Weather Update Punjab: ਮੀਂਹ ਨਾਲ ਗਰਮੀ ਤੋਂ ਰਾਹਤ, ਫਸਲਾਂ ਤੇ ਆਮ ਜਨ ਦੇ ਚਿਹਰੇ ਖਿੜੇ

ਕਈ ਥਾਵਾਂ 'ਤੇ ਝੋਨਾ ਡੁੱਬਿਆ

Ravinder Sharma Picture
Published On

ਬਠਿੰਡਾ/ਮਾਨਸਾ (ਸੁਖਜੀਤ ਮਾਨ)। ਹਾੜ੍ਹ ਮਹੀਨੇ ਦੀ ਗਰਮੀ ਤੋਂ ਅੱਕੇ ਲੋਕਾਂ ਨੂੰ ਲੰਘੀ ਰਾਤ ਪਏ ਭਾਰੀ ਮੀਂਹ ਨੇ ਰਾਹਤ ਦਿੱਤੀ ਹੈ। ਪੰਜਾਬ ਭਰ ’ਚ ਕਈ ਥਾਈਂ ਭਰਵਾਂ ਮੀਂਹ ਪਿਆ ਹੈ ਤੇ ਕਈ ਥਾਈਂ ਹਲਕਾ। ਕਰੀਬ ਪੂਰੇ ਹੀ ਪੰਜਾਬ ’ਚ ਇੱਕੋ ਵੇਲੇ ਮੀਂਹ ਪੈਣ ਨਾਲ ਤਾਪਮਾਨ ’ਚ ਇੱਕ ਦਮ ਗਿਰਾਵਟ ਆਈ ਹੈ । ਇਸ ਮੀਂਹ ਨਾਲ ਜਿੱਥੇ ਫਸਲਾਂ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਗਰਮੀ ਦੀ ਮਾਰ ਦੇ ਸਤਾਏ ਪਏ ਬਜ਼ੁਰਗਾਂ, ਮਜ਼ਦੂਰਾਂ, ਬਿਮਾਰਾਂ ਤੇ ਛੋਟੇ ਬੱਚਿਆਂ ਨੂੰ ਖਾਸ ਰਾਹਤ ਮਿਲੀ ਹੈ।

ਕਈ ਥਾਵਾਂ ’ਤੇ ਤਾਂ ਮੀਂਹ ਐਨਾਂ ਜ਼ਿਆਦਾ ਹੈ ਕਿ ਝੋਨਾ ਹਾਲੇ ਛੋਟਾ ਹੋਣ ਕਰਕੇ ਪਾਣੀ ’ਚ ਡੁੱਬ ਗਿਆ। ਮਾਹਿਰਾਂ ਮੁਤਾਬਿਕ ਆਉਣ ਵਾਲੇ ਦਿਨਾਂ ’ਚ ਹਾਲੇ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਨਾਲ ਗਰਮੀ ਤੋਂ ਭਾਰੀ ਰਾਹਤ ਮਹਿਸੂਸ ਹੋਵੇਗੀ। ਉਂਝ ਇਸ ਮੀਂਹ ਨਾਲ ਸ਼ਹਿਰੀ ਖੇਤਰਾਂ ’ਚ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ। ਕਈ ਪਿੰਡਾਂ ’ਚ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਘਰਾਂ ’ਚ ਪਾਣੀ ਵੜ੍ਹ ਗਿਆ ਜਿਸ ਕਾਰਨ ਲੋਕ ਦਿਨ ਚੜ੍ਹਦਿਆਂ ਹੀ ਆਪਣੇ ਘਰਾਂ ’ਚੋਂ ਪਾਣੀ ਬਾਹਰ ਕੱਢਣ ’ਚ ਜੁਟੇ ਹੋਏ ਹਨ।

ਵੇਰਵਿਆਂ ਮੁਤਾਬਿਕ ਬਠਿੰਡਾ, ਮਾਨਸਾ,  ਬਰਨਾਲਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਤਿਹਗੜ੍ਹ ਸਾਹਿਬ, ਸੰਗਰੂਰ, ਫਿਰੋਜ਼ਪੁਰ, ਫਰੀਦਕੋਟ, ਲੁਧਿਆਣਾ, ਸ੍ਰੀ ਅੰਮ੍ਰਿਤਸਰ ਸਾਹਿਬ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ। ਭਾਰੀ ਗਰਮੀ ਦੇ ਕਾਰਨ ਬਿਜਲੀ ਦੀ ਘਾਟ ਦੇ ਝਲਦਿਆਂ ਫਸਲਾਂ ਤਬਾਹੀ ਦੇ ਕਿਨਾਰੇ ਖੜ੍ਹੀਆਂ ਸੀ ਪਰ ਹੁਣ ਮੀਂਹ ਪੈਣ ਨਾਲ ਖੇਤਾਂ ’ਚ ਲੱਗ ਰਹੀ ਝੋਨੇ ਦੀ ਫ਼ਸਲ ਹੁਣ ਲੱਗਦਿਆਂ ਹੀ ਚੱਲ ਪਵੇਗੀ। ਕਈ ਜਿਲ੍ਹਿਆਂ ’ਚ ਮੀਂਹ ਜ਼ਿਆਦਾ ਹੋਣ ਕਰਕੇੇ ਖੇਤਾਂ ’ਚ ਐਨਾਂ ਜ਼ਿਆਦਾ ਪਾਣੀ ਖੜ੍ਹ ਗਿਆ ਕਿ ਝੋਨੇ ਦੀ ਫ਼ਸਲ ਛੋਟੀ ਹੋਣ ਕਰਕੇ ਡੁੱਬ ਗਈ।  

Read Also : ਪਹਾੜਾਂ ’ਤੇ ਮੀਂਹ ਦਾ ਖੌਫਨਾਕ ਰੂਪ, ਜੰਮੂ-ਕਸ਼ਮੀਰ, ਹਿਮਾਚਲ ’ਚ ਫਟੇ ਬੱਦਲ

ਘਰਾਂ ’ਚ ਬਜ਼ੁਰਗਾਂ, ਬੱਚਿਆਂ ਤੇ ਬਿਮਾਰਾਂ ਦਾ ਅਤੇ ਖੇਤਾਂ ਸਮੇਤ ਹੋਰ ਉਦਯੋਗਾਂ ’ਚ ਗਰਮੀ ਨੇ ਮਜ਼ਦੂਰਾਂ ਦਾ ਰਾਹ ਰੋਕਿਆ ਹੋਇਆ ਸੀ । ਹਰ ਕੋਈ ਮੀਂਹ ਨੂੰ ਬੜੀ ਬੇਸਬਰੀ ਨਾਲ ੳੇੁਡੀਕ ਰਿਹਾ ਸੀ। ਲੰਘੀ ਅੱਧੀ ਰਾਤ ਵਰ੍ਹੇ ਮੀਂਹ ਨੇ ਸਭ ਨੂੰ ਖੁਸ਼ ਕਰ ਦਿੱਤਾ। ਸ਼ਹਿਰਾਂ ਅਤੇ ਪਿੰਡਾਂ ’ਚ ਨੀਵੀਆਂ ਥਾਵਾਂ ’ਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਕੁੱਝ ਮੁਸ਼ਕਿਲਾਂ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਹੈ। ਮੀਂਹ ਦੇ ਨਾਲ ਚੱਲੀ ਤੇਜ ਹਨੇਰੀ ਨੇ ਕਈ ਥਾਈਂ ਦਰੱਖਤ ਸੜਕਾਂ ’ਤੇ ਸੁੱਟ ਦਿੱਤੇ। ਮੌਸਮ ਮਾਹਿਰਾਂ ਨੇ ਮੌਸਮ ਦਾ ਜੋ ਅਗਾਂਊ ਅੰਦਾਜ਼ਾ ਲਗਾਇਆ ਹੈ ਉਸ ਮੁਤਾਬਿਕ ਅੱੱਜ ਸਮੇਤ ਆਉਣ ਵਾਲੇ ਦਿਨਾਂ ’ਚ ਕਰੀਬ ਸਾਰੇ ਹੀ ਪੰਜਾਬ ’ਚ ਭਾਰੀ ਮੀਂਹ ਤੇ ਤੇੇਜ ਝੱਖੜ ਝੁੱਲਣ ਦਾ ਅੰਦਾਜ਼ਾ ਹੈ।

About The Author

Related Posts