ਦੋ ਦਰਜਨ ਚੋਰੀ ਦੇ ਵਾਹਨਾਂ ਸਮੇਤ ਤਿੰਨ ਕਾਬੂ

Three, Controls, Including, Two, Dozen, Stolen, Vehicles

ਪੁਲਿਸ ਨੇ 4 ਕਾਰਾਂ, 12 ਮੋਟਰਸਾਈਕਲ ਤੇ 8 ਸਕੂਟਰੀਆਂ ਕੀਤੀਆਂ ਬਰਾਮਦ

ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ/ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕਰੀਬ 35 ਲੱਖ ਰੁਪਏ ਕੀਮਤ ਦੀਆਂ ਚੋਰੀ ਕੀਤੀਆਂ 4 ਕਾਰਾਂ, 12 ਮੋਟਰਸਾਈਕਲ ਤੇ 7 ਜੁਪੀਟਰ ਤੇ ਐਕਟਿਵਾ ਸਕੂਟਰੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਪੁਲਿਸ ਲਾਈਨ ਮਹਾਦੀਆਂ ਵਿਖੇ ਗ੍ਰਿਫਤਾਰ ਕੀਤੇ ਚੋਰ ਗਿਰੋਹ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਚੋਰ ਗਿਰੋਹ ਬਾਰੇ ਮਿਲੀ ਸੂਚਨਾ ਦੇ ਆਧਾਰ ‘ਤੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਗੁਰਸੇਵਕ ਸਿੰਘ, ਰਣਜੀਤ ਸਿੰਘ ਅਤੇ ਰਹੁਲ ਸਿੰਘ ਵਿਰੁੱਧ ਧਾਰਾ 379 ਅਧੀਨ ਮੁਕੱਦਮਾ ਦਰਜ਼ ਕੀਤਾ ਗਿਆ ਸੀ ਜਦੋਂ ਕਿ ਚੋਰ ਗਿਰੋਹ ਦੇ ਮੈਬਰਾਂ ਦੇ ਕਾਬੂ ਆਉਣ ‘ਤੇ ਹੁਣ ਇਸ ਮੁਕੱਦਮੇ ਵਿੱਚ ਧਾਰਾ 411 ਤੇ 473 ਵੀ ਜੋੜੀਆਂ ਗਈਆਂ ਹਨ।

ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ ਤਿੰਨ ਵਾਰ ਰਿਮਾਂਡ ਹਾਸਲ ਕੀਤਾ

ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਮੁੱਖ ਥਾਣਾ ਅਫਸਰ ਮੰਡੀ ਗੋਬਿੰਦਗੜ੍ਹ ਨੇ ਆਪਣੀ ਟੀਮ ਸਮੇਤ 22 ਜੂਨ ਨੂੰ ਟੀ ਪੁਆਇੰਟ ਰਾਮਨਗਰ ਭਾਦਲਾ ਕੱਟ, ਮੰਡੀ ਗੋਬਿੰਦਗੜ੍ਹ ਵਿਖੇ ਲਾਏ ਨਾਕੇ ਦੌਰਾਨ ਉਕਤ ਤਿੰਨਾਂ ਮੁਲਜ਼ਮਾਂ ਨੂੰ ਚੋਰੀ ਦੀਆਂ ਦੋ ਕਾਰਾਂ ਵਰਨਾ ਜਿਸ ਨੂੰ ਕਥਿਤ ਦੋਸ਼ੀ ਨੇ ਜਾਅਲੀ ਨੰਬਰ ਪੀ. ਬੀ. 23 ਏ-4141,  ਜੈੱਨ ਕਾਰ ਨੰ: ਪੀ. ਬੀ. 26 ਬੀ-7677 ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਉਨ੍ਹਾਂ ਦਾ ਤਿੰਨ ਵਾਰ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁਲਿਸ ਹਿਰਾਸਤ ‘ਚ ਇਨ੍ਹਾਂ ਨੇ ਮੰਨਿਆ ਕਿ ਉਕਤ ਕਾਰਾਂ ਤੋਂ ਇਲਾਵਾ ਗੁਰਸੇਵਕ ਸਿੰਘ ਉਰਫ ਸੇਵਕ ਕੋਲ 2 ਕਾਰਾਂ, 5 ਮੋਟਰਸਾਈਕਲ ਤੇ 5 ਸਕੂਟਰੀਆਂ, ਰਣਜੀਤ ਸਿੰਘ ਉਰਫ ਗਿਆਨੀ ਕੋਲੋਂ 4 ਮੋਟਰਸਾਈਕਲ ਤੇ 1 ਸਕੂਟਰੀ ਤੇ ਰਾਹੁਲ ਸਿੰਘ ਕੋਲੋਂ 2 ਮੋਟਰਸਾਈਕਲ ਤੇ 1 ਸਕੂਟਰੀ ਬਰਾਮਦ ਕੀਤੀਆਂ ਗਈਆਂ ਹਨ।

ਸ਼੍ਰੀਮਤੀ ਮੀਨਾ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਹ ਵਾਹਨ ਪਿਛਲੇ ਲੰਮੇ ਸਮੇਂ ਤੋਂ ਗੋਬਿੰਦਗੜ੍ਹ, ਮੋਹਾਲੀ, ਸੋਹਾਣਾ, ਖੰਨਾ, ਤਰਨਤਾਰਨ ਤੇ ਪਟਿਆਲਾ ਤੋਂ ਚੋਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਹਿਰਾਸਤ ‘ਚ ਹਨ ਤੇ ਇਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀ. ਐੱਸ. ਪੀ. ਅਮਲੋਹ ਮਨਪ੍ਰੀਤ ਸਿੰਘ, ਮੁੱਖ ਥਾਣਾ ਅਫਸਰ ਮੰਡੀ ਗੋਬਿੰਦਗੜ੍ਹ ਸੁਖਬੀਰ ਸਿੰਘ, ਥਾਣੇਦਾਰ ਅਮਨਦੀਪ ਸਿੰਘ, ਸਹਾਇਕ ਥਾਣੇਦਾਰ ਕੁਲਦੀਪ ਸਿੰਘ, ਸਹਾਇਕ ਥਾਣੇਦਾਰ ਕੇਵਲ ਸਿੰਘ, ਸਹਾਇਕ ਥਾਣੇਦਾਰ ਜਸਪਾਲ ਸਿੰਘ, ਮੁੱਖ ਮੁਨਸ਼ੀ ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਬੂਟਾ ਸਿੰਘ ਤੇ ਹੌਲਦਾਰ ਗੁਰਭੇਜ ਸਿੰਘ ਵੀ ਹਾਜ਼ਰ ਸਨ।