿ ਚੰਦਰਮਾ ਧਰਤੀ ਦੁਆਲੇ ਚੱਕਰ ਕੱਟਦਾ ਹੈ। ਪਰ ਸੂਰਜ ਇੱਕੋ ਜਗ੍ਹਾ ਖੜ੍ਹਾ ਹੈ। ਸੂਰਜ ਦੀ ਰੌਸ਼ਨੀ ਨਾਲ ਚੰਦਰਮਾ ਵੱਖ-ਵੱਖ ਸਮੇਂ ਤੇ ਵੱਖ-ਵੱਖ ਆਕਾਰ ਪ੍ਰਾਪਤ ਕਰਦਾ ਹੈ। ਇਸ ਪ੍ਰਯੋਗ ਰਾਹੀਂ ਸਾਨੂੰ ਪਤਾ ਲੱਗਾ ਹੈ, ਕਿ ਅਸੀਂ ਚੱਕਰ ਦੇ ਸੈਂਟਰ ਵਿੱਚ ਬੈਠੇ ਧਰਤੀ ਆਪਣੇ-ਆਪ ਨੂੰ ਮੰਨਦੇ ਹਾਂ ਤੇ ਗੇਂਦ ਰੂਪ ਚੰਦਰਮੇ ਨੂੰ ਆਪਣੇ ਦੁਆਲੇ ਘੁੰਮਾਉਂਦੇ ਹਾਂ। ਜੋ ਸੂਰਜ ਦੀ ਰੌਸ਼ਨੀ ਨਾਲ ਸਾਨੂੰ ਵੱਖ-ਵੱਖ ਅਕਾਰਾਂ ਵਿੱਚ ਦਿਖਾਈ ਦਿੰਦਾ ਹੈ। ਇਸੇ ਨੂੰ ਹੀ ਚੰਦਰਮੇ ਦਾ ਵਧਣਾ- ਘਟਣਾ ਜਾਂ ਖਤਮ ਹੋਣਾ ਕਹਿੰਦੇ ਹਨ ।
ਪ੍ਰਗਟ ਸਿੰਘ ਮਹਿਤਾ,
ਧਰਮਗੜ੍ਹ, ਸੰਗਰੂਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ