ਏਸ਼ੀਆਈ ਖੇਡਾਂ ’ਚ ਛਾਏ, ਬਠਿੰਡਾ-ਮਾਨਸਾ ਦੇ ਜਾਏ

Asian-Games
ਤਮਗਾ ਜੇਤੂ ਖਿਡਾਰੀ ਸੁਖਮੀਤ ਸਿੰਘ (ਸੱਜਿਓਂ ਦੂਜਾ) ਆਪਣੇ ਸਾਥੀ ਖਿਡਾਰੀਆਂ ਨਾਲ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਤੇ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਤੇ ਫੱਤਾ ਮਾਲੋਕਾ ਦੇ ਖਿਡਾਰੀ ਹਨ ਰੋਇੰਗ ਟੀਮ ਦਾ ਹਿੱਸਾ | Asian Games

ਬਠਿੰਡਾ/ਮਾਨਸਾ (ਸੁਖਜੀਤ ਮਾਨ)। ਚੀਨ ਦੇ ਹਾਂਗਜੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਰੋਇੰਗ ਮੁਕਾਬਲਿਆਂ ’ਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਵੱਖ-ਵੱਖ ਈਵੈਂਟਾਂ ’ਚੋਂ ਇੱਕ ਚਾਂਦੀ ਤੇ ਕਾਂਸੀ ਸਮੇਤ ਦੇ ਤਮਗੇ ਜਿੱਤੇ ਹਨ। ਇਨ੍ਹਾਂ ਤਮਗਾ ਜੇਤੂ ਭਾਰਤੀ ਖਿਡਾਰੀਆਂ ’ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਦਾ ਖਿਡਾਰੀ ਚਰਨਜੀਤ ਸਿੰਘ, ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਦਾ ਸੁਖਮੀਤ ਸਿੰਘ ਅਤੇ ਫੱਤਾ ਮਾਲੋਕਾ ਦਾ ਸਤਨਾਮ ਸਿੰਘ ਸ਼ਾਮਲ ਹਨ। ਇਨ੍ਹਾਂ ਤਮਗਾ ਜੇਤੂ ਖਿਡਾਰੀਆਂ ਦੇ ਪਿੰਡਾਂ ’ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਮੁੱਚੇ ਪਿੰਡ ਵਾਸੀਆਂ ਵੱਲੋਂ ਭਾਰੀ ਖੁਸ਼ੀ ਮਨਾਈ ਜਾ ਰਹੀ ਹੈ।

ਵੇਰਵਿਆਂ ਮੁਤਾਬਿਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਵਿਖੇ ਅਵਤਾਰ ਸਿੰਘ ਤੇ ਸ੍ਰੀਮਤੀ ਅਮਰਜੀਤ ਕੌਰ ਜਨਮੇ ਖਿਡਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਲ 2016 ’ਚ ਉਹ ਭਾਰਤੀ ਫੌਜ ਦੇ ਵਿਭਾਗ ਇੰਜਨੀਅਰ ਕੋਰ ਵਿੱਚ ਭਰਤੀ ਹੋ ਗਏ ਸਨ, ਜਿੱਥੇ ਉਹ ਪਹਿਲਾਂ ਸੈਂਟਰ ਪੱਧਰ ਤੇ ਫ਼ਿਰ ਇੰਟਰ ਸੈਂਟਰ ਪੱਧਰ ’ਤੇ ਖੇਡੇ। ਉਨ੍ਹਾਂ ਦੱਸਿਆ ਕਿ ਸਾਲ 2017 ’ਚ ਉਨ੍ਹਾਂ ਦੀ ਆਰਮੀ ਰੋਇੰਗ ਨੋਡ ’ਚ ਚੋਣ ਹੋਈ ਅਤੇ ਫ਼ਿਰ ਸਾਲ 2018 ’ਚ ਪਹਿਲੀ ਵਾਰ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ, ਜਿਸ ਵਿੱਚ ਉਨ੍ਹਾਂ 1 ਸੋਨ ਅਤੇ 1 ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ। ਇਸੇ ਤਰ੍ਹਾਂ ਸਾਲ 2019 ’ਚ ਨੈਸ਼ਨਲ ਕੈਂਪ ’ਚ ਚੋਣ ਹੋਈ ਅਤੇ ਅਕਤੂਬਰ ’ਚ ਸਾਊਥ ਕੋਰੀਆ ’ਚ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਿਆ ਤੇ ਦਸੰਬਰ 2019 ’ਚ ਹੈਦਰਾਬਾਦ ਵਿਖੇ ਹੋਈ ਰੋਇੰਗ ਚੈਂਪੀਅਨਸ਼ਿਪ ’ਚ 2 ਸੋਨ ਤਮਗੇ ਆਪਣੇ ਹਿੱਸੇ ਕੀਤੇ।

3 ਚਾਂਦੀ ਦੇ ਤਮਗੇ ਜਿੱਤੇ | Asian Games

ਇਸੇ ਤਰ੍ਹਾਂ ਸਾਲ 2021 ਦੇ ਦਸੰਬਰ ਮਹੀਨੇ ਦੌਰਾਨ ਥਾਈਲੈਂਡ ਵਿਖੇ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਨੇ ਸਾਲ 2022 ਦੇ ਜਨਵਰੀ ਮਹੀਨੇ ਦੌਰਾਨ ਪੂਨੇ ਵਿਖੇ ਹੋਈ ਰੋਇੰਗ ਚੈਪੀਅਨਸ਼ਿਪ ’ਚ 3 ਚਾਂਦੀ ਦੇ ਤਮਗੇ ਜਿੱਤੇ ਅਤੇ ਸਾਲ 2022 ਦੌਰਾਨ ਏਸ਼ੀਅਨ ਖੇਡਾਂ ਲਈ ਉਸ ਦੀ ਚੋਣ ਹੋਈ। ਸਾਲ 2022 ’ਚ ਦੌਰਾਨ ਯੂਰਪ ਦੇ ਸਰਬੀਆਂ ’ਚ ਹੋਏ ਰੋਇੰਗ ਵਰਲਡ ਕੱਪ 1 ’ਚ ਉਸ ਨੇ 13ਵਾਂ ਸਥਾਨ ਅਤੇ ਸਾਲ 2022 ਦੌਰਾਨ ਜੂਨ ਮਹੀਨੇ ’ਚ ਯੂਰਪ ਦੇ ਪੋਲੈਂਡ ਚ ਰੋਇੰਗ ਵਰਲਡ ਕੱਪ 2 ’ਚ ਉਸ ਨੇ 5ਵਾਂ ਸਥਾਨ ਹਾਸਲ ਕੀਤਾ। ਉਨ੍ਹਾਂ ਇਸ ਖੇਡ ਖੇਤਰ ’ਚ ਆਪਣੀਆਂ ਹੋਰ ਮਾਣਮੱਤੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।

ਖਿਡਾਰੀ ਚਰਨਜੀਤ ਸਿੰਘ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਖੇਤਰ ਵਿੱਚ ਦਿ੍ਰੜ੍ਹ ਇਰਾਦੇ, ਪੂਰੇ ਜੋਸ਼-ਜ਼ਨੂੰਨ ਅਤੇ ਸਖ਼ਤ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਅਤੇ ਦੇਸ਼ ਦਾ ਨਾਂਅ ਇਸ ਦੁਨੀਆਂ ’ਤੇ ਚਮਕਾ ਸਕਦੇ ਹਨ। ਇਸੇ ਤਰ੍ਹਾਂ ਸਾਲ 2018 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ੀਆਈ ਖੇਡਾਂ ਦੇ ਵਿੱਚ ਰੋਇੰਗ ’ਚੋਂ ਸੋਨ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਪਾਉਣ ਵਾਲੇ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਦੇ ਖਿਡਾਰੀ ਸੂਬੇਦਾਰ ਸੁਖਮੀਤ ਸਿੰਘ ਨੇ ਇੱਕ ਵਾਰ ਫਿਰ ਚੀਨ ਦੇ ਹਾਂਗਜੂ ਵਿਖੇ ਹੋ ਰਹੀਆਂ ਖੇਡਾਂ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੇਸ਼ ਦੀ ਝੋਲੀ ਪਾਇਆ ਹੈ। ਇਸ ਟੀਮ ਦੇ ਵਿੱਚ ਸੁਖਮੀਤ ਸਿੰਘ ਦੇ ਮਾਨਸਾ ਜ਼ਿਲ੍ਹੇ ਦੇ ਹੀ ਪਿੰਡ ਫੱਤਾ ਮਾਲੋਕਾ ਦਾ ਸਤਨਾਮ ਸਿੰਘ ਤੇ ਦੋ ਹੋਰ ਸੂਬਿਆਂ ਦੇ ਖਿਡਾਰੀ ਸ਼ਾਮਲ ਸੀ।

ਨਿਸ਼ਾਨੇਬਾਜ਼ੀ ਵਿੱਚ ਭਾਰਤੀ ਟੀਮ ਨੇ ਰੈਪਿਡ ਫਾਇਰ ਪਿਸਟਲ ’ਚੋਂ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਟੀਮ ਵਿੱਚ ਪੰਜਾਬ ਦਾ ਵਿਜੈਵੀਰ ਸਿੱਧੂ ਸ਼ਾਮਲ ਹੈ। ਵਿਜੈਵੀਰ ਸਿੱਧੂ ਮਾਨਸਾ ਦਾ ਜੰਮਪਲ ਹੈ। ਪਿਤਾ ਸਵ. ਗੁਰਪ੍ਰੀਤ ਸਿੰਘ ਸਿੱਧੂ ਤੇ ਮਾਤਾ ਰਾਣੋ ਸਿੱਧੂ ਦੇ ਜੌੜੇ ਪੁੱਤਰ ਵਿਜੈਵੀਰ ਸਿੱਧੂ ਤੇ ਉਦੈਵੀਰ ਸਿੱਧੂ ਨਿਸ਼ਾਨੇਬਾਜ਼ੀ ਵਿੱਚ ਨਿਪੁੰਨ ਹਨ।

ਪੁੱਤ ਦੀ ਪ੍ਰਾਪਤੀ ’ਤੇ ਮਾਣ ਹੈ : ਮਾਪੇ | Asian Games

ਸੂਬੇਦਾਰ ਸੁਖਮੀਤ ਸਿੰਘ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਜਿੱਤ ’ਤੇ ਮਾਣ ਹੈ, ਜਿਸ ਨੇ ਚੀਨ ਵਿੱਚ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਮਾਨਸਾ ਤੇ ਪੰਜਾਬ ਦਾ ਨਾਂਅ ਵੀ ਪੂਰੀ ਦੁਨੀਆਂ ਵਿੱਚ ਚਮਕਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਉਨ੍ਹਾਂ ਵੱਲੋਂ ਘਰ ਵਿੱਚ ਟੀਵੀ ’ਤੇ ਦੇਖੇ ਗਏ ਅਤੇ ਜਦੋਂ ਤੀਸਰਾ ਸਥਾਨ ਆਇਆ ਤਾਂ ਬਹੁਤ ਖੁਸ਼ੀ ਹੋਈ ਕਿ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਹੋਰ ਨੌਜਵਾਨਾਂ ਨੂੰ ਵੀ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅਜਿਹੇ ਕੰਮ ਕਰੋ ਕਿ ਤੁਹਾਡਾ ਮਾਤਾ-ਪਿਤਾ ਵੀ ਤੁਹਾਡੇ ’ਤੇ ਮਾਣ ਮਹਿਸੂਸ ਕਰਨ।

ਵਧਾਈ ਦੇ ਪਾਤਰ ਹਨ ਖਿਡਾਰੀ : ਖੇਡ ਮੰਤਰੀ

ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ’ਚੋਂ ਤਮਗੇ ਜਿੱਤ ਰਹੇ ਭਾਰਤੀ ਖਿਡਾਰੀਆਂ ’ਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੂੰ ਜਿੱਤ ਲਈ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ। ਕੱਲ੍ਹ ਵੀ ਰੋਇੰਗ ਵਿੱਚ ਪੰਜਾਬ ਨੇ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ।ਅੱਜ ਪੰਜਾਬ ਦੇ ਖਿਡਾਰੀਆਂ ਨੇ ਇੱਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਹਨ, ਜਿਸ ਲਈ ਉਹ ਵਧਾਈ ਦੇ ਪਾਤਰ ਹਨ।

ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ