ਖੂੰਜੇ ਵਿੱਚ ਉੱਗਿਆ ਬੂਟਾ

Plant

ਗਮਲਿਆਂ ਵਿੱਚ ਆਪਣੇ ਹੱਥੀਂ ਲਾਏ ਬੂਟਿਆਂ ਨੂੰ ਬੜਾ ਪਿਆਰ ਕਰਨ ਵਾਲੇ ਦੇ ਵਿਹੜੇ ਦੀ ਇੱਕ ਹੌਦੀ, ਜਿਹੜੀ ਗਮਲਿਆਂ ਦੇ ਨੇੜੇ ਹੀ ਸੀ, ਉੱਪਰ ਪਏ ਪੱਥਰ (ਜਿਹੜਾ ਲੋੜ ਪੈਣ ’ਤੇ ਚੁੱਕਿਆ ਜਾ ਸਕਦਾ ਸੀ) ਦੇ ਇੱਕ ਖੂੰਜੇ ਦੀ ਵਿਰਲ ਵਿੱਚ ਇੱਕ ਬੂਟਾ ਉੱਗ ਆਇਆ। ਨਿੱਕੇ ਹੁੰਦਿਆਂ ਹੀ ਇਹ ਬੂਟਾ ਬੜਾ ਨਰੋਆ, ਜੀਵਨ-ਰਸ ਦਾ ਭਰਿਆ, ਸੋਹਣੀਆਂ ਹਰੀਆਂ ਕਚੂਰ ਪੱਤੀਆਂ ਵਾਲਾ ਸੀ। ਗਮਲਿਆਂ ਵਿੱਚ ਲੱਗੇ ਬੂਟੇ ਵੀ ਉਹਦੀ ਆਭਾ ਸਾਹਵੇਂ ਹੌਲ਼ੇ ਜਿਹੇ ਪ੍ਰਤੀਤ ਹੁੰਦੇ ਭਾਵੇਂ ਉਨ੍ਹਾਂ ਨੂੰ ਰੋਜ਼ਾਨਾ ਸਿੰਜਿਆ ਜਾਂਦਾ ਸੀ ਤੇ ਉਨ੍ਹਾਂ ਦੀ ਕਾਂਟ-ਛਾਂਟ, ਸਫ਼ਾਈ ਅਤੇ ਖਾਦ ਦਾ ਢੱੁਕਵਾਂ ਪ੍ਰਬੰਧ ਰੱਖਿਆ ਜਾਂਦਾ ਸੀ। (Plant)

ਪਰ ਇਹ ਬੂਟਾ, ਕਿਉਂਕਿ ਗਮਲਿਆਂ ਦੇ ਬੂਟਿਆਂ ਨੂੰ ਪਿਆਰ ਕਰਨ ਵਾਲੇ ਨੇ ਆਪਣੇ ਹੱਥੀਂ ਨਹੀਂ ਸੀ ਲਾਇਆ, ਦੂਸਰਾ ਉਸਦੇ ਲਾਏ ਬੂਟੇ ਇਸ ਬੂਟੇ ਦੀ ਸ਼ਾਨ ਸਾਹਵੇਂ ਫਿੱਕੇ ਲੱਗਦੇ ਸਨ; ਉਸ ਨੂੰ ਇਸ ਬੂਟੇ ਨਾਲ ਈਰਖਾ ਜਿਹੀ ਹੋਣ ਲੱਗੀ। ਪਹਿਲਾਂ ਤਾਂ ਉਹ ਇਸ ਬੂਟੇ ਨੂੰ ਪੁੱਟ ਹੀ ਦੇਣ ਲੱਗਾ ਸੀ ਪਰ ਓਸੇ ਵੇਲ਼ੇ, ਉਸ ਦੇ ਮਨ ਵਿੱਚ ਫੁਰਨਾ ਆਇਆ ਕਿ ਇਸ ਨੂੰ ਮੁੱਖ ਰੱਖ ਕੇ ਉਹ ਆਪਣੇ ਬੂਟਿਆਂ ਨੂੰ ਇਸ ਨਾਲੋਂ ਕਿਤੇ ਸੁੰਦਰ ਤੇ ਸੋਹਣੇ ਬਣਾਵੇਗਾ। ਉਹ ਇਸ ਬੂਟੇ ਨੂੰ ਇਸ ਦੀ ਫਿੱਕਤਾ ਤੇ ਬੇ-ਨੂਰੀ ਦਾ ਅਹਿਸਾਸ ਕਰਵਾ ਕੇ ਛੱਡੇਗਾ। ਪੁੱਟੇਗਾ ਨਹੀਂ ਇਹਨੂੰ; ਇਹ, ਉਸ ਦੇ ਸੋਹਣੇ-ਸੁੰਦਰ ਬੂਟਿਆਂ ਨੂੰ ਵੇਖ-ਵੇਖ ਕੇ ਆਪਣੇ ਅੰਦਰਲੇ ਸਾੜੇ ਨਾਲ ਖ਼ੁਦ-ਬ-ਖ਼ੁਦ ਸੜ-ਸੜ ਕੇ ਸੁੱਕੇਗਾ। ਓਦੋਂ ਤੋਂ ਹੀ ਉਸ ਨੇ ਆਪਣੇ ਬੂਟਿਆਂ ਦਾ ਖ਼ਾਸ ਖ਼ਿਆਲ ਰੱਖਣਾ ਸ਼ੁਰੂ ਕਰ ਦਿੱਤਾ।

Also Read : ਮਿਠੀਬਾਈ ਦਾ ਸ਼ਿਤਿਜ ਕਾਰਨੀਵਲ 3.0 ਯਾਦਗਾਰੀ ਹੋ ਨਿਬੜਿਆ

ਹਰ ਵੇਲ਼ੇ ਉਨ੍ਹਾਂ ਦਾ ਹੀ ਧਿਆਨ। ਪਾਣੀ ਕਈ ਵਾਰ ਵਿੱਤੋਂ ਵੱਧ ਦੇ ਹੋ ਜਾਣਾ। ਕਦੇ ਖਾਦ, ਬਿਨਾ ਲੋੜ ਤੋਂ ਹੀ ਪਾ ਦੇਣੀ। ਪਰ ਪੱਥਰ ਦੇ ਖੂੰਜੇ ਵਿੱਚ ਉੱਗੇ ਬੂਟੇ ਨੂੰ ਪਾਣੀ ਦਾ ਛੱਟਾ ਵੀ ਇਸ ਕਦੇ ਨਹੀਂ ਸੀ ਦਿੱਤਾ। ਉਲਟਾ ਈਰਖਾ ਕਈ ਵਾਰ ਇਸ ਹੱਦ ਤੱਕ ਵੀ ਅੱਪੜ ਜਾਂਦੀ ਕਿ ਵਿਹੜੇ ਵਿੱਚ ਫਿਰਦੇ ਆਪਣੇ ਪੰਜ ਕੁ ਸਾਲ ਦੇ ਪੁੱਤ ਨੂੰ ਕਈ ਵਾਰ ਇਸ ਬੂਟੇ ਉੱਪਰ ਪਿਸ਼ਾਬ ਕਰਨ ਲਈ ਕਹਿਣਾ। ਬੂਟਾ ਪਰ ਸੋਹਣਾ ਮੌਲਦਾ ਗਿਆ ਤੇ ਹੁਣ ਇਸ ਨੂੰ ਗੁਲਾਬੀ ਰੰਗ ਦੇ ਛੇ-ਛੇ ਪੱਤੀਆਂ ਵਾਲੇ, ਨਿੱਕੇ-ਨਿੱਕੇ ਜਾਂਗਲੀ ਜਿਹੇ ਫੁੱਲ ਲੱਗਣ ਲੱਗ ਪਏ। ਓਧਰ ਲੋੜ ਤੋਂ ਵੱਧ ਧਿਆਨ ਦਿੱਤਿਆਂ ਹੋ ਗਈਆਂ ਬੇ-ਧਿਆਨੀਆਂ ਕਾਰਨ ਉਸ ਦੇ ਆਪਣੇ ਬੂਟਿਆਂ ਦਾ ਪਹਿਲਾ ਖੇੜਾ ਵੀ ਜਾਂਦਾ ਰਿਹਾ।

Also Read : ਅਮਨ ਅਮਾਨ ਲਈ ਹੰਭਲਾ

ਕਿਤੇ-ਕਿਤੇ, ਵਿਰਲੇ-ਵਿਰਲੇ ਬੂਟੇ ਨੂੰ ਹੀ ਹੁਣ ਫੁੱਲ ਸਨ। ਕਈ ਬੂਟੇ ਤਾਂ ਸੁੱਕਿਆਂ ਵਰਗੇ ਹੀ ਹੋ ਗਏ ਸਨ। ਇੱਕ ਦਿਨ ਇਨ੍ਹਾਂ ਦੇ ਗੁਆਂਢ ਇਲਾਕੇ ਵਿੱਚ ਬੜੇ ਸਤਿਕਾਰੇ ਜਾਂਦੇ ਮਹਾਂਪੁਰਖ ਆਏ। ਇਸ ਨੇ ਵੀ ਉੱਥੇ ਗਏ ਹੋਏ ਨੇ ਮਹਾਂਪੁਰਖਾਂ ਨੂੰ ਇਨ੍ਹਾਂ ਦੇ ਘਰ ਚਰਨ ਪਾਉਣ ਹਿੱਤ ਬੇਨਤੀ ਕੀਤੀ। ਉਸ ਘਰੋਂ ਵਿਹਲੇ ਹੋ ਕੇ ਮਹਾਂਪੁਰਖ ਇਨ੍ਹਾਂ ਦੇ ਘਰ ਵਲ ਆਏ। ਗੇਟ ’ਤੇ, ਪੂਰੇ ਪਰਿਵਾਰ ਨੇ ਉਨ੍ਹਾਂ ਦਾ ਭਰਪੂਰ ਸੁਆਗਤ ਕੀਤਾ। ਜਦ ਉਹ ਅੰਦਰ ਆਏ ਤਾਂ ਗੇਟ ਤੇ ਅੰਦਰਵਾਰ ਖੱਬੇ ਪਾਸੇ ਰੱਖੇ ਗਮਲਿਆਂ ਵੱਲ ਤੱਕ ਕੇ, ਪਹਿਲਾਂ, ਓਧਰ ਕੁਦਰਤ ਵੱਲ ਨੂੰ ਹੀ ਹੋ ਤੁਰੇ। ਪਰਿਵਾਰ ਮਹਾਂਪੁਰਖਾਂ ਦੇ ਮਗਰ-ਮਗਰ ਸੀ ਤੇ ਆਪ ਇਹ ਉਨ੍ਹਾਂ ਦੇ ਸੱਜੇ ਹੱਥ, ਥੋੜ੍ਹਾ ਪਿੱਛੇ ਹੋ ਤੁਰ ਰਿਹਾ ਸੀ।

ਮਹਾਂਪੁਰਖਾਂ ਨੇ ਬੂਟੇ ਨਿਹਾਰੇ ਤੇ ਅੱਗੇ ਤੁਰਦੇ ਗਏ। ਹੋਰ ਅਗਾਂਹ ਆਇਆਂ ਉਨ੍ਹਾਂ ਦਾ ਧਿਆਨ ਉਸ, ਪੱਥਰ ਦੇ ਖੂੰਜੇ ਵਿੱਚ ਸੋਹਣੇ ਖਿੜੇ ਬੂਟੇ ’ਤੇ ਪਿਆ। ਆਖਣ ਲੱਗੇ, ‘‘ਬਈ ਇਹ ਬੂਟਾ ਬੜਾ ਸੋਹਣਾ ਐ।’’ ‘‘ਮ੍ਹਾਰਾਜ ਜੀ! ਇਹਦੀ ਦੇਖ-ਭਾਲ ਗਮਲਿਆਂ ਵਿੱਚ ਉੱਗੇ ਬੂਟਿਆਂ ਨਾਲੋਂ ਜ਼ਿਆਦਾ ਕਰੀਦੀ ਆ ਜੀ। ਉਨ੍ਹਾਂ ਨੂੰ ਤਾਂ ਕਿਉਂਕਿ ਪਾਣੀ ਵੀ ਸੌਖਾ ਪੈ ਜਾਂਦਾ। ਇਹਦੀਆਂ ਜੜ੍ਹਾਂ ਤੱਕ ਤਾਂ ਬੜੇ ਢੰਗ ਨਾਲ ਪਾਣੀ ਪਹੁੰਚਦਾ ਕਰੀਦਾ ਜੀ। ਖਾਦ ਵੀ ਪਾਣੀ ਵਿੱਚ ਘੋਲ ਕੇ, ਕਈ ਵਾਰ, ਇਹਦੀਆਂ ਜੜ੍ਹਾਂ ਤੱਕ ਪਹੁੰਚਦੀ ਕਰੀਦੀ ਆ, ਮ੍ਹਾਰਾਜ ਜੀ!’’ ਬੜੇ ਸਲੀਕੇ ਨਾਲ ਇਸ ਨੇ ਦੱਸਿਆ।ਗੱਲ ਸੁਣਦਾ, ਖੂੰਜੇ ਵਿੱਚ ਉੱਗਿਆ ਬੂਟਾ, ਸਾਫ਼ ਨੀਲੇ ਅਸਮਾਨ ਵਿੱਚ ਚਮਕਦੇ ਸੂਰਜ ਵੱਲ ਵੇਖ ਕੇ ਹੱਸ ਪਿਆ।

ਡਾ. ਬਲਵੀਰ ਮੰਨਣ
ਮੋ. 94173-45485