Road Accident: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਦਰੜਿਆ, ਮੌਕੇ ’ਤੇ ਮੌਤ

ਪੁਲਿਸ ਵੱਲੋਂ ਕਾਰ ਚਾਲਕ ਗ੍ਰਿਫਤਾਰ

Khushdeep Singh Picture
Published On

Ludhiana News: ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ’ਚ ਤੇਜ਼ ਰਫ਼ਤਾਰ ਤੇ ਲਾਪਰਵਾਹੀ ਕਾਰਨ ਇੱਕ 21 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਫੋਕਲ ਪੁਆਇੰਟ ਫੇਜ਼-5 ਸਥਿਤ ਲੱਕੀ ਕੰਪਲੈਕਸ ਨੇੜੇ ਇੱਕ ਬੇਕਾਬੂ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਸੜਕ ’ਤੇ ਡਿੱਗ ਪਿਆ ਤੇ ਕਾਰ ਉਸ ਨੂੰ ਕੁਚਲਦੀ ਹੋਈ ਅੱਗੇ ਨਿਕਲ ਗਈ। ਹਾਦਸੇ ’ਚ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੇ ਮਾਮਾ ਯੋਗਰਾਜ ਮਸੀਹ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦਾ 21 ਸਾਲਾ ਭਾਣਜਾ ਰੋਹਿਤ, ਜੋ ਨਿਊ ਸਰਪੰਚ ਕਾਲੋਨੀ, ਜਮਾਲਪੁਰ ਦਾ ਰਹਿਣ ਵਾਲਾ ਸੀ, ਹਰਨਾਮ ਨਗਰ, ਮਾਡਲ ਟਾਊਨ ਸਥਿਤ ਇੱਕ ਲੈਬ ’ਚ ਕੰਮ ਕਰਦਾ ਸੀ।

ਉਹ ਦੋਵੇਂ ਸੈਂਪਲ ਇਕੱਠੇ ਕਰਨ ਤੋਂ ਬਾਅਦ ਆਪਣੀ ਲੈਬ ਵੱਲ ਵਾਪਸ ਪਰਤ ਰਹੇ ਸਨ। ਯੋਗਰਾਜ ਨੇ ਦੱਸਿਆ ਕਿ ਰੋਹਿਤ ਆਪਣੀ ਨਵੀਂ ਹੀਰੋ ਸਪਲੈਂਡਰ ਮੋਟਰਸਾਈਕਲ ’ਤੇ ਉਸ ਤੋਂ ਕੁਝ ਅੱਗੇ ਚੱਲ ਰਿਹਾ ਸੀ। ਜਿਵੇਂ ਹੀ ਉਹ ਲੱਕੀ ਕੰਪਲੈਕਸ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਚਿੱਟੇ ਰੰਗ ਦੀ ਸਵਿਫਟ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਨਾਲ ਰੋਹਿਤ ਸੰਤੁਲਨ ਗੁਆ ਬੈਠਾ ਤੇ ਸੜਕ ’ਤੇ ਡਿੱਗ ਗਿਆ। ਇਸ ਤੋਂ ਬਾਅਦ ਕਾਰ ਉਸ ਦੇ ਉੱਪਰੋਂ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫੋਕਲ ਪੁਆਇੰਟ ਥਾਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਫਆਈਆਰ ਨੰਬਰ 142 ਦਰਜ ਕਰ ਲਈ ਹੈ। ਪੁਲਿਸ ਨੇ ਮੁਲਜ਼ਮ ਕਾਰ ਚਾਲਕ ਤਰਨਜੀਤ ਸਿੰਘ, ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਰਾਇਲ ਐਨਕਲੇਵ, ਚੰਡੀਗੜ੍ਹ ਰੋਡ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਹਾਦਸੇ ’ਚ ਸ਼ਾਮਲ ਸਵਿਫਟ ਕਾਰ ਤੇ ਨੁਕਸਾਨੀ ਗਈ ਮੋਟਰਸਾਈਕਲ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। Ludhiana News

About The Author

Related Posts