ਇੱਕ ਕਰੋੜ 49 ਲੱਖ ਭੁੱਖੇ ਢਿੱਡ ਕਰ ਰਹੇ ਹਨ ਰਾਸ਼ਨ ਦਾ ਇੰਤਜ਼ਾਰ, ਡੇਢ ਮਹੀਨੇ ਤੋਂ ਰਾਸ਼ਨ ਨਹੀਂ ਵੰਡ ਰਹੀ ਸਰਕਾਰ!

Depot Holders of Punjab
ਸੰਕੇਤਕ ਫੋਟੋ।

ਅਧਿਕਾਰੀਆਂ ਦਾ ਗਜ਼ਬ ਜੁਆਬ, ਵੇਚ ਨਾ ਦੇਣ ਰਾਸ਼ਨ ਤਾਂ ਹੀ ਸ਼ੁਰੂ ਨਹੀਂ ਕੀਤਾ ਵੰਡ ਪ੍ਰੋਗਰਾਮ | Ghar Ghar Ration Yojana

  • ਪੰਜਾਬ ਵਿੱਚ ਹਰ ਵਿਅਕਤੀ ਨੂੰ ਮਿਲਦਾ ਐ 5 ਕਿੱਲੋ ਕਣਕ, 6 ਮਹੀਨੇ ਦੀ ਇਕੱਠੀ ਹੁੰਦੀ ਐ ਵੰਡ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਇੱਕ ਕਰੋੜ 49 ਲੱਖ 58 ਹਜ਼ਾਰ ਨੌਂ ਸੌਂ ਤੇਈ ਲੋਕ ਭੁੱਖੇ ਢਿੱਡ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੇ ਰਾਸ਼ਨ ਦਾ ਇੰਤਜ਼ਾਰ ਕਰ ਰਹੇ ਹਨ ਪਰ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਸਰਕਾਰ ਇਸ ਰਾਸ਼ਨ (Ghar Ghar Ration Yojana) ਨੂੰ ਹੀ ਵੰਡਣ ਨਹੀਂ ਆ ਰਹੀ ਹੈ। ਇਨ੍ਹਾਂ ਲੋਕਾਂ ਨੂੰ ਰੋਜ਼ਾਨਾ ਹੀ ਇੰਤਜ਼ਾਰ ਹੁੰਦਾ ਹੈ ਕਿ ਅੱਜ-ਭਲਕ ਉਨ੍ਹਾਂ ਨੂੰ ਰੋਟੀ ਖਾਣ ਲਈ ਰਾਸ਼ਨ ਮਿਲ ਜਾਵੇਗਾ ਪਰ ਪੰਜਾਬ ਸਰਕਾਰ ਦੇ ਅਧਿਕਾਰੀ ਅਜੇ ਵੀ ਰਾਸ਼ਨ ਵੰਡਣ ਨੂੰ ਤਿਆਰ ਹੀ ਨਹੀਂ ਹਨ, ਸਗੋਂ ਉਲਟਾ ਤਰਕ ਦਿੱਤਾ ਜਾ ਰਿਹਾ ਹੈ ਕਿ ਇਹ ਕਣਕ ਦੇ ਰੂਪ ਵਿੱਚ ਮਿਲੇ ਰਾਸ਼ਨ ਨੂੰ ਹੀ ਲਾਭਪਾਤਰੀ ਦਾਣਾ ਮੰੰਡੀਆਂ ਵਿੱਚ ਵੇਚ ਆਉਣਗੇ, ਇਸ ਲਈ ਰਾਸ਼ਨ ਦੀ ਵੰਡ ਨਹੀਂ ਕੀਤੀ ਗਈ ਹੈ। ਰਾਸ਼ਨ ਦੀ ਵੰਡ ਉਸ ਸਮੇਂ ਤੱਕ ਸ਼ੁਰੂ ਨਹੀਂ ਹੋਵੇਗੀ, ਜਦੋਂ ਤੱਕ ਦਾਣਾ ਮੰਡੀਆਂ ਵਿੱਚ ਖ਼ਰੀਦ ਹੀ ਬੰਦ ਨਾ ਹੋ ਜਾਵੇ।

ਜਾਣਕਾਰੀ ਅਨੁਸਾਰ ਕੌਮੀ ਖ਼ੁਰਾਕ ਸੁਰੱਖਿਆ ਐਕਟ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ 2 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਅਨੁਸਾਰ ਉਨਾਂ ਲਾਭਪਾਤਰੀਆਂ ਨੂੰ 5 ਕਿਲੋ ਕਣਕ ਦਿੱਤੀ ਜਾਂਦੀ ਹੈ, ਜਿਹੜੇ ਥੋੜ੍ਹੀ ਕਮਾਈ ਕਾਰਨ ਰਾਸ਼ਨ ਦਾ ਇੰਤਜ਼ਾਮ ਨਹੀਂ ਕਰ ਸਕਦੇ ਜਾਂ ਫਿਰ ਸਰਕਾਰ ਵੱਲੋਂ ਤੈਅ ਕੀਤੇ ਗਏ ਨਿਯਮਾਂ ਦੇ ਅਧੀਨ ਆਉਂਦੇ ਹਨ। ਪੰਜਾਬ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਤੈਅ ਕੀਤੇ ਗਏ ਨਿਯਮਾਂ ਅਨੁਸਾਰ ਹੀ ਇਹੋ ਜਿਹੇ ਲਾਭਪਾਤਰੀਆਂ ਦੀ ਭਾਲ ਕਰਦੇ ਹੋਏ ਉਨ੍ਹਾਂ ਦਾ ਸਮਾਰਟ ਰਾਸ਼ਨ ਕਾਰਡ ਬਣਾਇਆ ਜਾਂਦਾ ਹੈ, ਇਸੇ ਸਮਾਰਟ ਰਾਸ਼ਨ ਕਾਰਡ ਰਾਹੀਂ ਇਨ੍ਹਾਂ ਨੂੰ ਹਰ ਮਹੀਨੇ 5 ਕਿੱਲੋ ਕਣਕ ਮਿਲਦੀ ਹੈ।

6 ਮਹੀਨਿਆਂ ਦੀ ਇਕੱਠੀ ਹੀ 30 ਕਿਲੋ ਕਣਕ | Ghar Ghar Ration Yojana

ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਟਰਾਂਸਪੋਰਟ ਦੇ ਆਉਣ ਵਾਲੇ ਖ਼ਰਚੇ ਤੋਂ ਬਚਣ ਲਈ 6 ਮਹੀਨਿਆਂ ਦੀ ਇਕੱਠੀ ਹੀ 30 ਕਿਲੋ ਕਣਕ ਲਾਭਪਾਤਰੀ ਨੂੰ ਦੇ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਇੱਕ ਕਰੋੜ 49 ਲੱਖ 58 ਹਜ਼ਾਰ ਨੌਂ ਸੌਂ ਤੇਈ ਲਾਭਪਾਤਰੀਆਂ ਨੂੰ 1 ਅਪਰੈਲ ਤੋਂ ਕਣਕ ਦੀ ਸਪਲਾਈ ਦਿੱਤੀ ਜਾਣੀ ਸੀ ਪਰ ਹੁਣ 18 ਮਈ ਬੀਤਣ ਦੇ ਬਾਵਜੂਦ ਪੰਜਾਬ ਦੇ ਇੱਕ ਵੀ ਲਾਭਪਾਤਰੀ ਨੂੰ ਇਹ ਕਣਕ ਦੀ ਸਪਲਾਈ ਨਹੀਂ ਮਿਲੀ ਹੈ। ਜਿਸ ਕਾਰਨ ਇਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਫਿਲਹਾਲ ਮੁਸ਼ਕਲ ਨਾਲ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ ਜਾਂ ਫਿਰ ਭੁੱਖੇ ਢਿੱਡ ਹੀ ਕੰਮ ਚਲਾਉਣਾ ਪੈ ਰਿਹਾ ਹੈ।

ਇੱਕ ਮਹੀਨਾ ਹੋਰ ਕਰਨਾ ਪਵੇਗਾ ਰਾਸ਼ਨ ਦਾ ਇੰਤਜਾਰ | Ghar Ghar Ration Yojana

ਪੰਜਾਬ ਵਿੱਚ ਸਰਕਾਰੀ ਮਿਹਰਬਾਨੀ ’ਤੇ ਗੁਜ਼ਾਰਾ ਚਲਾਉਣ ਵਾਲੇ ਇਨ੍ਹਾਂ 1 ਕਰੋੜ 49 ਲੱਖ ਲਾਭਪਾਤਰੀਆਂ ਨੂੰ ਅਗਲੇ 1 ਮਹੀਨੇ ਤੱਕ ਹੋਰ ਇਸ ਤਰੀਕੇ ਭੁੱਖੇ ਢਿੱਡ ਹੀ ਗੁਜ਼ਾਰਾ ਕਰਨਾ ਪੈ ਸਕਦਾ ਹੈ, ਕਿਉਂਕਿ ਹੁਣ ਤੱਕ ਇਸ ਕਣਕ ਦੀ ਸਪਲਾਈ ਪੰਜਾਬ ਦੇ ਡਿਪੂ ਹੋਲਡਰਾਂ ਕੋਲ ਵੀ ਸ਼ੁਰੂ ਨਹੀਂ ਹੋਈ ਹੈ। ਜਿਸ ਕਾਰਨ ਇਸ ਕਣਕ ਦੀ ਸਪਲਾਈ ਡਿਪੂ ਹੋਲਡਰ ਤੱਕ ਪੁੱਜਣ ਤੋਂ ਬਾਅਦ 1 ਕਰੋੜ 49 ਲੱਖ ਲਾਭਪਾਤਰੀਆਂ ਤੱਕ ਪੁੱਜਣ ਨੂੰ ਹੀ ਇੱਕ ਮਹੀਨਾ ਹੋ ਲੱਗ ਜਾਵੇਗਾ, ਉਹ ਵੀ ਜੇਕਰ ਡਿਪੂ ਹੋਲਡਰਾਂ ਕੋਲ ਹੁਣ ਤੋਂ ਕਣਕ ਦੀ ਸਪਲਾਈ ਸ਼ੁਰੂ ਹੋਈ।

ਕਣਕ ਨੂੰ ਮੰਡੀਆਂ ’ਚ ਵੇਚਣ ਦਾ ਹੁੰਦਾ ਐ ਡਰ ਤਾਂ ਨਹੀਂ ਦਿੱਤੀ ਸਪਲਾਈ : ਅਧਿਕਾਰੀ

ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਣਕ ਦੀ ਖਰੀਦ ਦਾ ਕੰਮ ਚੱਲ ਰਿਹਾ ਹੈ ਅਤੇ ਕਣਕ ਖਰੀਦ ਦੌਰਾਨ ਲਾਭਪਾਤਰੀ ਆਪਣੇ ਕੋਟੇ ਦੀ ਕਣਕ ਨੂੰ ਮੰਡੀ ਵਿੱਚ ਜਾ ਕੇ ਵੇਚ ਨਾ ਆਏ, ਇਸੇ ਡਰ ਕਰਕੇ ਹੀ ਕਣਕ ਦੀ ਸਪਲਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਦਾਣਾ ਮੰਡੀਆਂ ਵਿੱਚ ਖ਼ਰੀਦ ਬੰਦ ਹੋਣ ਦਾ ਇੰਤਜ਼ਾਰ ਹੈ। ਇਸ ਤੋਂ ਬਾਅਦ ਹੀ ਕਣਕ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਤੇਜ ਝੱਖੜ ਦਾ ਕਹਿਰ, ਸ਼ੈਡ ਡਿੱਗਣ ਕਾਰਨ ਤਿੰਨ ਮੱਝਾਂ ਦੀ ਮੌਤ