ਸੁਰਜੀਤ ਹਾਕੀ ਟੂਰਨਾਮੈਂਟ : ਤੀਜੇ ਦਿਨ ਦੇ ਦੋਵੇਂ ਮੈਚ 1-1 ਨਾਲ ਰਹੇ ਬਰਾਬਰ

Surjit , Hockey ,Tournament, Matches , 1-1

ਪੰਜਾਬ ਪੁਲਿਸ ਤੇ ਭਾਰਤੀ ਰੇਲਵੇ, ਇੰਡੀਅਨ ਆਇਲ ਮੁੰਬਈ ਅਤੇ ਓਐਨਜੀਸੀ ਦਿੱਲੀ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਮੈਚ

ਸੁਖਜੀਤ ਮਾਨ/ਜਲੰਧਰ  । ਸੁਰਜੀਤ ਹਾਕੀ ਟੂਰਨਾਮੈਂਟ ਦੀ ਸਾਬਕਾ ਜੇਤੂ ਪੰਜਾਬ ਪੁਲਿਸ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ 1-1 ਗੋਲ  ਨਾਲ ਬਰਾਬਰੀ ਤੇ ਰਹੀਆਂ  ਲੀਗ ਦੌਰ ਵਿੱਚ ਦੋਵਾਂ ਟੀਮਾਂ ਨੂੰ 1-1 ਅੰਕ ਨਾਲ ਸਬਰ ਕਰਨਾ ਪਿਆ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਦੇ ਪਹਿਲੇ ਲੀਗ ਮੈਚ ਵਿੱਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਪੂਲ ਬੀ ਦੇ ਇਸ ਮੈਚ ਦੇ ਪਹਿਲੇ ਅੱਧ ਵਿੱਚ ਦੋਵੇਂ ਟੀਮਾਂ ਕੋਈ ਵੀ ਗੋਲ ਨਾ ਕਰ ਸਕੀਆਂ ।

ਤੀਸਰੇ ਕਵਾਰਟਰ ਦੇ 36ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਕੌਮਾਂਤਰੀ ਖਿਡਾਰੀ ਸਰਵਣਜੀਤ ਸਿੰਘ ਨੂੰ ਰੇਲਵੇ ਦੇ ਰੱਖਿਆ ਪੰਕਤੀ ਦੇ ਖਿਡਾਰੀਆਂ ਨੇ ਗਲਤ ਤਰੀਕੇ ਨਾਲ ਰੋਕਿਆ ਜਿਸ ਕਰਕੇ ਪੁਲਿਸ ਟੀਮ ਨੂੰ ਪੈਨਲਟੀ ਸਟਰੋਕ ਮਿਲਿਆ ਤਾਂ ਸਰਵਣਜੀਤ ਸਿੰਘ ਨੇ ਗੋਲ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ ਖੇਡ ਦੇ ਚੌਥੇ ਕਵਾਰਟਰ ਦੇ 55ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਪ੍ਰਦੀਪ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ ਮੈਚ ਬਰਾਬਰ ਰਹਿਣ ਕਰਕੇ ਲੀਗ ਦੌਰ ਵਿੱਚ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਅੱਜ ਦੇ ਮੈਚਾਂ ਸਮੇਂ ਇਕਬਾਲ ਸਿੰਘ ਸੰਧੂ, ਬੌਬ ਕੁਲਾਰ (ਯੂਕੇ) ਰਾਮ ਪ੍ਰਤਾਪ, ਗੁਰਚਰਨ ਸਿੰਘ ਏਅਰ ਇੰਡੀਆ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਐਨ ਕੇ ਅਗਰਵਾਲ, ਓਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਗੁਰਿੰਦਰ ਸਿੰਘ ਸੰਘਾ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਪ੍ਰੋ. ਕ੍ਰਿਪਾਲ ਸਿੰਘ ਮਠਾਰੂ, ਐਚ ਐਸ ਸੰਘਾ ਤੇ ਮਲਕੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਦੂਜੇ ਮੈਚ ਵਿਚ ਇੰਡੀਅਨ ਆਇਲ ਮੁੰਬਈ ਅਤੇ ਓਐਨਜੀਸੀ ਦਿੱਲੀ ਦੀਆਂ ਟੀਮਾਂ ਵੀ 1-1 ਨਾਲ ਬਰਾਬਰ ਰਹੀਆਂ  ਇਨ੍ਹਾਂ ਦੋਵਾਂ ਟੀਮਾਂ ਨੂੰ ਵੀ ਇੱਕ-ਇੱਕ ਅੰਕ ਮਿਲਿਆ।  ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ ਤੀਸਰੇ ਕਵਾਰਟਰ ਦੇ 35ਵੇਂ ਮਿੰਟ ਵਿੱਚ ਓਐਨਜੀਸੀ ਦੇ ਸਰਬਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਦੋ ਮਿੰਟ ਬਾਅਦ ਹੀ ਇੰਡੀਅਨ ਆਇਲ ਵੱਲੋਂ ਕੌਮਾਂਤਰੀ ਖਿਡਾਰੀ ਤਲਵਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਮੈਚ ਬਰਾਬਰੀ ਤੇ ਲਿਆਂਦਾ।

13 ਅਕਤੂਬਰ ਦੇ ਮੈਚ

  • ਪੰਜਾਬ ਨੈਸ਼ਨਲ ਬੈਂਕ ਦਿੱਲੀ ਬਨਾਮ ਭਾਰਤੀ ਨੇਵੀ : ਸ਼ਾਮ 4:30 ਵਜੇ
  • ਆਰਮੀ ਇਲੈਵਨ ਬਨਾਮ ਓਐਨਜੀਸੀ ਦਿੱਲੀ : ਸ਼ਾਮ 6:00 ਵਜੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।