ਬਜ਼ੁਰਗ ਘਰ ਦੀ ਰੌਣਕ ਤੇ ਬੋਹੜ ਦੀ ਠੰਢੀ ਛਾਂ ਹੁੰਦੇ ਨੇ

Elders Sachkahoon

ਘਰ ਬਜ਼ੁਰਗਾਂ ਨਾਲ ਹੀ ਚੰਗੇ ਲੱਗਦੇ ਹਨ। ਘਰਾਂ ਵਿੱਚ ਰੌਣਕ ਬਜ਼ੁਰਗਾਂ ਨਾਲ ਹੀ ਹੁੰਦੀ ਹੈ। ਕਹਿੰਦੇ ਹਨ ਕਿ ਇਨਸਾਨ ਦੋ ਵਾਰ ਬਚਪਨ ਬਤੀਤ ਕਰਦਾ ਹੈ- ਇੱਕ ਜਨਮ ਵੇਲੇ, ਇੱਕ ਬੁਢਾਪੇ ਵਿੱਚ। ਬੁਢਾਪਾ ਜ਼ਿੰਦਗੀ ਦੇ ਆਖ਼ਰੀ ਪੜਾਅ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਜਦੋਂ ਵਿਅਕਤੀ ਬੁਢਾਪੇ ਵਿੱਚ ਆ ਜਾਂਦਾ ਹੈ, ਉਸਦੀ ਜ਼ਿਆਦਾ ਉਮਰ ਹੋ ਜਾਂਦੀ ਹੈ ਤਾਂ ਉਹ ਬੱਚਿਆਂ ਵਾਂਗ ਹੀ ਵਿਹਾਰ ਕਰਦਾ ਹੈ।

ਜਿਸ ਤਰ੍ਹਾਂ ਇੱਕ ਬੱਚਾ ਬਚਪਨ ਵਿੱਚ ਇਕੱਲਾ ਨਹੀਂ ਰਹਿੰਦਾ, ਉਹ ਹਰ ਪਲ ਆਪਣੇ ਕੋਲ ਕਿਸੇ ਨਾ ਕਿਸੇ ਨੂੰ ਭਾਲਦਾ ਹੈ। ਇਸੇ ਤਰ੍ਹਾਂ ਹੀ ਬਜ਼ੁਰਗ ਬੁਢਾਪੇ ਵਿੱਚ ਵੀ ਆਪਣੇ ਕੋਲ ਕਿਸੇ ਨਾ ਕਿਸੇ ਨੂੰ ਭਾਲਦੇ ਹਨ। ਉਹ ਇਕੱਲੇ ਨਹੀਂ ਰਹਿੰਦੇ। ਫ਼ਾਰਸੀ ਵਿੱਚ ਬਜ਼ੁਰਗ ਦਾ ਅਰਥ ਹੁੰਦਾ ਹੈ, ਵੱਡਾ ਕੇਵਲ ਉਮਰ ਪੱਖੋਂ ਨਹੀਂ ਤਜ਼ਰਬੇਕਾਰ, ਸਿਆਣਾ ਤੇ ਸੂਝਵਾਨ ਵਿਅਕਤੀ ਬਜ਼ੁਰਗ ਅਖਵਾਉਂਦਾ ਹੈ। ਇੱਕ ਸਮਾਂ ਸੀ ਜਦੋਂ ਬਜ਼ੁਰਗਾਂ ਨੂੰ ਵਿਹੜੇ ਦੀ ਰੌਣਕ ਤੇ ਸ਼ਿੰਗਾਰ ਮੰਨਿਆ ਜਾਂਦਾ ਸੀ ਤੇ ਉਹਨਾਂ ਕੋਲ ਪੁਰਾਣੀਆਂ ਗੱਲਾਂ ਤੇ ਗਿਆਨ ਦੇ ਭੰਡਾਰ ਹੁੰਦੇ ਸਨ।

ਪਹਿਲਾਂ ਬਜ਼ੁਰਗਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਸੀ ਕਿਉਂਕਿ ਉਹਨਾਂ ਦੇ ਸਮੇਂ ਖ਼ਾਣੇ-ਪੀਣੇ ਬਹੁਤ ਵਧੀਆ ਸਨ। ਕਿਹਾ ਜਾਂਦਾ ਹੈ ਕਿ ਵਿਅਕਤੀ ਉਮਰ ਦੇ ਅੰਤਿਮ ਪੜਾਅ ਬੁਢਾਪੇ ਤੱਕ ਪਹੁੰਚਦਿਆਂ-ਪਹੁੰਚਦਿਆਂ ਆਪਣੀ ਜ਼ਿੰਦਗੀ ਵਿਚ ਆਏ ਉਤਰਾਅ-ਚੜ੍ਹਾਅ ਅਤੇ ਜ਼ਿੰਦਗੀ ਦੀਆਂ ਦੁੱਖ-ਤਕਲੀਫ਼ਾਂ ਹੰਢਾਉਂਦਿਆਂ ਹੋਇਆਂ ਸੂਝਵਾਨ ਹੋ ਜਾਂਦਾ ਹੈ, ਤੇ ਸਮਝਦਾਰ ਬਣ ਜਾਂਦਾ ਹੈ। ਦੋ ਸਾਲ ਪਹਿਲਾਂ ਮੇਰੇ ਦਾਦੀ ਮਾਂ ਲਗਭਗ ਸੌ ਵਰ੍ਹਿਆਂ ਦੇ ਹੋ ਕੇ ਰੱਬ ਕੋਲ ਜਾ ਬਿਰਾਜੇ ਸਨ। ਉਹਨਾਂ ਦਾ ਬੁਢਾਪਾ ਮੈਂ ਅੱਖੀਂ ਦੇਖਿਆ ਹੈ। ਉਹ ਕਿਸ ਤਰ੍ਹਾਂ ਆਪਣੇ ਅੰਤਿਮ ਸਾਹਾਂ ਤੱਕ ਬਚਪਨ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਸਨ। ਉਹ ਕਈ ਵਾਰ ਕਿਸੇ ਵੀ ਚੀਜ ਨੂੰ ਲੈ ਕੇ ਜਿੱਦ ਕਰਦੇ ਸਨ। ਕਈ ਵਾਰ ਉਹ ਬਹੁਤ ਬੋਲਣ ਵੀ ਲੱਗ ਜਾਂਦੇ ਸਨ ਪਰ ਉਹਨਾਂ ਦਾ ਕੋਈ ਗ਼ੁੱਸਾ ਨਹੀਂ ਕਰਦਾ ਸੀ। ਕਿਉਂਕਿ ਉਹਨਾਂ ਦੀ ਉਮਰ ਬਹੁਤ ਹੋ ਚੁੱਕੀ ਸੀ, ਖਾਣ-ਪੀਣ ਘਟ ਗਿਆ ਸੀ। ਅਸੀਂ ਸਾਰਿਆਂ ਨੇ ਉਹਨਾਂ ਨਾਲ ਪਿਆਰ ਨਾਲ ਪੇਸ਼ ਆਉਣਾ। ਜਦੋਂ ਉਹਨਾਂ ਨੇ ਆਪਣੇ ਆਖਰੀ ਸਾਹ ਤਿਆਗੇ ਤਾਂ ਮੇਰਾ ਸਾਰਾ ਪਰਿਵਾਰ ਉਹਨਾਂ ਕੋਲ ਸੀ।

ਬਜ਼ੁਰਗ ਤਾਂ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ। ਸਾਨੂੰ ਆਪਣੀ ਦਾਦੀ ਦੇ ਹੁੰਦਿਆਂ ਕਦੇ ਵੀ ਘਰ ਸੁੰਨਾ ਨਹੀਂ ਜਾਪਦਾ ਸੀ ਨਾ ਹੀ ਕਦੇ ਇਕੱਲਾਪਣ ਮਹਿਸੂਸ ਹੁੰਦਾ ਸੀ। ਅਸੀਂ ਸਾਰੇ ਬੇਫ਼ਿਕਰੇ ਹੋ ਕੇ ਬਾਹਰਲੇ ਆਪਣੇ ਜ਼ਰੂਰੀ ਕੰਮ ਕਰ ਲੈਂਦੇ ਸੀ। ਬਜ਼ੁਰਗਾਂ ਦਾ ਆਸਰਾ ਰੱਬ ਵਰਗਾ ਹੁੰਦਾ ਹੈ। ਬਜ਼ੁਰਗ ਤਾਂ ਬੋਹੜ ਦੀ ਠੰਢੀ ਛਾਂ ਹੁੰਦੇ ਹਨ। ਬਚਪਨ ਵਿੱਚ ਇੱਕ ਬੱਚਾ ਬਜ਼ੁਰਗਾਂ ਦੀ ਛਾਇਆ ਹੇਠ ਹੀ ਪਲ਼ਦਾ ਹੈ ਉਹ ਬਜ਼ੁਰਗਾਂ ਤੋਂ ਅਨੇਕਾਂ ਗੁਣ ਹਾਸਲ ਕਰਦਾ ਹੈ। ਬਜ਼ੁਰਗ ਹੀ ਬੱਚੇ ਨੂੰ ਬਚਪਨ ਵਿੱਚ ਬਹੁਤ ਕੁੱਝ ਸਿਖਾਉਂਦੇ ਹਨ, ਜਿਵੇਂ ਮੇਰੇ ਦਾਦੀ ਜੀ ਨੇ ਮੈਨੂੰ ਬਹੁਤ ਕੁੱਝ ਸਿਖਾਇਆ ਹੈ। ਅੱਜ ਜੋ ਵੀ ਹਾਂ ਉਹਨਾਂ ਦੀ ਬਦੌਲਤ ਹਾਂ। ਘਰ ਨੂੰ ਬਜੁਰਗਾਂ ਨੇ ਹੀ ਬਣਾਇਆ ਹੁੰਦਾ ਹੈ।

ਪਰ ਅੱਜ-ਕੱਲ੍ਹ ਸਭ ਕੁੱਝ ਬਦਲ ਗਿਆ ਹੈ। ਘਰਾਂ ਵਿੱਚ ਬਜ਼ੁਰਗਾਂ ਦਾ ਉਹ ਪਹਿਲਾਂ ਵਾਲਾ ਸਤਿਕਾਰ ਨਹੀਂ ਰਿਹਾ। ਸਾਰੇ ਇੱਕ-ਦੂਜੇ ਤੋਂ ਬੇਗਾਨੇ ਹੋ ਗਏ ਹਨ, ਖੂਨ ਚਿੱਟਾ ਹੋ ਗਿਆ ਹੈ, ਰਿਸ਼ਤਿਆਂ ਵਿੱਚ ਦਰਾੜਾਂ ਪੈ ਗਈਆਂ ਹਨ ਹਰ ਰਿਸ਼ਤਾ ਸਵਾਰਥੀ ਹੋ ਗਿਆ ਹੈ। ਜਿਸ ਕਾਰਨ ਬਜ਼ੁਰਗ ਇਕੱਲਾਪਣ ਮਹਿਸੂਸ ਕਰਦੇ ਹਨ। ਅੱਜ ਘਰਾਂ ਵਿਚ ਬਜ਼ੁਰਗਾਂ ਦੀ ਮੌਜੂਦਗੀ ਵਾਧੂ ਜਿਹੀ ਜਾਪਣ ਲੱਗ ਪਈ ਹੈ ਬਜ਼ੁਰਗ ਬੋਝ ਜਾਪਣ ਲੱਗ ਪਏ ਹਨ।

ਕੋਈ ਸਮਾਂ ਸੀ ਜਦੋਂ ਬਜ਼ੁਰਗਾਂ ਨੂੰ ਬਹੁਤ ਪਿਆਰ ਮਿਲਦਾ ਸੀ ਸਾਰੇ ਉਹਨਾਂ ਦੀ ਆਗਿਆ ਦਾ ਪਾਲਣ ਕਰਦੇ ਸਨ। ਪਰ ਅੱਜ ਦੇ ਯੁੱਗ ਵਿੱਚ ਸੁਖ-ਸਹੂਲਤਾਂ ਨੇ ਸਾਰਾ ਕੁੱਝ ਬਦਲ ਦਿੱਤਾ ਹੈ ਘਰ ਤੋਂ ਕੋਠੀਆਂ ਬਣ ਗਈਆਂ ਹਨ ਤੇ ਸਾਰਿਆਂ ਨੇ ਅਲੱਗ -ਅਲੱਗ ਕਮਰੇ ਬਣਾ ਲਏ ਹਨ ਤੇ ਬਜ਼ੁਰਗਾਂ ਨੂੰ ਬਾਹਰ ਕਿਤੇ ਕੋਨੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਜਾਂ ਫਿਰ ਬਜ਼ੁਰਗਾਂ ਨੂੰ ਬਿਰਧ-ਆਸ਼ਰਮਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਤੇ ਜਦੋਂ ਕੋਈ ਦਿਨ ਮਨਾਇਆ ਜਾਂਦਾ ਹੈ ਤਾਂ ਸਮਾਜ ਨੂੰ ਦਿਖਾਉਣ ਲਈ ਫਾਰਮੈਲਟੀ ਲਈ ਕੀਤੀਆਂ ਹੋਈਆਂ ਸੈਲਫੀਆਂ ਸਟੇਟਸਾਂ ਉੱਪਰ ਲਾਉਂਦੇ ਹਨ।

ਅੱਜ ਵਰਤਮਾਨ ਸਮੇਂ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਬਿਰਧ ਆਸ਼ਰਮ ਬਣ ਚੁੱਕੇ ਹਨ। ਜਿੱਥੇ ਬਜ਼ੁਰਗਾਂ ਨੂੰ ਛੱਡ ਦਿੱਤਾ ਜਾਂਦਾ ਹੈ। ਕਿਉਂਕਿ ਕਈ ਲੋਕਾਂ ਨੂੰ ਬਜ਼ੁਰਗਾਂ ਦੀ ਨੁਕਤਾਚੀਨੀ, ਪੁਰਾਣੇ ਖਿਆਲਾਤ ਪਸੰਦ ਨਹੀਂ ਆਉਂਦੇ ਹਨ। ਉਹਨਾਂ ਨੂੰ ਆਦਤ ਹੁੰਦੀ ਹੈ ਟੋਕ-ਟਕਾਈ ਕਰਨ ਦੀ, ਚੰਗਾ-ਮਾੜਾ ਸਮਝਾਉਣ ਦੀ, ਜੋ ਕਿ ਅੱਜ ਦੀ ਪੀੜ੍ਹੀ ਦੇ ਬੱਚਿਆਂ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੀ ਜਿਸ ਕਾਰਨ ਉਹਨਾਂ ਨੂੰ ਬਜ਼ੁਰਗਾਂ ਦੀ ਦਖ਼ਲਅੰਦਾਜ਼ੀ ਚੰਗੀ ਨਹੀਂ ਲੱਗਦੀ। ਉਹਨਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।

ਅੱਜ ਵਰਤਮਾਨ ਹਾਲਾਤਾਂ ਵਿੱਚ ਬਜ਼ੁਰਗਾਂ ਦੀ ਬੜੀ ਬੇਕਦਰੀ ਹੋ ਰਹੀ ਹੈ ਉਹਨਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਜਾਂ ਤਾਂ ਬਜ਼ੁਰਗਾਂ ਦਾ ਕਿਸੇ ਕੋਠੜੀ ਵਿੱਚ ਮੰਜਾ ਡਾਹ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਬੱਚਿਆਂ ਨੂੰ ਉਹਨਾਂ ਕੋਲ ਨਹੀਂ ਆਉਣ ਦਿੱਤਾ ਜਾਂਦਾ। ਬੱਚਿਆਂ ਨੂੰ ਦਾਦਾ-ਦਾਦੀ ਕੋਲੋਂ ਦੂਰ ਰੱਖਿਆ ਜਾਂਦਾ ਹੈ। ਘਰ ਤੇ ਜ਼ਮੀਨ ਦੀ ਵੰਡ ਦੇ ਨਾਲ-ਨਾਲ ਹੀ ਬਜ਼ੁਰਗਾਂ ਨੂੰ ਵੰਡ ਲਿਆ ਜਾਂਦਾ ਹੈ। ਕੌੜੇ ਬੋਲਾਂ ਨਾਲ ਇਨਸਾਨੀਅਤ ਦਾ ਘਾਣ ਕੀਤਾ ਜਾ ਰਿਹਾ ਹੈ। ਬਜ਼ੁਰਗਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ। ਉਹ ਇਹ ਨਹੀਂ ਸੋਚਦੇ ਇਹ ਸਭ ਕੁੱਝ ਮਕਾਨ ਪੈਸਾ ਜਾਇਦਾੲ ਬਜ਼ੁਰਗਾਂ ਦੀ ਹੀ ਦੇਣ ਹੈ।

ਲੋਕੀ ਲੋਕ ਵਿਖਾਵੇ ਲਈ ਤੀਰਥ ਸਥਾਨਾਂ ’ਤੇ ਜਾਂਦੇ ਹਨ ਤੇ ਪੁੰਨ ਕਰਦੇ ਹਨ ਪਰ ਘਰ ਵਿਚ ਬਜ਼ੁਰਗਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਉਹਨਾਂ ਨਾਲ ਪਸ਼ੂਆਂ ਵਰਗਾ ਵਿਹਾਰ ਕੀਤਾ ਜਾਂਦਾ ਹੈ। ਇਹ ਸਭ ਕੁੱਝ ਵਿਅਰਥ ਹੈ ਜਿੰਨਾ ਸਮਾਂ ਬਜ਼ੁਰਗਾਂ ਦਾ ਬਣਦਾ ਮਾਣ-ਸਤਿਕਾਰ ਨਹੀਂ ਕੀਤਾ ਜਾਂਦਾ। ਬੁਢਾਪਾ ਤਾਂ ਸਭ ’ਤੇ ਆਉਣਾ ਹੈ। ਕਿਸੇ ਨੇ ਸਹੀ ਕਿਹਾ ਹੈ, ‘ਜਿਹੋ-ਜਿਹਾ ਵੀ ਬੀਜੋਗੇ ਤੇ ਉਹੋ-ਜਿਹਾ ਵੱਡੋਗੇ!’ ਜੋ ਆਪਣੇ ਮਾਪਿਆਂ ਨਾਲ ਵਿਹਾਰ ਕਰ ਰਹੇ ਹੋ ਕੱਲ੍ਹ ਨੂੰ ਤੁਹਾਡੇ ਨਾਲ ਵੀ ਇੰਝ ਹੀ ਹੋਣਾ ਹੈ।ਇਹ ਸਮਾਂ ਹਰ ਇੱਕ ਤੇ ਆਉਣਾ ਹੈ। ਉਹ ਸਮਾਂ ਦੂਰ ਨਹੀਂ ਬਲਕਿ ਇਸ ਤਰ੍ਹਾਂ ਦੀ ਘੜੀ ਤਾਂ ਪਲ-ਛਿਣ ’ਚ ਆਉਂਦੀ ਏ ਤੇ ਫਿਰ ਪਛਤਾਵੇ ਤੋਂ?ਬਿਨਾ ਪੱਲੇ ਕੱਖ ਨਹੀਂ?ਰਹਿ ਜਾਂਦਾ।

ਸੋ ਆਓ! ਸਾਰੇ ਪ੍ਰਣ ਕਰੀਏ ਕਿ ਬਜ਼ੁਰਗਾਂ ਨੂੰ ਉਹਨਾਂ ਦੇ ਹਿੱਸੇ ਦਾ ਬਣਦਾ ਪਿਆਰ ਦੇਈਏ, ਦੇਖਭਾਲ਼ ਕਰੀਏ। ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੀਏ, ਢਲ਼ਦੀ ਉਮਰੇ ਸਹਾਰਾ ਬਣੀਏ, ਤਾਂ ਜੋ ਉਹ ਆਪਣਾ ਬੁਢਾਪਾ ਖ਼ੁਸ਼ੀ-ਖ਼ੁਸ਼ੀ ਬਿਤਾ ਸਕਣ ਤੇ ਆਪਣੇ ਅੰਤਿਮ ਸਮੇਂ ਪੂਰੇ ਪਰਿਵਾਰ ਦਾ ਪਿਆਰ-ਸਤਿਕਾਰ ਲੈ ਕੇ ਸਾਹ ਸੌਖੇ ਲੈ ਸਕਣ।

ਗਗਨਦੀਪ ਧਾਲੀਵਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।