ਪੁਲਿਸ ਨੇ ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਪਿੰਡ ‘ਚ ਘੁਮਾ ਕੀਤਾ ਬੇਇੱਜ਼ਤ

ਘਟਨਾ ਹੋਈ ਸੀਸੀਟੀਵੀ ਕੈਮਰੇ ‘ਚ ਕੈਦ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼) ਜ਼ਿਲ੍ਹੇ ਦੇ ਪਿੰਡ ਸ਼ਹਿਜ਼ਾਦਾ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਕ੍ਰਾਈਮ ਵਿੰਗ ਅੰਮ੍ਰਿਤਸਰ ਦੀ ਟੀਮ ਵੱਲੋਂ ਉਕਤ ਵਿਅਕਤੀ ਦੇ ਘਰ ਨਾ ਹੋਣ ‘ਤੇ ਘਰ ਦੀ ਔਰਤ ਨੂੰ ਚੁੱਕ ਕੇ ਜੀਪ ਦੀ ਛੱਤ ‘ਤੇ ਜ਼ਬਰਦਸਤੀ ਬਿਠਾ ਸਾਰੇ ਪਿੰਡ ‘ਚ ਘੁਮਾ ਕੇ ਬੇਇੱਜ਼ਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੀੜਤ ਔਰਤ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ 22 ਸਤੰਬਰ ਨੂੰ ਪੁਲਿਸ ਦੀਆਂ ਗੱਡੀਆਂ ਉਸ ਦੇ ਬੇਕਸੂਰ ਪਤੀ ਨੂੰ ਜ਼ਬਰਦਸਤੀ ਚੁੱਕਣ ਲਈ ਘਰ ‘ਚ ਦਾਖ਼ਲ ਹੋ ਗਈਆਂ, ਇਸ ਦਾ ਵਿਰੋਧ ਕੀਤਾ ਗਿਆ ਤਾਂ ਪੁਲਿਸ ਨੇ ਘਰ ਦੀਆਂ ਔਰਤਾਂ ਦੀ ਵੀ ਕੁੱਟਮਾਰ ਕੀਤੀ ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਵੀ ਦਿੱਤੀ ਗਈ ਪਰ ਬੀਤੇ ਦਿਨ ਫਿਰ ਕ੍ਰਾਈਮ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ‘ਚ ਜ਼ਬਰਦਸਤੀ ਦਾਖ਼ਲ ਹੋ ਗਈ।

ਪਰਿਵਾਰ ਨੇ ਉਨ੍ਹਾਂ ਦੇ ਘਰ ‘ਚ ਆਉਣ ਦਾ ਕਾਰਨ ਪੁੱਛਿਆ ਤਾਂ ਬਿਨਾ ਮਹਿਲਾ ਮੁਲਾਜ਼ਮਾਂ ਦੇ ਆਈ ਪੁਲਿਸ ਪਾਰਟੀ ਨੇ ਜਸਵਿੰਦਰ ਕੌਰ ਨੂੰ ਫੜ ਲਿਆ ਜਸਵਿੰਦਰ ਕੌਰ ਨੇ ਦੱਸਿਆ ਕਿ ਘਰ ‘ਚ ਕੋਈ ਮਰਦ ਮੈਂਬਰ ਨਾ ਹੋਣ ਕਰਕੇ ਉਕਤ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਸਰਕਾਰੀ ਜੀਪ ਦੀ ਛੱਤ ‘ਤੇ ਜ਼ਬਰਦਸਤੀ ਬਿਠਾ ਦਿੱਤਾ ਤੇ ਸਾਰੇ ਪਿੰਡ ‘ਚ ਘੁੰਮਾਇਆ ਪੁਲਿਸ ਦੀ ਇਹ ਹਰਕਤ ਦੇਖ ਕੇ ਸਾਰਾ ਪਿੰਡ ਇਕੱਠਾ ਹੋਣ ਲੱਗਾ ਤੇ ਪੁਲਿਸ ਨੇ ਜੀਪ ਕਸਬਾ ਚਵਿੰਡਾ ਦੇਵੀ ਨੂੰ ਭਜਾ ਲਈ ਉਸ ਨੇ ਦੱਸਿਆ ਕਿ ਚਵਿੰਡਾ ਦੇਵੀ ਬਾਈਪਾਸ ਮੋੜ ‘ਤੇ ਜੀਪ ਨੂੰ ਤੇਜ਼ ਮੋੜ ਕੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦਾ ਗੁੱਟ ਟੁੱਟ ਗਿਆ ਤੇ ਹੋਰ ਥਾਈਂ ਸੱਟਾਂ ਵੀ ਲੱਗੀਆਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕੋਈ ਇਨਸਾਫ਼ ਨਾ ਮਿਲਿਆ ਤਾਂ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਘਿਰਾਓ ਕਰਨਗੇ ਘਟਨਾ ਦਾ ਪਤਾ ਲੱਗਣ ‘ਤੇ ਮਜੀਠਾ ਡੀਐਸਪੀ ਨਿਰਲੇਪ ਸਿੰਘ ਤੇ ਕੱਥੂਨੰਗਲ ਦੇ ਥਾਣਾ ਮੁਖੀ ਹਰਪ੍ਰੀਤ ਸਿੰਘ ਜਸਵਿੰਦਰ ਕੌਰ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਜਾਣਿਆ ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਜ਼ਖਮੀ ਔਰਤ ਦੀ ਮੈਡੀਕਲ ਰਿਪੋਰਟ ਆਉਣ ‘ਤੇ ਮਾਮਲਾ ਦਰਜ ਕੀਤਾ ਜਾਵੇਗਾ।