Faridkot Murder Case: ਜਾਇਦਾਦ ਦੇ ਵਿਵਾਦ ਨੇ ਲਿਆ ਖ਼ੂਨੀ ਰੂਪ, ਪੁੱਤ ਨੇ ਸਾਥੀਆਂ ਨਾਲ ਮਿਲ ਕੇ ਗਲਾ ਘੁੱਟ ਕੇ ਕੀਤਾ ਪਿਓ ਦਾ ਕਤਲ

ਫ਼ਰੀਦਕੋਟ ਦੇ ਪਿੰਡ ਮੱਤਾ ਦੀ ਘਟਨਾ; ਪੁੱਤ ਅਤੇ ਉਸ ਦਾ ਸਾਲਾ ਗ੍ਰਿਫ਼ਤਾਰ, ਨੂੰਹ ਸਮੇਤ ਤਿੰਨ ਮੁਲਜ਼ਮਾਂ ਦੀ ਭਾਲ ਜਾਰੀ

Satinder Mathur  Picture
Published On

Faridkot Murder Case: ਫ਼ਰੀਦਕੋਟ, (ਸੱਚ ਕਹੂੰ ਨਿਊਜ਼/ਹਿੰ.ਸ.)| ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇੱਕ ਪੁੱਤ ਵੱਲੋਂ ਆਪਣੇ ਹੀ ਬਜ਼ੁਰਗ ਪਿਤਾ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ (58) ਵਜੋਂ ਹੋਈ ਹੈ। ਇਹ ਵਾਰਦਾਤ ਜੈਤੋ ਦੇ ਪਿੰਡ ਮੱਤਾ ਵਿੱਚ 21 ਨਵੰਬਰ ਨੂੰ ਵਾਪਰੀ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪੁੱਤ ਹਰਵਿੰਦਰ ਸਿੰਘ ਉਰਫ਼ ਨਿੱਕਾ (40) ਅਤੇ ਉਸ ਦੇ ਸਾਲੇ ਚਰਨਜੀਤ ਸਿੰਘ ਉਰਫ਼ ਚੰਨੂ ਨੂੰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿੰਨ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ ਮ੍ਰਿਤਕ ਦੀ ਧੀ ਸੁਖਪ੍ਰੀਤ ਕੌਰ, ਵਾਸੀ ਪਿੰਡ ਬਰਕੰਦੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸ਼ਿਕਾਇਤ 'ਤੇ ਉਸ ਦੇ ਭਰਾ, ਭਰਜਾਈ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: Uttar Pradesh Road Accident: ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਹਾਦਸਾ: ਚਾਰ ਸਕੂਲੀ ਬੱਚਿਆਂ ਦੀ ਮੌਤ, 24 ਗੰਭੀਰ

ਸੁਖਪ੍ਰੀਤ ਕੌਰ ਅਨੁਸਾਰ, ਸਵੇਰ ਕਰੀਬ 7 ਵਜੇ ਉਸ ਦੇ ਪਤੀ ਬਲਰਾਜ ਸਿੰਘ ਨੂੰ ਉਸ ਦੇ ਭਰਾ ਹਰਵਿੰਦਰ ਸਿੰਘ ਨੇ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸੂਚਨਾ ਮਿਲਣ 'ਤੇ ਉਹ ਆਪਣੇ ਪਤੀ ਨਾਲ ਪਿੰਡ ਮੱਤਾ ਪਹੁੰਚੀ। ਉੱਥੇ ਪਿਤਾ ਦੇ ਗਲੇ 'ਤੇ ਨਿਸ਼ਾਨ ਦੇਖ ਕੇ ਉਸ ਨੂੰ ਮੌਤ ਦੇ ਕਾਰਨਾਂ ਬਾਰੇ ਸ਼ੱਕ ਹੋਇਆ ਅਤੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਉਸ ਦਾ ਭਰਾ ਹਰਵਿੰਦਰ ਸਿੰਘ ਅਤੇ ਭਰਜਾਈ ਕੋਮਲ ਅਕਸਰ ਪੈਸਿਆਂ ਅਤੇ ਮਕਾਨ ਆਪਣੇ ਨਾਂ ਕਰਵਾਉਣ ਨੂੰ ਲੈ ਕੇ ਪਿਤਾ ਨਾਲ ਝਗੜਾ ਕਰਦੇ ਰਹਿੰਦੇ ਸਨ। 21 ਨਵੰਬਰ ਨੂੰ ਹਰਵਿੰਦਰ ਦਾ ਸਾਲਾ ਚਰਨਜੀਤ ਸਿੰਘ ਉਰਫ਼ ਚੰਨੂ, ਜੋ ਰਾਜਸਥਾਨ ਦੇ ਸ੍ਰੀਗੰਗਾਨਗਰ ਦਾ ਰਹਿਣ ਵਾਲਾ ਹੈ, ਵੀ ਪਿੰਡ ਮੱਤਾ ਆਇਆ ਹੋਇਆ ਸੀ। ਉਸ ਸ਼ਾਮ ਵੀ ਪਰਿਵਾਰ ਵਿੱਚ ਇਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ।

ਸ਼ਿਕਾਇਤ ਅਨੁਸਾਰ, ਝਗੜੇ ਤੋਂ ਬਾਅਦ ਹਰਵਿੰਦਰ ਨੇ ਆਪਣੇ ਦੋਸਤ ਧਰਮਿੰਦਰ ਸਿੰਘ ਉਰਫ਼ ਭਿੰਦਰ ਉਰਫ਼ ਬਕਰਾ ਅਤੇ ਇੱਕ ਅਣਪਛਾਤੇ ਨੌਜਵਾਨ ਨੂੰ ਵੀ ਬੁਲਾ ਲਿਆ। ਦੋਸ਼ ਹੈ ਕਿ ਇਸ ਦੌਰਾਨ ਭਰਜਾਈ ਕੋਮਲ ਨੇ ਹਰਜਿੰਦਰ ਸਿੰਘ ਦੀ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਰਾਤ ਕਰੀਬ 11:30 ਵਜੇ ਜਦੋਂ ਬਜ਼ੁਰਗ ਬੇਹੋਸ਼ੀ ਦੀ ਹਾਲਤ ਵਿੱਚ ਹੋ ਗਏ ਤਾਂ ਹਰਵਿੰਦਰ, ਚਰਨਜੀਤ, ਧਰਮਿੰਦਰ ਅਤੇ ਅਣਪਛਾਤੇ ਨੌਜਵਾਨ ਨੇ ਉਨ੍ਹਾਂ ਦੇ ਹੱਥ-ਪੈਰ ਫੜ ਲਏ।

ਦੋਸ਼ ਹੈ ਕਿ ਇਸ ਤੋਂ ਬਾਅਦ ਕੋਮਲ ਨੇ ਹਰਜਿੰਦਰ ਸਿੰਘ ਦੇ ਗਲੇ ਵਿੱਚ ਪਰਨਾ ਪਾ ਕੇ ਉਨ੍ਹਾਂ ਦਾ ਗਲਾ ਘੁੱਟ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵਾਰਦਾਤ ਨੂੰ ਲੁਕਾਉਣ ਲਈ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਗੱਲ ਕਹੀ ਗਈ, ਪਰ ਗਲੇ 'ਤੇ ਨਿਸ਼ਾਨ ਦੇਖ ਕੇ ਧੀ ਨੂੰ ਸ਼ੱਕ ਹੋ ਗਿਆ।

ਜਾਂਚ ਅਧਿਕਾਰੀ ਐੱਸਆਈ ਜੈਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਪੁੱਤ ਹਰਵਿੰਦਰ ਸਿੰਘ ਅਤੇ ਉਸ ਦੇ ਸਾਲੇ ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਨੂੰਹ ਕੋਮਲ, ਧਰਮਿੰਦਰ ਸਿੰਘ ਉਰਫ਼ ਭਿੰਦਰ ਉਰਫ਼ ਬਕਰਾ ਅਤੇ ਇੱਕ ਅਣਪਛਾਤਾ ਨੌਜਵਾਨ ਅਜੇ ਫ਼ਰਾਰ ਹਨ। ਪੁਲਿਸ ਅਨੁਸਾਰ, ਮ੍ਰਿਤਕ ਦੀ ਲਾਸ਼ ਦਾ ਮੰਗਲਵਾਰ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਜਾਣਾ ਹੈ।

Comments

Post Your Comment

About The Author

Related Posts