ਚਿੰਤਾ ਦੀਆਂ ਲਕੀਰਾਂ : ਕਾਲੀ ਸਿਲਾਈ ਮਸ਼ੀਨ ਦੇ ਬਖੇ ਉਧੇੜਨ ਲੱਗੀ ਚੀਨੀ ਚਿੱਟੀ ਮਸ਼ੀਨ

Sewing Machine

ਕਾਲੀ ਸਿਲਾਈ ਮਸ਼ੀਨ ਬਣਾਉਣ ਵਾਲੇ ਕਾਰੋਬਾਰੀ ਚੀਨੀ ਚਿੱਟੀ ਮਸ਼ੀਨ ਦੀ ਆਮਦ ’ਤੇ ਚਿੰਤਾ ’ਚ | Sewing Machine

  • ਚਾਈਨਾ ਦੀਆਂ ਨਵੀਆਂ/ਪੁਰਾਣੀਆਂ ਮਸ਼ੀਨਾਂ ਦੀ ਆਮਦ ਤੇ ਕਾਰੋਬਾਰੀਆਂ ਦੀ ਨਵੀਂ ਪੀੜ੍ਹੀ ਦਾ ਵਿਦੇਸ਼ਾਂ ਵੱਲ ਰੁਖ ਕਾਰੋਬਾਰ ਦੇ ਨਿਘਾਰ ਦਾ ਕਾਰਨ | Sewing Machine

ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ’ਚ 1942 ਤੋਂ ਸ਼ੁਰੂ ਹੋਇਆ ਕਾਲੇ ਰੰਗ ਦੀਆਂ ਸਿਲਾਈ ਮਸ਼ੀਨਾਂ ਤੇ ਉਨ੍ਹਾਂ ਦੇ ਪੁਰਜ਼ੇ ਬਣਾਉਣ ਦਾ ਕਾਰੋਬਾਰ ਇਨ੍ਹੀਂ ਦਿਨੀਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਇਸ ਦਾ ਮੁੱਖ ਕਾਰਨ ਇੰਡਸਟਲਿਸਟਾਂ ਵੱਲੋਂ ਚੀਨੀ ਨਵੀਂ/ਪੁਰਾਣੀ ਮਸ਼ੀਨ ਦਾ ਭਾਰਤ ’ਚ ਦਖ਼ਲ ਤੇ ਕਾਰੋਬਾਰੀਆਂ ਦੀ ਨਵੀਂ ਪੀੜ੍ਹੀ ਦਾ ਫੈਕਟਰੀਆਂ ’ਚ ਮਿਹਨਤ ਕਰਨ ਤੋਂ ਕਿਨਾਰਾ ਕਰਕੇ ਵਿਦੇਸ਼ਾਂ ਦਾ ਰੁਖ ਕਰਨਾ ਮੰਨਿਆ ਜਾ ਰਿਹਾ ਹੈ। ਇੰਡਸਟਲਿਸਟਾਂ ਮੁਤਾਬਕ ਸਿਲਾਈ ਮਸ਼ੀਨ ਬਣਾਉਣ ਦੇ ਕਿੱਤੇ ਨਾਲ ਜੁੜੇ 5 ਹਜ਼ਾਰ ਤੋਂ ਵੱਧ ਕਾਰੋਬਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। (Sewing Machine)

ਜਾਣਕਾਰੀ ਮੁਤਾਬਕ ਕਿਸੇ ਸਮੇਂ ਪੂਰੇ ਭਾਰਤ ’ਚ ਕਾਲੀਆਂ ਸਿਲਾਈ ਮਸ਼ੀਨਾਂ ਦਾ ਦਬਦਬਾ ਸੀ। ਅਕਸਰ ਹੀ ਮਾਪਿਆਂ ਵੱਲੋਂ ਆਪਣੀਆਂ ਧੀਆਂ ਨੂੰ ਵਿਆਹ ’ਚ ਅਤੇ ਅਨੇਕਾਂ ਸਮਾਗਮਾਂ ’ਚ ਲੜਕੀਆਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਜ਼ਿਆਦਾਤਰ ਕਾਲੀਆਂ ਸਿਲਾਈ ਮਸ਼ੀਨਾਂ ਦੇ ਕੇ ਹੀ ਸਨਮਾਨਿਤ ਕੀਤਾ ਜਾਂਦਾ ਸੀ। ਇਸ ਕਾਲੀ ਸਿਲਾਈ ਮਸ਼ੀਨ ਦਾ ਦੌਰ ਹੁਣ ਜਾਂ ਤਾਂ ਖਤਮ ਹੋ ਗਿਆ ਹੈ ਜਾਂ ਫ਼ਿਰ ਚਾਇਨਾ ਵੱਲੋਂ ਤਿਆਰ ਚਿੱਟੀ ਮਸ਼ੀਨ ਹੱਥ ਆ ਗਿਆ ਹੈ। ਕੋਈ ਸਮਾਂ ਸੀ ਜਦੋਂ ਲੁਧਿਆਣਾ ’ਚ ਤਿਆਰ ਸਿਲਾਈ ਮਸ਼ੀਨ ਏਸ਼ੀਆ ਸਮੇਤ ਯੂਰਪ ਦੇ ਕਈ ਹਿੱਸਿਆਂ ’ਚ ਵੀ ਸਪਲਾਈ ਹੰੁਦੀ ਸੀ ਪਰ ਅੱਜ-ਕੱਲ੍ਹ ਇਸ ਦਾ ਦਾਇਰਾ ਬੇਹੱਦ ਸਿਮਟ ਗਿਆ ਹੈ।

ਕਾਲੀ ਮਸ਼ੀਨ ਦੇ ਪੁਰਜ਼ੇ

ਭਾਵੇਂ ਇੱਥੋਂ ਦੇ ਕੁਝ ਕੁ ਫੈਕਟਰੀ ਚਾਲਕਾਂ ਨੇ ਚੀਨ ਦੀਆਂ ਕੰਪਨੀਆਂ ਨਾਲ ਗੱਠਜੋੜ ਕਰਕੇ ਚਿੱਟੀ ਮਸ਼ੀਨ ਨੂੰ ਅਸੈਂਬਲ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਹਾਲੇ ਵੀ ਅਣਗਿਣਤ ਇੰਡਸਟਲਿਸਟ ਕਾਲੀ ਮਸ਼ੀਨ ਜਾਂ ਕਾਲੀ ਮਸ਼ੀਨ ਦੇ ਪੁਰਜ਼ੇ ਬਣਾ ਰਹੇ ਹਨ। ਜਿਨ੍ਹਾਂ ਦਾ ਕਾਰੋਬਾਰ ਲਗਾਤਾਰ ਨਿੱਘਰਦਾ ਜਾ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਮਹਾਂਨਗਰ ’ਚ ਕਾਲੀ ਸਿਲਾਈ ਮਸ਼ੀਨ ਦਾ ਨਿਰਯਾਤ ਲਗਾਤਾਰ ਘੱਟਦਾ ਜਾ ਰਿਹਾ ਹੈ, ਜਿਸ ਦਾ ਕਾਰਨ ਚੀਨ ਦੀਆਂ ਚਿੱਟੀਆਂ ਮਸ਼ੀਨਾਂ ਪ੍ਰਤੀ ਵਧ ਰਹੀ ਲੋਕਾਂ ਦੀ ਦਿਲਚਸਪੀ ਅਤੇ ਨਵੀਂ ਪੀੜ੍ਹੀ ਦਾ ਹੱਥੀ ਕਿਰਤ ਤੋਂ ਕਿਨਾਰਾ ਕਰਕੇ ਵਿਦੇਸ਼ਾਂ ਦਾ ਰੁਖ ਕਰਨਾ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਮੀਂਹ ਨੇ ਮਚਾਈ ਤਬਾਹੀ, ਵੇਖੋ ਕਿੱਥੇ-ਕਿੱਥੇ ਹੋਇਆ ਭਾਰੀ ਨੁਕਸਾਨ

ਇੰਡਸਟਲਿਸਟਾਂ ਦਾ ਮੰਨਣਾ ਹੈ ਕਿ ਸਥਾਨਕ ਸ਼ਹਿਰ ’ਚ ਕੁਝ ਵਪਾਰੀ ਬੇਹੱਦ ਸਸਤੇ ’ਚ ਸਿਲਾਈ ਮਸ਼ੀਨ ਵੇਚ ਰਹੇ ਹਨ, ਜਿਨ੍ਹਾਂ ਵੱਲੋਂ ਜਾਂ ਤਾਂ ਜੀਐੱਸਟੀ ’ਚ ਘਪਲਾ ਕੀਤਾ ਜਾ ਰਿਹਾ ਹੈ ਜਾਂ ਫ਼ਿਰ ਪੁਰਾਣੀ ਮਸ਼ੀਨ ਨੂੰ ਪੇਂਟ ਕਰਕੇ ਖ਼ਪਤਕਾਰਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਜਿਸ ਕਰਕੇ ਉਹ ਅਠਾਰਾਂ ਸੌ ਰੁਪਏ (ਇੱਕੀ-ਬਾਈ ਸੌ ਰੁਪਏ ਟਰੇਡਰ ਦਾ ਖ਼ਰਚਾ ਅਲੱਗ ਤੋਂ) ’ਚ ਤਿਆਰ ਹੋਈ ਕਾਲੀ ਮਸ਼ੀਨ ਨੂੰ ਸਾਢੇ ਸਤਾਰ੍ਹਾਂ ਸੌ ’ਚ ਹੀ ਵੇਚ ਰਹੇ ਹਨ। ਜਿਸ ਦਾ ਉਨ੍ਹਾਂ ਦੇ ਕਾਰੋਬਾਰ ’ਤੇ ਵੱਡਾ ਅਸਰ ਪਿਆ ਹੈ ਤੇ ਇਸ ਸਮੇਂ 5 ਹਜ਼ਾਰ ਤੋਂ ਵੱਧ ਪਰਿਵਾਰ ਸਿਲਾਈ ਮਸ਼ੀਨ ਬਣਾਉਣ ਦੇ ਕਾਰੋਬਾਰ ਤੋਂ ਲੱਗਭੱਗ ਕਿਨਾਰਾ ਕਰ ਚੁੱਕੇ ਹਨ।

ਇੰਡਸਟਲਿਸਟਾਂ ਮੁਤਾਬਕ ਚਾਇਨਾ ਤੋਂ ਸਿਲਾਈ ਮਸ਼ੀਨਾਂ ਦੇ ਭਾਰਤ ਪਹੁੰਚ ਰਹੇ ਕੰਟੇਨਰਾਂ ਨੇ ਮਹਾਂਗਨਰ ’ਚ ਸਿਲਾਈ ਮਸ਼ੀਨ ਦੇ ਕਾਰੋਬਾਰ ਨੂੰ ਭਾਰੀ ਸੱਟ ਮਾਰੀ ਹੈ। ਬਾਹਰੋਂ ਆ ਰਹੀਆਂ ਬਹੁਤੀਆਂ ਮਸ਼ੀਨਾਂ ਨਵੀਆਂ ਨਾ ਹੋ ਕੇ ਰੀਪੇਂਟ ਕੀਤੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਨਵਾਂ ਦੱਸ ਕੇ ਮਹਾਂਨਗਰ ਦੇ ਵੀ ਕੁਝ ਵਪਾਰੀ ਨਾ ਸਿਰਫ਼ ਖਪਤਕਾਰਾਂ ਨੂੰ ਠੱਗ ਰਹੇ ਹਨ, ਸਗੋਂ ਸਰਕਾਰ ਨੂੰ ਵੀ ਚੂਨਾ ਲਗਾ ਰਹੇ ਹਨ।

ਤੇਜ਼ ਨਾਲ ਕਰਦੀ ਹੈ ਕੰਮ

ਕਾਲੇ ਰੰਗ ਦੀ ਸਿਲਾਈ ਮਸ਼ੀਨ ਵਜ਼ਨ ’ਚ ਭਾਰੀ ਤੇ ਮਜ਼ਬੂਤ ਹੋਣ ਦੇ ਨਾਲ ਹੀ ਟਿਕਾਊ ਹੁੰਦੀ ਹੈ। ਜਦੋਂ ਕਿ ਇਸ ਦੇ ਮੁਕਾਬਲੇ ਚੀਨੀ ਚਿੱਟੀ ਮਸ਼ੀਨ ਸਿਲਾਈ/ਕਢਾਈ ਦਾ ਕੰਮ ਕਰਨ ਦੇ ਨਾਲ ਹੀ ਤੇਜ਼ੀ ਨਾਲ ਕੰਮ ਨਿਪਟਾਉਣ ਦੀ ਯੋਗਤਾ ਰੱਖਦੀ ਹੈ। ਇਸ ਤੋਂ ਇਲਾਵਾ ਚਿੱਟੀ ਮਸ਼ੀਨ ’ਚ ਸਿਲਾਈ/ਕਢਾਈ ਤੇ ਇਸ ਨਾਲ ਜੁੜੀਆਂ ਹੋਰ ਵੀ ਅਨੇਕ ਲੋੜੀਂਦੀਆਂ ਸਹੂਲਤਾਂ ਮੌਜ਼ੂਦ ਹਨ।
– ਹਰਪਾਲ ਕੌਰ ਅਬਲੂ ਤੇ ਰਣਜੀਤ ਭੰਡਾਰੀ ਲੁਧਿਆਣਾ।

ਸਰਕਾਰ ਸਿਲਾਈ ਮਸ਼ੀਨ ਕਾਰੋਬਾਰੀਆਂ ਦੀ ਬਾਂਹ ਫ਼ੜੇ | Sewing Machine

20 ਸਾਲ ਪਹਿਲਾਂ ਸਰਕਾਰ ਨੇ ਭਾਰਤ ’ਚ ਕਲਸਟਰ ਪੋ੍ਰਗਰਾਮ ਸ਼ੁਰੂ ਕੀਤਾ, ਜੋ ਵੱਖ-ਵੱਖ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਲਿਆਂਦੀਆਂ ਨਵੀਂਆਂ ਪਾਲਿਸੀਆਂ ਕਾਰਨ 2020 ’ਚ ਮਸਾਂ ਹੀ ਪਾਸ ਹੋ ਸਕਿਆ। ਇਸ ’ਚ ਕਾਰੋਬਾਰੀਆਂ ਦਾ ਕਰੋੜਾਂ ਰੁਪਇਆ ਬਰਬਾਦ ਹੋਣ ਪਿੱਛੋਂ ਸਰਕਾਰ ਵੱਲੋਂ ਕਾਰੋਬਾਰੀ ਨੂੰ ਖੁਦ ਦੀ ਲੈਂਡ ਖ੍ਰੀਦ ਕਰਨ ਲਈ ਮਜ਼ਬੂਰ ਕੀਤਾ ਜੋ ਇਨ੍ਹਾਂ ਦੇ ਵੱਸ ’ਚ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਲੈਂਡ ਦੇ ਚੁੱਕੇ ਹਨ, ਜਿਸ ਦੀ ਹਾਈਵੇ ਅਧੀਨ ਆਉਣ ਕਾਰਨ ਰਜਿਸਟਰੀ ਨਹੀਂ ਹੋ ਸਕਦੀ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਸਨੂੰ ਲੀਜ਼ ਮੰਨੇ ਤੇ ਸਿਲਾਈ ਮਸ਼ੀਨ ਕਾਰੋਬਾਰੀਆਂ ਦੀ ਸਹਾਇਤਾ ਕਰੇ।

Sewing Machine

ਉਨ੍ਹਾਂ ਕਿਹਾ ਕਿ ਕਾਰੋਬਾਰੀ ਘਰਾਣਿਆਂ ਦੀ ਨਵੀਂ ਪੀੜ੍ਹੀ ਦਾ ਵਿਦੇਸ਼ਾਂ ਵੱਲ ਭੱਜਣਾ ਤੇ ਸਰਕਾਰ ਵੱਲੋਂ ਗਾਰਮੈਂਟ ਸੈਕਟਰ ਨੂੰ ਬਚਾਉਣ ’ਤੇ ਧਿਆਨ ਨਾ ਦੇਣਾ ਵੀ ਉਨ੍ਹਾਂ ਦੇ ਕਾਰੋਬਾਰ ਦੇ ਨਿਘਾਰ ਵੱਲ ਵਧਣ ਦਾ ਮੁੱਖ ਕਾਰਨ ਹੈ। ਉਨ੍ਹਾਂ ਦੱਸਿਆ ਕਿ ਚਾਇਨਾ ’ਤੋਂ ਸਕਰੈਪ ’ਚ ਆਉਣ ਵਾਲੀ ਪੁਰਾਣੀ ਮਸ਼ੀਨ ਨੂੰ ਪੇਂਟ ਕਰਕੇ ਸਥਾਨਕ ਮਹਾਂਨਗਰ ’ਚ 20-22 ਹਜ਼ਾਰ ਦੀ ਬਜਾਇ 6500- 13 ਹਜ਼ਾਰ ਰੁਪਏ ’ਚ ਵੇਚਿਆ ਜਾ ਰਿਹਾ ਹੈ। ਜਿਸ ਦੀ ਮਿਸਾਲ ਸੁੰਦਰ ਤੇ ਗਾਂਧੀ ਨਗਰ ’ਚ ਪ੍ਰਤੱਖ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਲਾਈ ਮਸ਼ੀਨ ਬਣਾਉਣ ਵਾਲਿਆਂ ਲਈ ਮੰਡੀ ਤਿਆਰ ਨਹੀਂ ਕੀਤੀ, ਜਿਸ ਦਾ ਨੁਕਸਾਨ ਵੀ ਕਾਰੋਬਾਰੀਆਂ ਨੂੰ ਉਠਾਉਣਾ ਪੈ ਰਿਹਾ ਹੈ।

ਜਗਬੀਰ ਸਿੰਘ ਸੋਖੀ, ਪ੍ਰਧਾਨ,
ਸਿਲਾਈ ਮਸ਼ੀਨ ਐਸੋਸੀਏਸ਼ਨ ਲੁਧਿਆਣਾ।