ਸਰਜੀਕਲ ਸਟ੍ਰਾਈਕ ਮਾਮਲੇ ‘ਚ ਭਾਰਤੀ ਫੌਜ ਦਾ ਸਿਆਸੀਕਰਨ ਬੰਦ ਕਰੇ ਕੇਂਦਰ

Center, Stop, Indian, Army, Politicalisation, Surgical, Strikes, Case

ਨਸ਼ਿਆਂ ਦੇ ਮਾਮਲੇ ‘ਤੇ ਸਿਆਸੀ ਤੇ ਨਿੱਜੀ ਲਾਭ ਲੈਣ ਲਈ ਖਹਿਰਾ ਦੀ ਅਲੋਚਨਾ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਜੀਕਲ ਸਟ੍ਰਾਈਕ ਦੇ ਮਾਮਲੇ ‘ਤੇ ਭਾਰਤੀ ਫੌਜ ਦਾ ਵਾਰ-ਵਾਰ ਸਿਆਸੀਕਰਨ ਕਰਨ ਦੀਆਂ ਕੋਸ਼ਿਸ਼ਾਂ ਕਰਨ ਲਈ ਕੇਂਦਰ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ ਹੈ। ਜੋਧਪੁਰ ਦੇ ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਟੈਲੀਵੀਜ਼ਨ ਚੈਨਲ ਵੱਲੋਂ ਜਾਰੀ ਕੀਤੀ ਸਰਜੀਕਲ ਸਟ੍ਰਾਈਕ ਦੀ ਕਥਿਤ ਵੀਡੀਓ ਨਹੀਂ ਦੇਖੀ ਤੇ ਉਹ ਸਿਆਸੀ ਫਾਇਦਾ ਲੈਣ ਲਈ ਫੌਜ ਦੀ ਵਰਤੋਂ ਕੀਤੇ ਜਾਣ ਦੇ ਹੱਕ ‘ਚ ਨਹੀਂ ਹਨ। ਕਾਂਗਰਸ ਪਾਰਟੀ ਵੱਲੋਂ ਪ੍ਰਗਟਾਈਆਂ ਗਈਆਂ ਭਾਵਨਾਵਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫੌਜ ਵੱਲੋਂ ਕੀਤੀ ਗਈ ਕਾਰਵਾਈ ਨੂੰ ਸਿਆਸਤ ਜਾਂ ਵੋਟਾਂ ਦੇ ਲਾਭ ਲਈ ਨਹੀਂ ਵਰਤਿਆ ਜਾਣਾ ਚਾਹੀਦਾ।

ਪੁਲਿਸ ਮੁਲਾਜ਼ਮਾਂ ਵੱਲੋਂ ਬੱਚਿਆਂ ਨੂੰ ਨਸ਼ਿਆਂ ਵੱਲ ਧੱਕਣ ਲਈ ਰਾਣਾ ਗੁਰਜੀਤ ਦੇ ਦੋਸ਼ਾਂ ਦੀ ਜਾਂਚ ਦਾ ਵਾਅਦਾ

ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਸਰਜੀਕਲ ਸਟ੍ਰਾਈਕ ਜਿਸ ‘ਚ ਭਾਰਤੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਦਾ ਦਾਅਵਾ ਕੀਤਾ ਜਾ ਰਿਹਾ ਹੈ ਦਾ ਵਾਰ-ਵਾਰ ਕੇਂਦਰ ਸਰਕਾਰ ਵੱਲੋਂ ਸਿਆਸੀਕਰਨ ਕੀਤਾ ਜਾ ਰਿਹਾ ਹੈ। ਇੱਕ ਹੋਰ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਨਸ਼ਿਆਂ ਦਾ ਮੁੱਦਾ ਵਾਰ-ਵਾਰ ਉਠਾਉਣ ਦੀ ਕੋਸ਼ਿਸ਼ ਕੀਤੇ ਜਾਣ ਲਈ ਤਿੱਖੀ ਅਲੋਚਨਾ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਗੂ ਵਾਰ-ਵਾਰ ਆਪਣੀ ਫੋਟੋ ਅਖਬਾਰਾਂ ਤੇ ਟੀਵੀ ਚੈਨਲਾਂ ‘ਚ ਦੇਖਣੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਤੇ ਇਸ ਕਰਕੇ ਨਸ਼ਿਆਂ ਦੇ ਸਮਗਲਰ ਇਸ ਵੇਲੇ ਭਾਰੀ ਦਬਾਅ ਵਿੱਚ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੇ ਸਮਗਲਰਾਂ ਦੀ ਚੂੜੀ ਕੱਸ ਦਿੱਤੀ ਹੈ ਤੇ ਇਸ ਵੇਲੇ ਤਕਰੀਬਨ 10000 ਸਮਗਲਰ ਜੇਲ੍ਹਾਂ ‘ਚ ਹਨ।

ਸਰਜੀਕਲ ਸਟ੍ਰਾਈਕ ਦੀ ਵੀਡੀਓ ਬਾਹਰ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਦਿੱਤੀ ਪ੍ਰਤੀਕਿਰਿਆ

ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਇੱਕ ਸਰਗਨਾ ਹਾਂਗ ਕਾਂਗ ਜੇਲ੍ਹ ‘ਚ ਹੈ ਤੇ ਉਸ ਦੀ ਹਵਾਲਗੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੇ ਤਿੰਨ ਮੁੱਖ ਸਪਲਾਇਰ ਭਾਰਤ ਤੋਂ ਫਰਾਰ ਹੋ ਚੁੱਕੇ ਹਨ। ਇੱਕ ਹੋਰ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਬੱਚਿਆਂ ਨੂੰ ਨਸ਼ਿਆਂ ‘ਚ ਧੱਕੇ ਜਾਣ ਦੇ ਲਾਏ ਗਏ ਦੋਸ਼ਾਂ ਦੀ ਜਾਂਚ ਕਰਵਾਉਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਵੱਖ-ਵੱਖ ਵਸੀਲਿਆਂ ਤੋਂ ਪ੍ਰਾਪਤ ਹੋਈ ਸੂਚਨਾ ਅਨੁਸਾਰ ਹੈਰੋਇਨ ਤੇ ਚਿੱਟੇ ਦੀ ਮਾਰਕੀਟ ‘ਚ ਸਪਲਾਈ ਬਹੁਤ ਮਮੂਲੀ ਰਹਿ ਗਈ ਹੈ। ਨਸ਼ਿਆਂ ਦੇ ਸਮਗਲਰ ਹੁਣ ਹੋਰਨਾਂ ਮਿਸ਼ਰਨਾਂ ਦੀ ਵਰਤੋਂ ਕਰ ਰਹੇ ਹਨ ਤੇ ਆਪਣੇ ਵਰਗ ਦੀ ਤਸੱਲੀ ਲਈ ਨਸ਼ੇ ਛਡਾਉਣ ਵਾਲੀ ਡਰੱਗ ਦੀ ਵੀ ਵਰਤੋਂ ਕਰਨ ਲੱਗ ਪਏ ਹਨ।