Canal Breach News: ਪਹਿਲੇ ਹੀ ਨਹਿਰੀ ਪਾਣੀ ਦੇ ਦਬਾਅ ਅੱਗੇ ਨਾ ਟਿਕ ਸਕਿਆ ਰੋਹੀੜਾ ਮਾਈਨਰ ਰਜਵਾਹਾ

ਸੁਲਤਾਨਪੁਰ ਬਧਰਾਵਾਂ ਨੇੜੇ ਪਾੜ ਪੈਣ ਨਾਲ ਸਬਜ਼ੀਆਂ ਅਤੇ ਝੋਨੇ ਦੀ ਫ਼ਸਲ ਡੁੱਬੀ, ਕਿਸਾਨਾਂ ਨੇ ਉਸਾਰੀ ਵਿੱਚ ਅਣਗਹਿਲੀ ਦੇ ਲਗਾਏ ਦੋਸ਼

Satinder Mathur  Picture
Published On

Canal Breach News: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਜ਼ਿਲ੍ਹਾ ਮਾਲੇਰਕੋਟਲਾ ਦੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਪਿਛਲੇ ਸਾਲ ਬਣਾਇਆ ਗਿਆ ਰੋਹੀੜਾ ਮਾਈਨਰ ਰਜਵਾਹਾ ਪਹਿਲੀ ਵਾਰ ਹੀ ਛੱਡੇ ਗਏ ਨਹਿਰੀ ਪਾਣੀ ਦਾ ਦਬਾਅ ਸਹਿਣ ਵਿੱਚ ਨਾਕਾਮ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੁਲਤਾਨਪੁਰ ਬਧਰਾਵਾਂ ਨੇੜੇ ਰਜਵਾਹੇ ਵਿੱਚ ਪਾੜ ਪੈਣ ਕਾਰਨ ਆਲੇ-ਦੁਆਲੇ ਦੇ ਸੈਂਕੜੇ ਵਿੱਘੇ ਰਕਬੇ ਵਿੱਚ ਖੜ੍ਹੀਆਂ ਸਬਜ਼ੀਆਂ ਅਤੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਖੇਤਾਂ ਤੱਕ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਾਉਣ ਦੇ ਇਸ ਪ੍ਰਾਜੈਕਟ ਦਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਗਿਆ ਸੀ। ਨਹਿਰੀ ਵਿਭਾਗ ਨੇ ਪਹਿਲੀ ਵਾਰ ਰਜਵਾਹੇ ਵਿੱਚ ਪਾਣੀ ਛੱਡਿਆ ਸੀ। ਇਸ ਦੌਰਾਨ ਰਾਤ ਨੂੰ ਹੋਈ ਬਾਰਿਸ਼ ਕਾਰਨ ਬਹੁਤੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਮੋਘੇ ਬੰਦ ਕੀਤੇ ਹੋਏ ਸਨ। ਪਿੰਡ ਬਧਰਾਵਾਂ-ਸੇਖੂਪੁਰਾ ਸੜਕ 'ਤੇ ਬਣੇ ਪੁਲ ਨੇੜੇ ਅਚਾਨਕ ਰਜਵਾਹੇ ਵਿੱਚ ਪਾੜ ਪੈ ਗਿਆ। ਕਿਸਾਨਾਂ ਦਾ ਦੋਸ਼ ਹੈ ਕਿ ਕੰਕਰੀਟ ਨਾਲ ਬਣੇ ਰਜਵਾਹੇ ਦਾ ਤਲ ਦਬ ਜਾਣ ਕਾਰਨ ਪਾਣੀ ਤੇਜ਼ੀ ਨਾਲ ਖੇਤਾਂ ਵਿੱਚ ਫੈਲ ਗਿਆ ਅਤੇ ਫ਼ਸਲਾਂ ਪਾਣੀ ਹੇਠ ਆ ਗਈਆਂ।

ਇਹ ਵੀ ਪੜ੍ਹੋ: Punjab Farmers News: ਪੰਜਾਬ ਦੀਆਂ ਜਰਖੇਜ਼ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਕੋਸ਼ਿਸ਼ ਹੈ ਲੈਂਡ ਪੂਲਿੰਗ ਪਾਲਿਸੀ : ਬੀਕੇਯੂ ਏਕਤਾ ਸਿੱਧੂਪੁਰ

ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਜਗੇੜਾ ਨਹਿਰੀ ਪੁਲ ਸਥਿਤ ਨਹਿਰੀ ਵਿਭਾਗ ਦੇ ਸਬੰਧਿਤ ਮੁਲਾਜ਼ਮ ਨੂੰ ਫ਼ੋਨ ਕਰਕੇ ਪਾਣੀ ਬੰਦ ਕਰਨ ਦੀ ਅਪੀਲ ਕੀਤੀ। ਮੁਲਾਜ਼ਮ ਨੇ ਦੋ ਮਿੰਟ ਵਿੱਚ ਸਪਲਾਈ ਬੰਦ ਕਰਨ ਦਾ ਭਰੋਸਾ ਦਿੱਤਾ, ਪਰ ਲੰਬੇ ਸਮੇਂ ਤੱਕ ਪਾਣੀ ਬੰਦ ਨਾ ਹੋਣ ਕਾਰਨ ਸਥਿਤੀ ਹੋਰ ਗੰਭੀਰ ਬਣ ਗਈ। ਕਿਸਾਨਾਂ ਮੁਤਾਬਕ ਜਦੋਂ ਦੋ ਨੌਜਵਾਨ ਕਰੀਬ 15 ਕਿਲੋਮੀਟਰ ਦੂਰ ਜਗੇੜਾ ਪੁੱਜੇ ਤਾਂ ਪਤਾ ਲੱਗਾ ਕਿ ਸਬੰਧਿਤ ਮੁਲਾਜ਼ਮ ਡਿਊਟੀ 'ਤੇ ਮੌਜੂਦ ਹੀ ਨਹੀਂ ਸੀ। ਬਾਅਦ ਵਿੱਚ ਉਹ ਮੌਕੇ 'ਤੇ ਪਹੁੰਚਿਆ ਅਤੇ ਨੌਜਵਾਨਾਂ ਨੇ ਖ਼ੁਦ ਪਾਣੀ ਦੀ ਸਪਲਾਈ ਬੰਦ ਕਰਵਾਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਰਜਵਾਹੇ ਦੀ ਉਸਾਰੀ ਦੌਰਾਨ ਠੇਕੇਦਾਰ ਵੱਲੋਂ ਲਾਪਰਵਾਹੀ ਵਰਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਢੁੱਕਵੇਂ ਨਿਰਮਾਣ ਦੇ ਸੀਮਿੰਟ ਦੇ ਸਾਈਫਨ ਪਾਈਪਾਂ ਉੱਪਰ ਮਿੱਟੀ ਪਾ ਦਿੱਤੀ ਗਈ, ਜਿਸ ਕਾਰਨ ਪਾਈਪ ਦਬ ਗਏ ਅਤੇ ਰਜਵਾਹੇ ਵਿੱਚ ਪਾੜ ਪੈ ਗਿਆ।

ਮੋਘੇ ਬੰਦ ਹੋਣ ਕਾਰਨ ਵਧਿਆ ਦਬਾਅ: ਜੇ.ਈ.

ਇਸ ਮਾਮਲੇ ਸਬੰਧੀਂ ਗੱਲਬਾਤ ਕਰਨ ਤੇ ਨਹਿਰੀ ਵਿਭਾਗ ਦੇ ਜੇ.ਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਕਿਸਾਨਾਂ ਨੇ ਆਪਣੇ ਖੇਤਾਂ ਦੇ ਮੋਘੇ ਬੰਦ ਕਰ ਦਿੱਤੇ ਸਨ, ਜਿਸ ਨਾਲ ਰਜਵਾਹੇ ਵਿੱਚ ਪਾਣੀ ਦਾ ਦਬਾਅ ਵਧ ਗਿਆ ਅਤੇ ਰਜਵਾਹਾ ਲੀਕ ਹੋ ਗਿਆ। ਉਸਾਰੀ ਵਿੱਚ ਕਥਿਤ ਖਾਮੀਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਇਲਾਕੇ ਵਿੱਚ ਡਿਊਟੀ ਸੰਭਾਲੀ ਹੈ, ਇਸ ਲਈ ਉਹ ਇਸ ਸਬੰਧੀ ਕੋਈ ਟਿੱਪਣੀ ਨਹੀਂ ਕਰ ਸਕਦੇ।

About The Author

Related Posts