ਪੌਂਗ ਡੈਮ ‘ਚੋਂ ਪਾਣੀ ਛੱਡਣ ਦਾ ਫ਼ੈਸਲਾ ਫਿਲਹਾਲ ਟਾਲਿਆ 

Decision, Release, Water, Pong, Dam, Postponed

ਬੀ.ਬੀ.ਐਮ.ਬੀ. ਵੱਲੋਂ ਸਮੀਖਿਆ ਮੀਟਿੰਗ ਦੌਰਾਨ 26 ਸਤੰਬਰ ਨੂੰ ਪਾਣੀ ਛੱਡਣ ਬਾਰੇ ਲਿਆ ਜਾਵੇਗਾ ਅਗਲਾ ਫ਼ੈਸਲਾ

ਹੁਸ਼ਿਆਰਪੁਰ

ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ (ਬੀ.ਬੀ.ਐਮ.ਬੀ.) ਵੱਲੋਂ ਜੋ ਅੱਜ ਪੌਂਗ ਡੈਮ ਵਿੱਚੋਂ ਵਾਧੂ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਸੀ, ਉਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਹੁਣ ਬੀ.ਬੀ.ਐਮ.ਬੀ. ਵੱਲੋਂ ਇੱਕ ਸਮੀਖਿਆ ਮੀਟਿੰਗ ਦੌਰਾਨ 26 ਸਤੰਬਰ ਨੂੰ ਇਸ ਸਬੰਧੀ ਅਗਲਾ ਨਿਰਣਾ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਬੀ.ਬੀ.ਐਮ.ਬੀ. ਵਲੋਂ ਅੱਜ ਪਾਣੀ ਨਹੀਂ ਛੱÎਡਿਆ ਗਿਆ, ਕਿਉਂਕਿ ਅੱਜ ਮੌਸਮ ਵਿੱਚ ਤਬਦੀਲੀ ਆ ਗਈ ਹੈ ਅਤੇ ਬਾਰਿਸ਼ ਨਾ ਹੋਣ ਕਰਕੇ ਪਾਣੀ ਦਾ ਵਹਾਅ ਵੀ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ. ਤਲਵਾੜਾ ਦੇ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਰਿਪੋਰਟ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਿੱਤੀ ਗਈ ਰਿਪੋਰਟ ਅਨੁਸਾਰ ਪੌਂਗ ਡੈਮ ਦੇ ਪਾਣੀ ਦਾ ਲੈਵਲ 1388.32 ਫੁੱਟ ਸੀ। ਜ਼ਿਕਰਯੋਗ ਹੈ ਕਿ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਵੱਲੋਂ 25 ਸਤੰਬਰ ਨੂੰ 3 ਵਜੇ 49 ਹਜ਼ਾਰ ਕਿਊਸਿਕ ਤੱਕ ਵਾਧੂ ਪਾਣੀ ਛੱਡਿਆ ਜਾਣਾ ਸੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਅਤੇ ਨਾ ਹੀ ਅਫਵਾਹਾਂ ‘ਤੇ ਯਕੀਨ ਕਰਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਵਿੱਚ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਨਾਲ ਹੀ ਸੁਚੇਤ ਕਰਦਿਆਂ ਕਿਹਾ ਕਿ ਬਿਆਸ ਦਰਿਆ ਨੇੜਲੇ ਇਲਾਕੇ ਸੁਚੇਤ ਰਹਿਣ ਅਤੇ ਕੰਢਿਆਂ ‘ਤੇ ਜਾਣ ਤੋਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਪਸ਼ੂ ਵੀ ਨਾ ਲਿਜਾਏ ਜਾਣ। ਉਨ੍ਹਾਂ ਸਿਹਤ ਵਿਭਾਗ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਬਾਰਸ਼ਾਂ ਕਾਰਨ ਡੇਂਗੂ, ਮਲੇਰੀਆਂ, ਹੈਜ਼ਾ ਆਦਿ ਬਿਮਾਰੀਆਂ ਫੈਲ ਸਕਦੀਆਂ ਹਨ, ਇਸ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾ ਕੇ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।