‘ਆਪ’ ’ਚ ਲੋਕ ਸਭਾ ਚੋਣਾਂ ਲਈ ਟਿਕਟ ਦੇ ਚਾਹਵਾਨਾਂ ਵੱਲੋਂ ਸਰਗਰਮੀਆਂ ਤੇਜ਼

Lok Sabha Elections

ਟਿਕਟ ਦੇ ਦਾਅਵੇਦਾਰ ਸਮਾਜ ਸੇਵੀ ਦਲਬੀਰ ਗਿੱਲ ਯੂਕੇ ਜ਼ਿਲ੍ਹੇ ਅੰਦਰ ਲਗਾਤਾਰ ਵਿਚਰ ਰਹੇ ਨੇ ਸਮਾਗਮਾਂ ’ਚ | Lok Sabha Elections

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਅੰਦਰ ਲੋਕ ਸਭਾ ਚੋਣਾਂ (Lok Sabha Elections) ਲੜਨ ਦੇ ਚਾਹਵਾਨਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਤੇ ਅਕਾਲੀ ਦਲ ਪਾਰਟੀਆਂ ਅੰਦਰ ਤਾਂ ਅਜੇ ਚਾਹਵਾਨਾਂ ਵੱਲੋਂ ਬਹੁਤੀ ਤੇਜ਼ੀ ਨਹੀਂ ਦਿਖਾਈ ਜਾ ਰਹੀ, ਪਰ ਸੱਤਾਧਿਰ ਆਮ ਆਦਮੀ ਪਾਰਟੀ ਅੰਦਰ ਉਮੀਦਵਾਰੀ ਜਤਾਉਣ ਵਾਲਿਆਂ ਵੱਲੋਂ ਲੋਕਾਂ ’ਚ ਵਿਚਰਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ’ਚ ਅਜੇ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ, ਪਰ ਆਮ ਆਦਮੀ ਪਾਰਟੀ ਅੰਦਰ ਟਿਕਟਾਂ ਦੇ ਦਾਅਵੇਦਾਰਾਂ ਵੱਲੋਂ ਹਾਈਕਮਾਂਡ ਦੀਆਂ ਨਜ਼ਰਾਂ ’ਚ ਚੜ੍ਹਨ ਲਈ ਜ਼ੋਰ-ਤਾਣ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਆਮ ਆਦਮੀ ਪਾਰਟੀ ਅੰਦਰ ਪਿਛਲੇ ਦਿਨਾਂ ਤੋਂ ਸਮਾਜ ਸੇਵੀ ਦਲਬੀਰ ਗਿੱਲ ਯੂ.ਕੇ ਜ਼ਿਲ੍ਹਾ ਪਟਿਆਲਾ ਅੰਦਰ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੇੜਲਿਆਂ ’ਚੋਂ ਦੱਸੇ ਜਾਂਦੇ ਦਲਬੀਰ ਗਿੱਲ ਯੂਕੇ ਵੱਲੋਂ ਜ਼ਿਲ੍ਹੇ ਅੰਦਰ ਵੱਖ ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਸਮਾਗਮਾਂ ’ਚ ਵਿਚਰਿਆ ਜਾ ਰਿਹਾ ਹੈ।

ਮੀਡੀਆ ਸਲਾਹਕਾਰ ਬਲਤੇਜ ਪੰਨੂ, ਇੰਦਰਜੀਤ ਸੰਧੂ, ਬਲਜਿੰਦਰ ਸਿੰਘ ਢਿੱਲੋਂ ਵੀ ਟਿਕਟ ਦੀ ਦੌੜ ’ਚ | Lok Sabha Elections

ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਉਨ੍ਹਾਂ ਦੇ ਵੱਡੀ ਗਿਣਤੀ ਫਲੈਕਸ ਤੇ ਬੋਰਡ ਲੱਗ ਰਹੇ ਹਨ। ਪਤਾ ਲੱਗਾ ਹੈ ਕਿ ਦਲਬੀਰ ਗਿੱਲ ਯੂਕੇ ਆਮ ਆਦਮੀ ਪਾਰਟੀ ਦੇ ਫਾਊਡਰ ਮੈਂਬਰ ਹਨ ਤੇ ਉਹ ਉੱਘੇ ਖੇਡ ਪਰਮੋਟਰ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਪੰਜਾਬ ਹੀ ਨਹੀਂ, ਸਗੋਂ ਵਿਦੇਸ਼ ਵਿੱਚ ਵੀ ਕੰਮ ਕੀਤਾ ਗਿਆ ਹੈ। ਪਿਛਲੇ ਦਿਨਾਂ ਤੋਂ ਉਹ ਹਲਕਾ ਸੁਤਰਾਣਾ, ਨਾਭਾ, ਸਨੌਰ, ਘਨੌਰ, ਸਮਾਣਾ ਆਦਿ ਖੇਤਰਾਂ ਵਿੱਚ ਸਬੰਧਿਤ ਵਿਧਾਇਕਾਂ ਨਾਲ ਵੱਖ ਵੱਖ ਸਮਾਗਮਾਂ ’ਚ ਵਿਚਰ ਰਹੇ ਹਨ ਤੇ ਉਨ੍ਹਾਂ ਵੱਲੋਂ ਲੋਕ ਸਭਾ ਪਟਿਆਲਾ ਤੋਂ ਆਪਣੀ ਟਿਕਟ ਲਈ ਪੂਰੀ ਮਜ਼ਬੂਤੀ ਦਰਸਾਈ ਜਾ ਰਹੀ ਹੈ।

ਦਲਬੀਰ ਗਿੱਲ ਸਮਾਜ ਸੇਵਾਂ ਦੇ ਕਾਰਜ਼ਾਂ ਦੇ ਨਾਲ ਨਾਲ ਹੀ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ’ਚ ਅੱਗੇ ਲਿਜਾਣ ਲਈ ਪੂਰੀ ਵਾਅ ਲਾ ਰਹੇ ਹਨ ਤੇ ਉਨ੍ਹਾਂ ਵੱਲੋਂ ਫਰਵਰੀ ਮਹੀਨੇ ਵਿੱਚ ਪਟਿਆਲਾ ਦੇ ਪਿੰਡ ਦੇਧਨਾ ਵਿਖੇ ਹੋਏ ਕਬੱਡੀ ਕੱਪ ’ਚ ਜੇਤੂ ਖਿਡਾਰੀਆਂ ਦਾ ਕੰਬਾਇਨਾਂ ਨਾਲ ਸਨਮਾਨ ਕੀਤਾ ਗਿਆ ਸੀ। ਦਲਬੀਰ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਜ਼ਿਲ੍ਹੇ ਅੰਦਰ ਰਾਜਨੀਤੀ ਨਹੀਂ, ਸਗੋਂ ਲੋਕ ਸੇਵਾ ਕਰਨਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ

ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ

ਪੰਨੂ ਵੱਲੋਂ ਆਪਣੇ ਗ੍ਰਹਿ ਵਿਖੇ ਵੀ ਵੱਖ ਵੱਖ ਦਿਨਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਹਨ। ਪਟਿਆਲਾ ਸ਼ਹਿਰ ਅੰਦਰ ਪ੍ਰੋਗਰਾਮਾਂ ’ਚ ਲੋਕਾਂ ਦੇ ਰੂਬਰੂ ਹੋ ਰਹੇ ਹਨ। ਬਲਤੇਜ ਪੰਨੂ ਵੱਲੋਂ ਸ਼ੋਸਲ ਮੀਡੀਆ ’ਤੇ ਆਮ ਆਦਮੀ ਪਾਰਟੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਇੰਦਰਜੀਤ ਸੰਧੂ ਵੀ ਟਿਕਟ ਦੀ ਦਾਅਵੇਦਾਰੀ ’ਚ ਹਨ। ਉਹ ਜ਼ਿਲ੍ਹੇ ਅੰਦਰ ਆਮ ਆਦਮੀ ਪਾਰਟੀ ਅੰਦਰ ਵੱਖ ਵੱਖ ਅਹੁਦਿਆਂ ’ਤੇ ਰਹੇ ਹਨ ਅਤੇ ਵੱਡੀ ਗਿਣਤੀ ਲੋਕਾਂ ਨੂੰ ਆਪ ਨਾਲ ਜੋੜਿਆ ਗਿਆ ਹੈ।

ਉਨ੍ਹਾਂ ਵੱਲੋਂ ਵੀ ਪਟਿਆਲਾ ਜ਼ਿਲ੍ਹੇ ਅੰਦਰ ਆਪਣੀਆਂ ਸਰਗਰਮੀਆਂ ਆਰੰਭੀਆਂ ਹੋਈਆਂ ਹਨ। ਇੰਦਰਜੀਤ ਸੰਧੂ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ’ੱਚ ਵੀ ਟਿਕਟ ਲਈ ਜੋਰ ਅਜਮਾਈ ਕੀਤੀ ਗਈ ਸੀ। ਲੋਕ ਸਭਾ ਚੋਣਾਂ ’ਚ ਉਹ ਆਮ ਆਦਮੀ ਪਾਰਟੀ ਤੋਂ ਟਿਕਟ ਹਾਸਲ ਕਰਨ ਲਈ ਮੈਦਾਨ ਵਿੱਚ ਡਟੇ ਹੋਏ ਹਨ। ਇਸ ਤੋਂ ਇਲਾਵਾ ਕਾਰੋਬਾਰੀ ਬਲਜਿੰਦਰ ਸਿੰਘ ਢਿੱਲੋਂ ਵੀ ਟਿਕਟ ਦੀ ਦੌੜ ’ਚ ਹਨ। ਵਿਦੇਸ਼ੀ ਦੌਰਿਆਂ ਮਗਰੋਂ ਉਨ੍ਹਾਂ ਨੂੰ ਐਨਆਰਆਈਜ਼ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਦਿਲਚਸਪ ਗੱਲ ਇਹ ਹੈ ਕਿ ਢਿੱਲੋਂ ਦਾ ਕੋਈ ਸਿਆਸੀ ਪਿਛੋਕੜ ਵੀ ਨਹੀਂ ਹੈ ਉਹ ਉੱਘੇ ਸਮਾਜ ਸੇਵੀ ਤੇ ਕਾਰੋਬਾਰੀ ਹਨ ਉਹ ਲਗਾਤਾਰ ‘ਆਪ’ ਪਾਰਟੀ ਦੀਆਂ ਸਿਆਸੀ ਤੇ ਸਮਾਜਿਕ ਗਤੀਵਿਧੀਆਂ ’ਚ ਸਰਗਰਮ ਹਨ ਉਨ੍ਹਾਂ ਨੂੰ ਕੈਨੇਡਾ ਪਾਰਲੀਮੈਂਟ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਕੈਨੇਡਾ ਪਾਰਲੀਮੈਂਟ ਸੈਸ਼ਨ ’ਚ ਸਨਮਾਨ ਸਮਾਰੋਹ ਦੌਰਾਨ ਸੱਦਾ ਵੀ ਦਿੱਤਾ ਗਿਆ ਹੈ