ਸੁਨਾਮ ਅਨਾਜ ਮੰਡੀ ‘ਚ ਝੋਨੇ ਦੀ ਆਮਦ ਸ਼ੁਰੂ, ਪ੍ਰਬੰਧ ਮੁਕੰਮਲ

Paddy Purchase
ਸੁਨਾਮ ਮੰਡੀ ਦੇ ਵਿੱਚ ਝੋਨੇ ਦੀ ਝਾਰ-ਝਰਾਈ ਕਰਦੇ ਮਜ਼ਦੂਰ।

ਇਸ ਵਾਰ ਬਾਂਸਮਤੀ 3600 ਤੋਂ 3800 ਦੇ ਰੇਟ ਨਾਲ ਵਿਕ ਰਹੀ ਹੈ

  •  ਪਹਿਲਾਂ ਨਾਲੋਂ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਵੱਲ ਘੱਟ ਰੁੱਖ ਕਰਨਾ ਚਿੰਤਾ ਦਾ ਵਿਸ਼ਾ
  • ਬਾਸਮਤੀ ਦਾ ਚੰਗਾ ਰੇਟ ਅਤੇ ਝਾੜ ਵਧੀਆ ਨਿਕਲਣ ਕਰਕੇ ਕਿਸਾਨ ਖੁਸ਼

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਸੁਨਾਮ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਮੰਡੀ ਵਿੱਚ ਫਿਲਹਾਲ ਸੱਠੀ ਜ਼ੀਰੀ ਹੀ ਆ ਰਹੀ ਹੈ, ਕੁੱਲ ਮਿਲਾ ਕੇ ਅਨਾਜ ਮੰਡੀ ਦੇ ਵਿੱਚ ਸਾਫ-ਸਫਾਈ ਪੱਖੋਂ ਅਤੇ ਹੋਰ ਕਿਸਾਨਾਂ ਨੂੰ ਛਾਂ, ਪੀਣ ਵਾਲੇ ਪਾਣੀ ਅਤੇ ਹੋਰ ਸੁਵਿਧਾਵਾਂ ਮੁਕੰਮਲ ਕਰ ਲਈਆਂ ਗਈਆਂ ਹਨ। ਕੱਲ੍ਹ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਵੀ ਸ਼ੁਰੂ ਹੋ ਰਹੀ ਹੈ, ਹੁਣ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਬਾਸਮਤੀ ਹੀ ਵੱਡ ਕੇ ਲਿਆ ਰਹੇ ਹਨ।

ਅਨਾਜ ਮੰਡੀ ਵਿੱਚ ਸਫਾਈ ਪ੍ਰਬੰਧ ਲਗਭਗ ਮੁਕੰਮਲ ਦਿਖਾਈ ਦੇ ਰਹੇ ਸਨ ਝੋਨੇ ਦੀ ਫਸਲ ਵੱਡ ਕੇ ਲਿਆਏ ਕਿਸਾਨ ਨਾਇਬ ਸਿੰਘ ਛਾਹੜ ਨੇ ਦੱਸਿਆ ਕਿ ਉਹ ਦੋ ਕੀਲਿਆਂ ਦੀ ਬਾਸਮਤੀ ਜੀਰੀ ਵੱਡ ਕੇ ਲਿਆਇਆ ਹੈ ਅਤੇ ਇੱਥੇਂ ਜੋ ਪ੍ਰਬੰਧ ਚਾਹੀਦੇ ਹਨ ਉਹ ਸਹੀ ਲੱਗ ਰਹੇ ਹਨ ਅਤੇ ਉਸਦੀ ਜੀਰੀ ਨੂੰ ਝਾਰ ਲਗਾਇਆ ਜਾ ਰਿਹਾ ਹੈ ਅਤੇ ਜਲਦ ਉਸਦੀ ਫਸਲ ਵਿਕਣ ਦੀ ਆਸ ਹੈ, ਕਿਸਾਨ ਨਾਇਬ ਸਿੰਘ ਨੇ ਦੱਸਿਆ ਕਿ ਬਾਸਮਤੀ 3700-3800 ਰੁਪਏ ਕੁਇੰਟਲ ਦੇ ਰੇਟ ਨਾਲ ਵਿਕ ਰਹੀ ਹੈ ਜੋ ਇੱਕ ਚੰਗਾ ਰੇਟ ਹੈ, ਕਿਸਾਨ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਫਸਲ ਦਾ ਚੰਗਾ ਝਾੜ ਨਿਕਲਣ ਦੀ ਵੀ ਆਸ ਲੱਗ ਰਹੀ ਹੈ, ਕਿਸਾਨ ਨੇ ਕਿਹਾ ਕਿ ਇਸ ਬਾਰ ਪੂਸਾ 44 ਅਤੇ ਹੋਰ ਕੁਆਲਟੀਆਂ ਦਾ ਵੀ ਇਸ ਵਾਰ ਚੰਗਾ ਝਾੜ ਨਿਕਲਣ ਦੀ ਆਸ ਜਤਾਈ ਹੈ।

ਦੱਸਣਯੋਗ ਹੈ ਕਿ ਗੱਲਾਂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਵੀ ਪੰਜਾਬ ਦੀਆਂ ਮੰਡੀਆਂ ਬੰਦ ਕਰਨ ਸਬੰਧੀ ਹੜਤਾਲ ਕੀਤੀ ਹੋਈ ਹੈ। ਗੱਲਾਂ ਮਜ਼ਦੂਰ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਪੰਜਾਬ ਸਰਕਾਰ ਪਹਿਲਾਂ ਮੰਨ ਚੁੱਕੀ ਸੀ ਪ੍ਰੰਤੂ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ, ਇਸ ਵਜੋਂ ਉਹਨਾਂ ਵੱਲੋਂ 1 ਅਕਤੂਬਰ ਤੋਂ ਸਾਰੇ ਪੰਜਾਬ ਭਰ ਦੀਆਂ ਮੰਡੀਆਂ ਅਣਮਿਥੇ ਸਮੇਂ ਲਈ ਬੰਦ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਚਾਇਤੀ ਜ਼ਮੀਨ ਨੂੰ ਲੈ ਕੇ ਕਿਸਾਨਾਂ ਵੱਲੋਂ ਮਲੋਟ-ਫਾਜ਼ਿਲਕਾ ਰੋਡ ‘ਤੇ ਲਾਇਆ ਧਰਨਾ 

ਹੁਣ 1 ਅਕਤੂਬਰ ਤੋਂ ਹੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਅਤੇ 10-15 ਅਕਤੂਬਰ ਤੱਕ ਪੂਸਾ 44 ਅਤੇ ਹੋਰ ਕੁਆਲਟੀਆਂ ਦਾ ਝੋਨਾ ਮੰਡੀਆਂ ਦੇ ਵਿੱਚ ਆ ਜਾਵੇਗਾ। ਜੇਕਰ ਇਹ ਗੱਲਾਂ ਮਜ਼ਦੂਰ ਯੂਨੀਅਨ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੇਬਰ ਅਤੇ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਕੁਝ ਆੜਤੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਦੇ ਵਿੱਚ ਜਿਆਦਾਤਰ ਝਾਰ-ਝਰਾਈ ਦਾ ਕੰਮ ਪ੍ਰਵਾਸੀ ਮਜ਼ਦੂਰ ਹੀ ਕਰਦੇ ਹਨ ਤੇ ਉਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਲੋੜ ਹੁੰਦੀ ਹੈ ਅਤੇ ਹੁਣ ਪਹਿਲਾਂ ਨਾਲੋਂ ਪ੍ਰਵਾਸੀ ਮਜ਼ਦੂਰ ਪੰਜਾਬ ਵੱਲ ਘੱਟ ਰੁੱਖ ਕਰ ਰਹੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।

ਮੰਡੀ ’ਚ ਸਾਰੇ ਖਰੀਦ ਪ੍ਰਬੰਧ ਮੁਕੰਮਲ (Paddy Purchase)

 

ਇਸ ਮੌਕੇ ਆੜਤੀਆਂ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਤੇ ਆੜਤੀਆਂ ਵੱਲੋਂ ਪਿੜਾ ਦੀ ਸਾਫ-ਫਾਈ ਅਤੇ ਹੋਰ ਲੇਬਰ ਵਗੈਰਾ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਮੰਡੀ ਦੇ ਵਿੱਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਆੜਤੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਰਨੀਤ ਸਿੰਘ ਸੱਲਗੀ, ਪੁਨੀਤ ਗਰਗ ਮੱਖਣ, ਪਵਨ ਕੁਮਾਰ, ਸ਼ਿਵਜੀ ਲਾਲ, ਸੋਨੀ ਭਟਾਲੀਆ, ਸੁਮੀਤ ਅਦਲਖਾ, ਮੇਸ਼ੀ ਨਾਗਰਾ, ਕਿਸ਼ੋਰ ਚੰਦ ਛਾਹੜੀਆ ਆਦਿ ਆੜਤੀਏ ਮੌਜੂਦ ਸਨ।

ਪ੍ਰਬੰਧ ਮੁਕੰਮਲ, ਕਿਸੇ ਨੂੰ ਪ੍ਰਬੰਧਾਂ ਪੱਖੋਂ ਕੋਈ ਦਿੱਕਤ ਨਹੀਂ ਆਵੇਗੀ : ਚੇਅਰਮੈਨ

ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਨਾਜ ਮੰਡੀ ਦੀ ਸਾਫ-ਸਫਾਈ, ਪਾਣੀ ਅਤੇ ਹੋਰ ਹਰ ਤਰਾਂ ਦੇ ਪੁਖਤਾ ਪ੍ਰਬੰਧ ਕਰ ਲਏ ਗਏ। ਉਹਨਾਂ ਦੱਸਿਆ ਕਿ ਹਾਲੇ ਮੰਡੀ ਦੇ ਵਿੱਚ ਬਾਸਮਤੀ 1509, 1847, 1409 ਆਦਿ ਵਰਾਇਟੀਆਂ ਹੀ ਆ ਰਹੀਆਂ ਹਨ। ਉਹਨਾਂ ਕਿਹਾ ਕਿ ਬਾਂਸਮਤੀ ਇਸ ਵਾਰ 3500 ਤੋਂ 3800 ਦੇ ਕਰੀਬ ਰੇਟ ਦੇ ਹਿਸਾਬ ਨਾਲ ਵਿਕ ਰਹੀ ਹੈ। ਜਿਸ ਨੂੰ ਪ੍ਰਾਈਵੇਟ ਸੈਕਟਰ ਖਰੀਦ ਰਹੇ ਹਨ।

ਚੇਅਰਮੈਨ ਮੁਕੇਸ਼ ਜੁਨੇਜਾ ਨੇ ਦੱਸਿਆ ਕਿ ਕੱਲ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ ਅਤੇ 10-15 ਅਕਤੂਬਰ ਤੱਕ ਝੋਨੇ ਦੀ ਪੂਸਾ 44 ਅਤੇ ਹੋਰ ਵਰਾਇਟੀਆਂ ਆਦਿ ਝੋਨਾ ਮੰਡੀ ਵਿੱਚ ਆ ਜਾਵੇਗੀ। ਉਨਾਂ ਗੱਲਾਂ ਮਜ਼ਦੂਰ ਯੂਨੀਅਨ ਦੀ ਹੜਤਾਲ ਬਾਰੇ ਕਿਹਾ ਕਿ ਇਹ ਹੜਤਾਲ ਪੰਜਾਬ ਪੱਧਰ ਤੇ ਹੈ ਜਦੋਂ ਕਿ ਝੋਨੇ ਦੀਆਂ ਪੂਸਾ ਅਤੇ ਹੋਰ ਵਰਾਇਟੀਆਂ 10 ਤੋਂ 15 ਅਕਤੂਬਰ ਤੱਕ ਮੰਡੀਆਂ ਦੇ ਵਿੱਚ ਆਵੇਗੀ, ਉਦੋਂ ਤੱਕ ਸਰਕਾਰ ਵੱਲੋਂ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅਨਾਜ ਮੰਡੀਆਂ ਦੇ ਵਿੱਚ ਕਿਸੇ ਆੜਤੀਏ, ਕਿਸਾਨ ਜਾਂ ਮਜ਼ਦੂਰ ਨੂੰ ਪ੍ਰਬੰਧਾਂ ਪੱਖੋਂ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣਾ ਝੋਨਾ ਪੂਰਾ ਸੁਕਾ ਕੇ ਲਿਆਉਣ ਤਾਂ ਜੋ ਉਹਨਾਂ ਦਾ ਸਮਾਂ ਮੰਡੀਆਂ ਦੇ ਵਿੱਚ ਖ਼ਰਾਬ ਨਾ ਹੋਵੇ।