ਮਹਿੰਦਰਪਾਲ ਬਿੱਟੂ ਦੇ ਕਤਲ ਦਾ ਹੋਏਗਾ ਪਰਦਾਫ਼ਾਸ, ਏਡੀਜੀਪੀ ਪੱਧਰ ਦੇ ਅਧਿਕਾਰ ਕਰਨਗੇ ਜਾਂਚ, ਹਾਈ ਕੋਰਟ ਦੇ ਆਦੇਸ਼ ਜਾਰੀ

Mohinder Pal Bittu

ਐਸ.ਐਸ.ਪੀ. ਰੈਂਕ ਤੋਂ ਘੱਟ ਨਹੀਂ ਹੋਣਗੇ ਟੀਮ ’ਚ ਮੈਂਬਰ, ਕਤਲ ’ਚ ਲੀਡਰਾਂ ਤੋਂ ਲੈ ਕੇ ਪੁਲਿਸ ਅਧਿਕਾਰੀਆਂ ਦੇ ਸ਼ਾਮਲ ਹੋਣ ਦੇ ਦੋਸ਼

  •  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਦੇਸ਼ ਜਾਰੀ, ਪੁਰਾਣੀ ਜਾਂਚ ਟੀਮ ਨੂੰ ਕੀਤਾ ਗਿਆ ਖ਼ਾਰਜ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਜਲਦ ਹੀ ਪਰਦਾਫ਼ਾਸ ਹੋਏਗਾ ਕਿ ਆਖਰਕਾਰ ਉਨ੍ਹਾਂ ਦੇ ਕਤਲ ਕਰਨ ਦੀ ਸਾਜ਼ਿਸ਼ ਨੂੰ ਕਿਹੜੇ ਸਿਆਸੀ ਲੀਡਰ ਦੇ ਕਹਿਣ ’ਤੇ ਕਿਹੜੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਾਤਲਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਏਡੀਜੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਐਸਐਸਪੀ ਰੈਂਕ ਦੇ ਅਧਿਕਾਰੀ ਦੀ ਟੀਮ ਗਠਿਤ ਕੀਤੀ ਜਾਏਗੀ, ਜਿਹੜਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਂਦੇ ਹੋਏ ਸਾਰੀ ਸਾਜ਼ਿਸ਼ ਦਾ ਪਤਾ ਕਰੇਗੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਵਿੱਚ ਆਦੇਸ਼ ਜਾਰੀ ਕਰਦੇ ਹੋਏ ਜਲਦ ਹੀ ਪੰਜਾਬ ਸਰਕਾਰ ਨੂੰ ਸਪੈਸ਼ਲ ਜਾਂਚ ਟੀਮ ਦੇ ਗਠਨ ਲਈ ਕਿਹਾ ਹੈ। ਹਾਈਕੋਰਟ ਮਾਮਲੇ ਦੀ ਪਹਿਲਾਂ ਜਾਂਚ ਕਰ ਰਹੀ ਕੇਸਰ ਸਿੰਘ, ਐਸ.ਪੀ. ਦੀ ਅਗਵਾਈ ਵਾਲੀ ਜਾਂਚ ਟੀਮ ਨੂੰ ਰੱਦ ਕਰ ਦਿੱਤਾ ਗਿਆ ਹੈ। ਮਹਿੰਦਰਪਾਲ ਬਿੱਟੂ ਕਤਲ ਮਾਮਲੇ ਵਿੱਚ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੈਰਵੀਂ ਕਰ ਰਹੇ ਸੀਨੀਅਰ ਵਕੀਲ ਬਲਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਨੂੰ ਸੀਬੀਆਈ ਨੂੰ ਦੇਣ ਦੀ ਥਾਂ ’ਤੇ ਏਡੀਜੀਪੀ ਰੈਂਕ ਦੇ ਅਧਿਕਾਰੀ ਹੇਠ ਸਪੈਸ਼ਲ ਜਾਂਚ ਟੀਮ ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਹੈ।

ਇਸ ਜਾਂਚ ਟੀਮ ਵਿੱਚ ਕੋਈ ਵੀ ਮੈਂਬਰ ਐਸਐਸਪੀ ਰੈਂਕ ਤੋਂ ਘੱਟ ਨਹੀਂ ਹੋਏਗਾ ਅਤੇ ਜਾਂਚ ਨੂੰ ਜਲਦ ਹੀ ਸ਼ੁਰੂ ਵੀ ਕਰਨਾ ਹੋਵੇਗਾ। ਬਲਤੇਜ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ ਵਿੱਚ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਵੱਲੋਂ ਇਸ ਕਤਲ ਨੂੰ ਸਾਜ਼ਿਸ਼ ਕਰਾਰ ਦਿੰਦੇ ਹੋਏ ਸਿਆਸੀ ਲੀਡਰਾਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਹੋਈ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦੀ ਥਾਂ ’ਤੇ ਪੰਜਾਬ ਪੁਲਿਸ ਵੱਲੋਂ ਪਹਿਲਾਂ ਜਾਂਚ ਸ਼ੁਰੂ ਨਹੀਂ ਕਰਵਾਈ ਗਈ ਅਤੇ ਬਾਅਦ ਵਿੱਚ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਜਾਂਚ ਟੀਮ ਗਠਨ ਕਰ ਦਿੱਤਾ ਗਿਆ ਸੀ। ਇਸ ਸਾਰੇ ਮਾਮਲੇ ਦਾ ਹਾਈਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਕਿ ਮਹਿੰਦਰਪਾਲ ਬਿੱਟੂ ਦਾ ਕਤਲ ਕਰਵਾਉਣ ਵਾਲੇ ਸਾਜ਼ਿਸਕਰਤਾ ਨੂੰ ਵੀ ਸਜ਼ਾ ਮਿਲ ਸਕੇ।

ਪਰਿਵਾਰ ਨੂੰ ਬੱਝੀ ਇਨਸਾਫ ਦੀ ਉਮੀਦ

ਲੰਬੀ ਸੁਣਵਾਈ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਵਿੱਚ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇੱਥੇ ਹੀ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵਕੀਲ ਕੇਵਲ ਸਿੰਘ ਬਰਾੜ ਨੇ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਨਾਲ ਪਰਿਵਾਰ ਨੂੰ ਆਸ ਬੱਝੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਵੀਂ ਟੀਮ ਸਾਜ਼ਿਸ਼ ਦਾ ਪਰਦਾਫ਼ਾਸ ਕਰਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਵੇਂ ਪਰਿਵਾਰ ਵੱਲੋਂ ਸੀਬੀਆਈ ਦੀ ਜਾਂਚ ਮੰਗੀ ਗਈ ਸੀ ਪਰ ਹੁਣ ਏਡੀਜੀਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿੱਚ ਹੋਣ ਵਾਲੀ ਜਾਂਚ ਤੋਂ ਵੀ ਉਨ੍ਹਾਂ ਨੂੰ ਆਸ ਹੈ ਕਿ ਇਸ ਮਾਮਲੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਜਾਏਗਾ।

ਕੀ ਹੈ ਮਾਮਲਾ

ਜਿਕਰਯੋਗ ਹੈ ਕਿ 29 ਜੂਨ 2019 ਨੂੰ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ’ਚ ਕਤਲ ਹੋ ਗਿਆ ਸੀ ਬਿੱਟੂ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲੇ ਉਸ ਦੇ ਕੱਪੜਿਆਂ ’ਚੋਂ ਬਿੱਟੂ ਵੱਲੋਂ ਲਿਖੀ ਗਈ ਡਾਇਰੀ ਮਿਲੀ ਸੀ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਹਿਰਾਸਤ ਦੌਰਾਨ ਕਈ ਪੁਲਿਸ ਅਫਸਰਾਂ ਨੇ ਉਸਨੂੰ ਮਰਵਾਉਣ ਦੀ ਧਮਕੀ ਦਿੱਤੀ ਸੀ ਬਿੱਟੂ ਨੇ ਇਹ ਵੀ ਦੋਸ਼ ਲਾਇਆ ਸੀ ਕਿ ਪੁਲਿਸ ਅਫਸਰਾਂ ਨੇ ਉਸ ’ਤੇ ਤਸ਼ੱਦਦ ਕਰਵਾ ਕੇ ਬੇਅਦਬੀ ਮਾਮਲੇ ’ਚ ਜਬਰੀ ਇਕਬਾਲੀਆ ਬਿਆਨ ਲਿਖਵਾਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ