Punjab Election: ਮਾਲਵੇ ’ਚ ਅਕਾਲੀ-ਭਾਜਪਾ ਗੱਠਜੋੜ ਦਾ ਚੰਗਾ ਰਿਹੈ ਪ੍ਰਦਰਸ਼ਨ
ਗੱਠਜੋੜ ਨੇ ਮਾਲਵੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੱਤਾ ਹਾਸਲ ਕੀਤੀ ਸੀ
ਸੰਗਰੂਰ (ਗੁਰਪ੍ਰੀਤ ਸਿੰਘ)। ਪੰਜਾਬ ਦੀ ਸਿਆਸਤ ’ਚ ਇੱਕ ਵੱਡੇ ਇਤਿਹਾਸਕ ਮੋੜ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਚੋਣ ਗੱਠਜੋੜ ਹੋ ਗਿਆ ਹੈ। ਸਤੰਬਰ 2020 ’ਚ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ 24 ਸਾਲ ਪੁਰਾਣਾ ਰਿਸ਼ਤਾ ਟੁੱਟਣ ਤੋਂ ਬਾਅਦ, ਦੋਵੇਂ ਪਾਰਟੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਵਾਰ ਫਿਰ ਇਕੱਠੀਆਂ ਹੋ ਗਈਆਂ। ਇਸ ਗੱਠਜੋੜ ਦਾ ਸਭ ਤੋਂ ਵੱਧ ਸਿਆਸੀ ਅਸਰ ਪੰਜਾਬ ਦੇ ਸਭ ਤੋਂ ਵੱਡੇ ਖਿੱਤੇ ਮਾਲਵਾ ’ਤੇ ਦੇਖਣ ਨੂੰ ਮਿਲੇਗਾ ਜਿੱਥੇ ਵਿਧਾਨ ਸਭਾ ਦੀਆਂ 69 ਸੀਟਾਂ ਹਨ।
ਜਾਣਕਾਰੀ ਮੁਤਾਬਕ ਮਾਲਵਾ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਰਿਹਾ ਹੈ, ਜਿੱਥੇ ਪੇਂਡੂ ਵੋਟ ਬੈਂਕ ਅਕਾਲੀ ਦਲ ਕੋਲ ਅਤੇ ਸ਼ਹਿਰੀ ਤੇ ਵਪਾਰੀ ਵੋਟ ਬੈਂਕ ਭਾਜਪਾ ਕੋਲ ਰਿਹਾ ਹੈ। 1997, 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਗੱਠਜੋੜ ਨੇ ਮਾਲਵੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੱਤਾ ਹਾਸਲ ਕੀਤੀ ਸੀ। 2012 ’ਚ ਇਸੇ ਸਮੀਕਰਨ ਸਦਕਾ ਗੱਠਜੋੜ ਨੇ ਲਗਾਤਾਰ ਦੂਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚਿਆ ਸੀ। ਹਾਲਾਂਕਿ, 2017 ’ਚ ਕੁਝ ਕਾਰਨਾਂ ਕਰਕੇ ਅਤੇ 2022 ’ਚ ਗੱਠਜੋੜ ਟੁੱਟਣ ਕਾਰਨ ਦੋਵਾਂ ਪਾਰਟੀਆਂ ਨੂੰ ਮਾਲਵੇ ’ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮਾਲਵੇ ਦੀਆਂ ਕੁੱਲ 69 ਸੀਟਾਂ ’ਚੋਂ ਜ਼ਿਆਦਾਤਰ ਪੇਂਡੂ ਹਨ, ਪਰ ਕਈ ਸੀਟਾਂ ਅਰਧ-ਸ਼ਹਿਰੀ ਅਤੇ ਸ਼ਹਿਰੀ ਵੀ ਹਨ। ਇਸ ਗੱਠਜੋੜ ਨਾਲ ਮਾਲਵੇ ਦੀਆਂ ਸੀਟਾਂ ’ਤੇ ਪ੍ਰਭਾਵ ਪਵੇਗਾ ਪੰਜਾਬ ’ਚ ਸ਼ਹਿਰੀ ਅਤੇ ਅਰਧ-ਸ਼ਹਿਰੀ ਸੀਟਾਂ ਜਿਨ੍ਹਾਂ ਦੀ ਗਿਣਤੀ ਲੱਗਭੱਗ 18-20 ਸੀਟਾਂ ਬਣਦੀ ਹੈ। ਇਨ੍ਹਾਂ ਵਿੱਚ ਲੁਧਿਆਣਾ ਸ਼ਹਿਰ ਦੀਆਂ ਸੀਟਾਂ, ਬਠਿੰਡਾ ਸ਼ਹਿਰੀ, ਪਟਿਆਲਾ ਸ਼ਹਿਰੀ, ਰਾਜਪੁਰਾ, ਡੇਰਾਬੱਸੀ, ਮੋਗਾ, ਫਿਰੋਜ਼ਪੁਰ ਸ਼ਹਿਰੀ, ਅਬੋਹਰ, ਫਾਜ਼ਿਲਕਾ, ਸੰਗਰੂਰ, ਬਰਨਾਲਾ ਤੇ ਮਾਨਸਾ ਵਰਗੀਆਂ ਸੀਟਾਂ ’ਤੇ ਭਾਜਪਾ ਦਾ ਸ਼ਹਿਰੀ ਵੋਟ ਬੈਂਕ ਜੋ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਫੀ ਵਧਿਆ ਹੈ।
ਮਾਲਵੇ ’ਚ ਪੇਂਡੂ ਸੀਟਾਂ ਦੀ ਗਿਣਤੀ ਲਗਭਗ 50 ਦੇ ਕਰੀਬ ਹੈ ਜਿਸ ਵਿੱਚ ਵਿਧਾਨ ਸਭਾ ਹਲਕਾ ਲੰਬੀ, ਗਿੱਦੜਬਾਹਾ, ਜਲਾਲਾਬਾਦ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਜੀਰਾ, ਗੁਰੂਹਰਸਹਾਏ, ਫਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ, ਭੁੱਚੋ ਮੰਡੀ, ਤਲਵੰਡੀ ਸਾਬੋ, ਮੌੜ, ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਦਿੜ੍ਹਬਾ, ਸੁਨਾਮ, ਮਲੇਰਕੋਟਲਾ, ਅਮਰਗੜ੍ਹ, ਧੂਰੀ, ਮਹਿਲ ਕਲਾਂ, ਭਦੌੜ, ਨਾਭਾ, ਸਮਾਣਾ, ਸ਼ੁਤਰਾਣਾ, ਘਨੌਰ, ਸਨੌਰ, ਖੰਨਾ, ਸਮਰਾਲਾ, ਸਾਹਨੇਵਾਲ, ਦਾਖਾ, ਗਿੱਲ, ਪਾਇਲ, ਰਾਏਕੋਟ, ਜਗਰਾਉਂ, ਖਰੜ, ਚਮਕੌਰ ਸਾਹਿਬ, ਰੂਪਨਗਰ, ਅਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ, ਬੱਸੀ ਪਠਾਣਾਂ ਅਤੇ ਅਮਲੋਹ ਵਰਗੀਆਂ ਪੇਂਡੂ ਸੀਟਾਂ ’ਤੇ ਅਕਾਲੀ ਦਲ ਮੁੱਖ ਭੂਮਿਕਾ ’ਚ ਰਹੇਗਾ।
2024 ’ਚ ਭਾਜਪਾ ਨੇ ਦਿਖਾਈ ਸੀ ਆਪਣੀ ਤਾਕਤ
2024 ਦੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਇਕੱਲਿਆਂ ਚੋਣ ਲੜਦਿਆਂ 18.56% ਵੋਟਾਂ ਹਾਸਲ ਕੀਤੀਆਂ ਜੋ 2019 ਦੇ 9.63% ਨਾਲੋਂ ਲੱਗਭੱਗ ਦੁੱਗਣੀਆਂ ਸਨ ਭਾਜਪਾ ਨੂੰ ਪੰਜਾਬ ’ਚ ਕੁੱਲ 25,00,877 (ਲੱਗਭੱਗ 25 ਲੱਖ) ਵੋਟਾਂ ਮਿਲੀਆਂ। ਹਾਲਾਂਕਿ, ਵੋਟ ਫ਼ੀਸਦੀ ਵਧਣ ਦੇ ਬਾਵਜੂਦ ਭਾਜਪਾ ਪੰਜਾਬ ’ਚ ਕੋਈ ਵੀ ਸੀਟ ਨਹੀਂ ਜਿੱਤ ਸਕੀ, ਪਰ 23 ਵਿਧਾਨ ਸਭਾ ਹਲਕਿਆਂ ’ਚ ਅੱਗੇ ਰਹੀ ਸੀ।
Read Also : ਮੁੱਖ ਮੰਤਰੀ ਮਾਨ ਨੇ ਅਕਾਲੀ ਭਾਜਪਾ ਗਠਜੋੜ ’ਤੇ ਸਿੰਨ੍ਹਿਆ ਨਿਸ਼ਾਨਾ, ਕਹਿ ਦਿੱਤੀ ਵੱਡੀ ਗੱਲ
Comments