ਰਾਮਾਂ ਰਿਫਾਇਨਰੀ ’ਚੋਂ ਨਿੱਕਲਦੀ ਉੱਚੀ ਲਾਟ ਨੇ ਲੋਕ ਖੇਤਾਂ ਨੂੰ ਭਜਾਏ

Ram Refinery
ਰਾਮਾਂ ਰਿਫਾਇਨਰੀ ’ਚੋਂ ਦਿਨ ਵੇਲੇ ਨਿੱਕਲਦੀ ਅੱਗ ਦੀ ਨੇੜੇ ਤੋਂ ਲਈ ਗਈ ਫੋਟੋ

ਅਸਮਾਨ ਨੂੰ ਛੂੰਹਦੀ ਲਾਟ ਨੇ ਪਾਏ ਕਣਕ ਨੂੰ ਅੱਗ ਲੱਗਣ ਦੇ ਭੁਲੇਖੇ

ਬਠਿੰਡਾ (ਸੁਖਜੀਤ ਮਾਨ)
ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਦੀ ਇੱਕ ਉੱਚੀ ਚਿਮਨੀ ’ਚੋਂ ਨਿੱਕਲਦੀ ਅੱਗ ਦੀ ਲਾਟ ਨੇ ਲੋਕਾਂ ਨੂੰ ਅੱਜ ਕਾਫੀ ਭੰਬਲਭੂਸੇ ’ਚ ਪਾਈ ਰੱਖਿਆ। ਦੇਰ ਸ਼ਾਮ ਜਦੋਂ ਸੂਰਜ ਛਿਪ ਗਿਆ ਤਾਂ ਅੱਗ ਦੀ ਲਾਟ ਦੂਰ-ਦੂਰ ਤੱਕ ਦਿਖਾਈ ਦੇਣ ਲੱਗੀ ਜਿਸ ਕਾਰਨ ਪਿੰਡਾਂ ’ਚ ਦੂਰੋਂ ਇਹ ਲੱਗਣ ਲੱਗਿਆ ਕਿ ਕਣਕ ਨੂੰ ਅੱਗ ਲੱਗ ਗਈ, ਉਸਦਾ ਭਾਂਬੜ ਉੱਠਿਆ ਹੋਇਆ ਹੈ। ਇੱਕ-ਦੂਜੇ ਦੇ ਪਿੰਡਾਂ ’ਚੋਂ ਲੋਕ ਫੋਨ ਕਰਕੇ ਅੱਗ ਬਾਰੇ ਪੁੱਛਣ ਲੱਗੇ ।

Rama Refinery
ਰਾਮਾਂ ਰਿਫਾਇਨਰੀ ’ਚੋਂ ਰਾਤ ਵੇਲੇ ਨਿੱਕਲਦੀ ਅੱਗ ਦੀ ਲਾਟ ਦੀ ਕਰੀਬ 40 ਕਿਲੋਮੀਟਰ ਦੂਰ ਤੋਂ ਮੋਬਾਇਲ ’ਤੇ ਲਈ ਗਈ ਫੋਟੋ

ਜਿੰਨ੍ਹਾਂ ਕਿਸਾਨਾਂ ਨੂੰ ਘਰ ਬੈਠਿਆਂ ਲੱਗਿਆ ਕਿ ਉਨ੍ਹਾਂ ਦੇ ਖੇਤਾਂ ਵੱਲ ਅੱਗ ਲੱਗ ਗਈ ਤਾਂ ਉਹ ਟ੍ਰੈਕਟਰ ਮਗਰ ਹਲ ਪਾ ਕੇ ਦੌੜ ਪਏ ਪਰ ਖੇਤਾਂ ’ਚ ਜਾ ਕੇ ਦੇਖਿਆ ਤਾਂ ਅਜਿਹਾ ਕੁੱਝ ਨਹੀਂ ਸੀ। ਫੋਨਾਂ ’ਤੇ ਚਲਦੀ ਗੱਲਬਾਤ ਜਦੋਂ ਰਾਮਾਂ ਵੱਲ ਨੂੰ ਗਈ ਤਾਂ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਇਹ ਤਾਂ ਰਾਮਾਂ ਰਿਫਾਇਨਰੀ ’ਚੋਂ ਨਿੱਕਲਦੀ ਲਾਟ ਹੈ, ਜੋ ਦੂਰ ਤੱਕ ਅੱਜ ਦਿਖਾਈ ਦਿੱਤੀ ਹੈ ਜਦੋਂਕਿ ਉਹ ਤਾਂ ਇਸ ਦੇ ਆਦੀ ਹੋ ਗਏ ਹਨ ਕਿਉਂਕਿ ਕਰੀਬ ਰੋਜ਼ਾਨਾ ਹੀ ਅਜਿਹਾ ਹੁੰਦਾ ਹੈ। ਰਿਫਾਇਨਰੀ ਖੇਤਰ ਦੇ ਨਾਲ ਲੱਗਦੇ ਪਿੰਡ ਮਲਕਾਣਾ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰਾਂ ’ਚ ਰਾਤ ਨੂੰ ਲਾਈਟਾਂ ਬੰਦ ਕਰ ਦਿੰਦੇ ਹਨ ਤਾਂ ਵੀ ਘਰਾਂ ’ਚ ਦੀਵਾ ਚੱਲਣ ਵਾਂਗ ਚਾਨਣ ਹੁੰਦਾ ਰਹਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ