ਚਿੱਟੇ ਦਿਨੀਂ ਨਵੀਂ ਸਬਜ਼ੀ ਮੰਡੀ ‘ਚ ਆੜ੍ਹਤੀਏ ਦਾ ਗੋਲੀ ਮਾਰ ਕੇ ਕਤਲ

Arthi, Shot, Killed, White, Vegetables, Market, Day

ਲੁਧਿਆਣਾ, (ਰਘਬੀਰ ਸਿੰਘ/ਸੱਚ ਕਹੂੰ ਨਿਊਜ਼)। ਸ਼ਹਿਰ ਅੰਦਰ ਕ੍ਰਾਈਮ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ। ਅਪਰਾਧੀ ਅਨਸਰ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ ਨਹੀਂ ਕਰਦੇ ਅੱਜ ਸਥਾਨਕ ਜਲੰਧਰ ਬਾਈਪਾਸ ਨੇੜੇ ਸਥਿਤ ਨਵੀਂ ਦਾਣਾ ਮੰਡੀ ‘ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਐਕਟਿਵਾ ਸਵਾਰ ਅਣਪਛਾਤੇ ਨੌਜਵਾਨ ਨੇ ਮੰਡੀ ਦੇ ਇੱਕ ਆੜ੍ਹਤੀਏ ਨੂੰ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਰੌਲਾ ਪਾਉਂਦਾ ਫਰਾਰ ਹੋ ਗਿਆ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਸਮੇਤ ਹੋਰ ਪੁਲਿਸ ਦੇ ਆਲਾ ਅਧਿਕਾਰੀ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ।

ਜਾਂਦੇ-ਜਾਂਦੇ ਐਕਟਿਵਾ ਵਾਲੇ ਨੇ ਕਿਹਾ ਕੁਝ ਅਜਿਹਾ

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਰੀਬ ਸਾਢੇ 12 ਵਜੇ ਜਦੋਂ ਆੜ੍ਹਤੀ ਗੁਰਜੀਤ ਸਿੰਘ ਚੌਧਰੀ ਆਪਣੀ ਦੁਕਾਨ ‘ਤੇ ਕੰਮ ‘ਚ ਰੁਝਿਆ ਹੋਇਆ ਸੀ। ਇੱਕ ਅਣਪਛਾਤਾ ਵਿਅਕਤੀ ਐਕਟਿਵਾ ‘ਤੇ ਆਇਆ ਤੇ ਆਉਂਦੇ ਹੀ ਉਸ ਨੇ ਗੁਰਜੀਤ ਦੀ ਛਾਤੀ ‘ਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਗੰਭੀਰ ਰੂਪ ‘ਚ ਜ਼ਖਮੀ ਆੜ੍ਹਤੀਏ ਨੂੰ ਇੱਥੋਂ ਦੇ ਸੀਐੱਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ‘ਤੇ ਸਵਾਰ ਹੋ ਕੇ ਆਇਆ ਕਾਤਲ ਜਾਂਦੇ-ਜਾਂਦੇ ਕਹਿ ਰਿਹਾ ਸੀ ਕਿ ਮੈਂ ਆਪਣਾ ਕੰਮ ਕਰ ਦਿੱਤਾ ਹੈ ਤੇ ਹੁਣ ਜੋ ਤੁਸੀਂ ਕਰਨਾ ਹੋਵੇਗਾ ਕਰ ਲੈਣਾ। ਗੋਲੀ ਦੀ ਆਵਾਜ਼ ਸੁਣਦੇ ਹੀ ਸਬਜ਼ੀ ਮੰਡੀ ‘ਚ ਕੰਮ ਕਰਨ ਵਾਲੇ ਤੇ ਆੜ੍ਹਤੀਏ ਇਕੱਠੇ ਹੋ ਗਏ ਤੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਕਾਤਲ ਨੂੰ ਛੇਤੀ ਹੀ ਗ੍ਰਿਫਤਾਰ ਕਰਨ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਆੜ੍ਹਤੀਆਂ ਨੇ ਕਿਹਾ ਕਿ ਸਬਜ਼ੀ ਮੰਡੀ ਅੰਦਰ ਵੀ ਆੜ੍ਹਤੀਏ ਸੁਰੱਖਿਅਤ ਨਹੀਂ ਹਨ। ਜਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਵੀ ਇਸ ਮੰਡੀ ‘ਚ ਇੱਕ ਆੜ੍ਹਤੀਏ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਕਰਕੇ ਹੁਣ ਆੜ੍ਹਤੀਆਂ ‘ਚ ਡਰ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਜੀਤ ਸਿੰਘ ਮੂਲ ਰੂਪ ‘ਚ ਜੰਮੂ ਦਾ ਰਹਿਣ ਵਾਲਾ ਹੈ ਤੇ ਮੌਜੂਦਾ ਸਮੇਂ ‘ਚ ਉਹ ਆਪਣੇ ਪਰਿਵਾਰ ਨਾਲ ਸਲੇਮ ਟਾਬਰੀ ਵਿਖੇ ਰਹਿ ਰਿਹਾ ਸੀ ਤੇ ਉਹ ਜੰਮੂ ਫਾਊਂਡੇਸ਼ਨ ਦਾ ਪ੍ਰਧਾਨ ਵੀ ਸੀ। ਮੌਕੇ ‘ਤੇ ਪੁੱਜੇ ਕਮਿਸ਼ਨਰ ਪੁਲਿਸ ਨੇ ਪੜਤਾਲ ਕੀਤੀ ਪੁਲਿਸ ਅਧਿਕਾਰੀਆਂ ਮੁਤਾਬਿਕ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।