ਪਿੰਡ ਜੰਡ ਵਾਲਾ ਫਿਰਨੀ ਤੇ ਸੜਕ ਦਾ ਕਬਜ਼ਾ ਦਿਵਾਉਣ ਗਿਆ ਪ੍ਰਸ਼ਾਸਨ ਬੇਰੰਗ ਪਰਤਿਆ

ਕੰਵਰ ਨਰੇਸ਼ ਸੋਢੀ ਤੇ ਕਾਨੂੰਗੋ ਤੇ ਪਟਵਾਰੀ ਨੂੰ ਪਿੰਡ ਵਾਲਿਆਂ 5 ਘੰਟੇ ਤੋਂ ਵੱਧ ਸਮਾਂ ਘੇਰਿਆ

(ਸਤਪਾਲ ਥਿੰਦ) ਫਿਰੋਜ਼ਪੁਰ/ਗੁਰੂਹਰਸਹਾਏ। ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਕੰਵਰ ਨਰੇਸ਼ ਸੋਢੀ ਨੂੰ ਉਸ ਦੇ ਹੱਕ ਵਿੱਚ ਗੁਰੂਹਰਸਹਾਏ ਤਹਿਸੀਲ ਤੋਂ ਦਖਲ ਦਵਾਉਣ ਗਈ ਪ੍ਰਸ਼ਾਸਨ ਦੀ ਟੀਮ, ਜਿਸ ਵਿੱਚ ਕਾਨੂੰਗੋ, ਪਟਵਾਰੀ ਅਤੇ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਪਿੰਡ ਜੰਡ ਦੇ ਵਾਸੀਆਂ ਦੇ ਵਿਰੋਧ ਕਾਰਨ ਬੇਰੰਗ ਪਤਰਣਾ ਪਿਆ । (Possession Road ) ਜਦ ਇਹ ਟੀਮ ਕਬਜ਼ਾ ਦਿਵਾਉਣ ਪਹੁੰਚੀ ਤਾਂ ਪਿੰਡ ਤੋਂ 2 ਕਿੱਲੇ ਵਾਟ ਪਹਿਲਾਂ ਹੀ ਪਿੰਡ ਵਾਸੀਆਂ ਨੇ ਗੁਰੂਹਰਸਹਾਏ-ਰੱਤੇਵਾਲਾ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਸੜਕ ’ਤੇ ਹੀ ਗੱਡੀਆਂ ਨੂੰ ਘੇਰ ਕੇ ਧਰਨਾ ਲਗਾ ਦਿੱਤਾ ਇਸ ਦੌਰਾਨ 5 ਘੰਟੇ ਤੋਂ ਬਾਅਦ ਮੌਕੇ ’ਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਥਾਣਾ ਮੁਖੀ ਗੁਰੂਹਰਸਹਾਏ ਰਵੀ ਕੁਮਾਰ ਪਹੁੰਚੇ। ਪਿੰਡ ਵਾਸੀਆਂ ਨਾਲ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਨਾਇਬ ਤਹਿਸੀਲਦਾਰ ਦੇ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਕਿ ਅੱਗੇ ਤੋਂ ਕਬਜ਼ਾ ਦਿਵਾਉਣ ਨਹੀਂ ਆਵਾਂਗੇ ਤੇ ਦਫਤਰ ਤੋਂ ਹੀ ਕਾਰਵਾਈ ਅਮਲ ਵਿੱਚ ਲਿਆਵਾਂਗੇ, ਪਿੰਡ ਵਾਸੀ ਥੋੜ੍ਹਾ ਠੰਢਾ ਪਏ।

ਲੋਕਾਂ ਤੇ ਕਿਸਾਨ ਯੂਨੀਅਨਾਂ ਵਾਲਿਆਂ ਨੇ ਕਈ ਘੰਟੇ ਸਾਨੂੰ ਘੇਰੀ ਰੱਖਿਆ

ਇਸ ਮੌਕੇ ਕਬਜ਼ਾ ਲੈਣ ਵਾਲੀ ਧਿਰ ਕੰਵਰ ਨਰੇਸ਼ ਸੋਢੀ ਨੇ ਦੱਸਿਆ ਕਿ ਹੇਠਲੇ ਪੱਧਰ ਤੋਂ ਲੈ ਕੇ ਹਾਈਕੋਰਟ ਤੱਕ ਕੇਸ ਲੜਿਆ ਹਾਂ , ਇਹ ਜ਼ਮੀਨ ਮੇਰੀ ਮਾਲਕੀ ਹੈ ਤੇ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਕੋਰਟ ਦੇ ਹੁਕਮਾਂ ’ਤੇ ਲੋਕਲ ਪ੍ਰਸ਼ਾਸਨ ਦਖਲ ਦਿਵਾਉਣ ਗਿਆ ਵੀ ਪਰ ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨਾਂ ਵਾਲਿਆਂ ਨੇ ਕਈ ਘੰਟੇ ਸਾਨੂੰ ਘੇਰੀ ਰੱਖਿਆ ਜਦ ਕਿ ਪ੍ਰਸ਼ਾਸਨ ਨੇ ਆਪ ਕਿਹਾ ਕਿ ਕਬਜ਼ਾ ਲੈ ਕੇ ਦੇਵਾਂਗੇ। ਪਿੰਡ ਵਾਸੀ ਤੇ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਅਸੀਂ ਪਿੰਡ ’ਚੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀ ਸੜਕ ਤੇ ਫਿਰਨੀ ਦੀ ਇੱਕ ਇੰਚ ਵੀ ਜਗ੍ਹਾ ਨਹੀਂ ਦਿਆਂਗੇ। ਇਸ ਮੌਕੇ ਨਾਇਬ ਤਹਿਸੀਲਦਾਰ ਦੇ ਵਿਸ਼ਵਾਸ਼ ਤੋਂ ਬਾਅਦ ਧਰਨਾ ਸਮਾਪਤ ਕਰਕੇ 7 ਮੈਂਬਰੀ ਕਮੇਟੀ ਬਣਾਈ ਗਈ। (Possession Road )

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ