ਵਿਧਾਇਕ ਬਿਲਾਸਪੁਰ ਦੀ ਸਰਕਾਰੀ ਗੱਡੀ ਦੀਆਂ ਬਰੇਕਾਂ ਹੋਈਆਂ ਫੇਲ੍ਹ

Break, Failed, Due, Breakdown, Official, Vehicle, MLA, Bilaspur

ਵਾਲ ਵਾਲ ਬਚੇ ਵਿਧਾਇਕ ਬਿਲਾਸਪੁਰ

ਨਿਹਾਲ ਸਿੰਘ ਵਾਲਾ (ਪੱਪੂ ਗਰਗ/ਸੱਚ ਕਹੂੰ ਨਿਊਜ਼)। ਸਰਕਾਰੀ ਇਨੋਵਾ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਜਾਣ ਕਾਰਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਵਾਲ-ਵਾਲ ਬਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਧਾਇਕ ਆਪਣੇ ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਕਿਸੇ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਪਿੰਡ ਸੈਦੋਕੇ ਵੱਲ ਜਾ ਰਹੇ ਸਨ ਕਿ ਅਚਾਨਕ ਸਰਕਾਰੀ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਤਿੱਖੜ ਦੁਪਹਿਰਾ ਹੋਣ ਕਾਰਨ ਸੜਕ ‘ਤੇ ਆਵਾਜਾਈ ਘੱਟ ਸੀ ਤੇ ਡਰਾਈਵਰ ਨੇ ਬਹੁਤ ਹੀ ਸਮਝਦਾਰੀ ਤੋਂ ਕੰਮ ਲੈਂਦਿਆਂ ਹੌਲੀ-ਹੌਲੀ ਗੱਡੀ ਨੂੰ ਕੰਟਰੋਲ ਕੀਤਾ ਘਟਨਾ ਸਥਾਨ ‘ਤੇ ਤੁਰੰਤ ਪਹੁੰਚੇ ਪਿੰਡ ਹਿੰਮਤਪੁਰਾ ਦੇ ਸਰਪੰਚ ਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੱਡੀ ਕੋਲ ਗਏ ਤਾਂ ਵਿਧਾਇਕ ਤੇ ਅਮਲਾ ਕਾਫੀ ਘਬਰਾਹਟ ‘ਚ ਸੀ ਤੇ ਇਨੋਵਾ ਗੱਡੀ ਦੀਆਂ ਬਰੇਕਾਂ ਦਾ ਹੇਠਲਾ ਹਿੱਸਾ ਦੂਰ-ਦੂਰ ਤੱਕ ਖਿੱਲਰਿਆ ਪਿਆ ਸੀ।

‘ਸੱਚ ਕਹੂੰ’ ਨੇ ਕੁਝ ਦਿਨ ਪਹਿਲਾਂ ਹੀ ਕੰਡਮ ਗੱਡੀਆਂ ਬਾਰੇ ਪ੍ਰਮੁੱਖਤਾ ਨਾਲ ਛਾਪੀ ਸੀ ਖਬਰ

ਇਸ ਮੌਕੇ ਸਰਪੰਚ ਚਰਨ ਸਿੰਘ ਨੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂਆਂ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਹੋਰ ਗੱਡੀ ਦਾ ਪ੍ਰਬੰਧ ਕਰਕੇ ਵਿਧਾਇਕ ਬਿਲਾਸਪੁਰ ਨੂੰ ਭੇਜਿਆ ਗਿਆ। ਇਸ ਘਟਨਾ ਸਬੰਧੀ ਵਿਧਾਇਕ ਨੇ ਦੱਸਿਆ ਕਿ ਗੱਡੀ ਦੀ ਮਾੜੀ ਹਾਲਤ ਬਾਰੇ ਉਨ੍ਹਾਂ ਸਬੰਧਿਤ ਮਹਿਕਮੇ ਨੂੰ ਕਈ ਵਾਰ ਜਾਣਕਾਰੀ ਦਿੱਤੀ ਸੀ ਪਰ ਕੋਈ ਅਸਰ ਨਹੀਂ ਹੋਇਆ। ਜਿਕਰਯੋਗ ਹੈ ‘ਰੋਜ਼ਾਨਾ ਸੱਚ ਕਹੂੰ’ ਦੇ ਚੰਡੀਗੜ੍ਹ ਸਥਿਤ ਪੱਤਰਕਾਰ ਵੱਲੋਂ ਕੁਝ ਦਿਨ ਪਹਿਲਾਂ ਕੰਡਮ ਗੱਡੀਆਂ ਨਾਲ ਕੰਮ ਚਲਾ ਰਹੇ 23 ਵਿਧਾਇਕਾਂ ਦੀ ਜਾਨ ਨੂੰ ਖਤਰੇ ਸਬੰਧੀ ਪੂਰੀ ਵਿਸਥਾਰਤ ਜਾਣਕਾਰੀ ਭਰਪੂਰ ਖਬਰ ਪ੍ਰਕਾਸ਼ਿਤ ਕੀਤੀ ਸੀ।