ਭਲਕੇ ਵਾਪਸ ਆਵੇਗੀ ਸਕੱਤਰੇਤ ਦੀ ਰੌਣਕ, ਬੰਦ ਹੋ ਜਾਵੇਗਾ ਅੱਜ ਤੋਂ ਜਲੰਧਰ ’ਚ ਚੋਣ ਪ੍ਰਚਾਰ

Elections

ਪਿਛਲੇ 15 ਦਿਨਾਂ ਤੋਂ ਕੈਬਨਿਟ ਮੰਤਰੀਆਂ ਸਣੇ ਵਿਧਾਇਕ ਕਰ ਰਹੇ ਹਨ ਜਲੰਧਰ ’ਚ ਪ੍ਰਚਾਰ | Secretariat

ਚੰਡੀਗੜ੍ਹ (ਅਸ਼ਵਨੀ ਚਾਵਲਾ)। ਭਲਕੇ ਤੋਂ ਪੰਜਾਬ ਸਿਵਲ ਸਕੱਤਰੇਤ (Secretariat) ਵਿਖੇ ਮੁੜ ਤੋਂ ਰੌਣਕ ਨਜ਼ਰ ਆਵੇਗੀ, ਜਲੰਧਰ ਵਿਖੇ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪ੍ਰਚਾਰ ਅੱਜ ਬੰਦ ਹੋਣ ਜਾ ਰਿਹਾ ਹੈ। ਪ੍ਰਚਾਰ ਬੰਦ ਹੁੰਦੇ ਸਾਰ ਹੀ ਕੈਬਨਿਟ ਮੰਤਰੀਆਂ ਸਣੇ ਵਿਧਾਇਕ ਵੀ ਚੰਡੀਗੜ੍ਹ ਦੀ ਵਾਪਸੀ ਕਰ ਸਕਦੇ ਹਨ। ਪਿਛਲੇ 15 ਦਿਨਾਂ ਤੋਂ ਸਾਰੇ ਕੈਬਨਿਟ ਮੰਤਰੀਆਂ ਸਣੇ ਲਗਭਗ ਸਾਰੇ ਵਿਧਾਇਕਾਂ ਨੇ ਜਲੰਧਰ ਵਿਖੇ ਹੀ ਡੇਰਾ ਲਾਇਆ ਹੋਇਆ ਹੈ। ਸਿਰਫ਼ ਸੱਤਾਧਿਰ ਹੀ ਨਹੀਂ, ਸਗੋਂ ਵਿਰੋਧੀ ਧਿਰ ਦੇ ਆਗੂ ਵੀ ਜਲੰਧਰ ਵਿਖੇ ਹੀ ਹਨ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਤਾਂ ਚੰਡੀਗੜ੍ਹ ਵਿਖੇ ਸਥਿਤ ਕਾਂਗਰਸ ਭਵਨ ਵਿਖੇ ਇੱਕ ਵਾਰੀ ਵੀ ਨਹੀਂ ਆਏ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਉਹ ਜਲੰਧਰ ਵਿੱਚ ਹੀ ਪ੍ਰਚਾਰ ਕਰ ਰਹੇ ਹਨ।

ਵਿਰੋਧੀ ਧਿਰਾਂ ਨੇ ਵੀ ਜਲੰਧਰ ਵਿਖੇ ਲਾਇਆ ਹੋਇਆ ਐ ਡੇਰਾ, ਰਾਜਧਾਨੀ ਤੋਂ ਬਣਾਈ ਹੋਈ ਐ ਦੂਰੀ

ਜਾਣਕਾਰੀ ਅਨੁਸਾਰ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਐਲਾਨ ਤੋਂ ਬਾਅਦ ਸੱਤਾ ਧਿਰ ਅਤੇ ਵਿਰੋਧੀ ਧਿਰ ਵੱਲੋਂ ਇਸ ਨੂੰ ਆਪਣੇ ਵੱਕਾਰ ਦੀ ਲੜਾਈ ਬਣਾਉਂਦੇ ਹੋਏ ਦਿਨ-ਰਾਤ ਪ੍ਰਚਾਰ ਕੀਤਾ ਜਾ ਰਿਹਾ ਹੈ। ਚੋਣ ਵਿੱਚ ਸਭ ਤੋਂ ਜ਼ਿਆਦਾ ਜ਼ੋਰ ਆਮ ਆਦਮੀ ਪਾਰਟੀ ਵੱਲੋਂ ਹੀ ਲਾਇਆ ਜਾ ਰਿਹਾ ਹੈ, ਕਿਉਂਕਿ ਇਸ ਸਮੇਂ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਸੰਸਦ ਮੈਂਬਰ ਮੌਜ਼ੂਦ ਨਹੀਂ ਹੈ।

ਪਿਛਲੇ ਸਾਲ ਪਾਰਟੀ ਹੱਥੋਂ ਸੰਗਰੂਰ ਸੀਟ ਵੀ ਨਿਕਲ ਗਈ ਸੀ ਆਮ ਆਦਮੀ ਪਾਰਟੀ ਇਸੇ ਸੀਟ ਰਾਹੀਂ ਲੋਕ ਸਭਾ ਵਿੱਚ ਆਪਣੀ ਵਾਪਸੀ ਕਰਨੀ ਚਾਹੁੰਦੀ ਹੈ ਅਤੇ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਹੋਣ ਕਰਕੇ ਇਸ ਸੀਟ ਤੋਂ ਕਿਸੇ ਵੀ ਹਾਲਤ ਵਿੱਚ ਹਾਰਨਾ ਨਹੀਂ ਚਾਹੁੰਦੀ। ਜਿਸ ਕਾਰਨ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਪੱਧਰ ’ਤੇ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਜਲੰਧਰ ਵਿਖੇ ਕਮਾਨ ਸੰਭਾਲੀ ਹੋਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਜਲੰਧਰ ਵਿਖੇ ਪ੍ਰਚਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ।

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਇੰਨੀ ਜ਼ਿਆਦਾ ਗੰਭੀਰਤਾ ਹੋਣ ਕਰਕੇ ਹੀ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਕੰਮਕਾਜ ਛੱਡ ਕੇ ਜਲੰਧਰ ਵਿਖੇ ਹੀ ਪ੍ਰਚਾਰ ਕਰ ਰਹੇ ਹਨ। ਹਰ ਕੈਬਨਿਟ ਮੰਤਰੀ ਆਪਣੇ ਆਪ ਨੂੰ ਅਲਾਟ ਹੋਏ ਵਿਧਾਨ ਸਭਾ ਹਲਕੇ ਤੋਂ ਬਾਹਰ ਨਹੀਂ ਨਿਕਲ ਰਿਹਾ ਹੈ ਅਤੇ ਹਰ ਹਾਲਤ ਵਿੱਚ ਜਿੱਤਣ ਦੀ ਕੋਸ਼ਿਸ਼ ਹੋ ਰਹੀ ਹੈ।ਪ੍ਰਚਾਰ ਦਾ ਦੌਰ ਦਾ ਰੌਲਾ-ਰੱਪਾ ਸੋਮਵਾਰ ਨੂੰ ਸ਼ਾਂਤ ਹੋ ਜਾਵੇਗਾ ਲਈ ਪ੍ਰਚਾਰ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਸਾਰੇ ਕੈਬਨਿਟ ਮੰਤਰੀਆਂ ਸਣੇ ਵਿਧਾਇਕਾਂ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਬਾਹਰ ਜਾਣਾ ਪਵੇਗਾ।

ਕੈਬਨਿਟ ਮੰਤਰੀ ਅਤੇ ਵਿਧਾਇਕ ਮੁੜ ਤੋਂ ਰਾਜਧਾਨੀ ਚੰਡੀਗੜ੍ਹ ਦੀ ਵਾਪਸੀ ਕਰਨਗੇ ਅਤੇ ਪਿਛਲੇ 15 ਦਿਨਾਂ ਤੋਂ ਰੁਕੇ ਹੋਏ ਕੰਮਕਾਜ ਸ਼ੁਰੂ ਹੋਣਗੇ। ਇਸੇ ਕਰਕੇ ਉਮੀਦ ਲਾਈ ਜਾ ਰਹੀ ਹੈ ਕਿ ਭਲਕੇ ਤੋਂ ਚੰਡੀਗੜ੍ਹ ਵਿਖੇ ਸਰਕਾਰੀ ਦਰਬਾਰ ਵਿੱਚ ਮੁੜ ਤੋਂ ਰੌਣਕ ਨਜ਼ਰ ਆਵੇਗੀ।