CM di Yogshala Punjab: ਰੰਗਲਾ ਪੰਜਾਬ–ਸਿਹਤਮੰਦ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ 'ਸੀਐਮ ਦੀ ਯੋਗਸ਼ਾਲਾ': ਡੀਸੀ
ਯੋਗ ਸਿੱਖਣ ਦੇ ਚਾਹਵਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਜਾਰੀ ਕੀਤਾ
CM di Yogshala Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ 'ਸੀ.ਐਮ. ਦੀ ਯੋਗਸ਼ਾਲਾ' ਯੋਜਨਾ ਜ਼ਿਲ੍ਹਾ ਫ਼ਰੀਦਕੋਟ ਵਿੱਚ ਲੋਕਾਂ ਦੀ ਸਿਹਤ ਸੁਧਾਰਨ ਲਈ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਇਹ ਪਹਿਲਕਦਮੀ 'ਰੰਗਲਾ ਪੰਜਾਬ–ਸਿਹਤਮੰਦ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਤਹਿਤ ਲੋਕਾਂ ਨੂੰ ਮੁਫ਼ਤ ਯੋਗ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਮੇਂ 216 ਥਾਵਾਂ 'ਤੇ ਨਿਯਮਿਤ ਤੌਰ 'ਤੇ ਮੁਫ਼ਤ ਯੋਗ ਕਲਾਸਾਂ ਚੱਲ ਰਹੀਆਂ ਹਨ। ਫ਼ਰੀਦਕੋਟ ਸ਼ਹਿਰ ਦੇ ਰਾਇਲ ਸਿਟੀ ਪਾਰਕ, ਗੁਰੂ ਨਾਨਕ ਨਗਰ ਪਾਰਕ, ਅਮਨ ਨਗਰ ਪਾਰਕ, ਆਦਰਸ਼ ਨਗਰ, ਬਲਬੀਰ ਐਵੀਨਿਊ, ਰੈਸਟ ਹਾਊਸ ਸਮੇਤ ਹੋਰ ਕਈ ਸਥਾਨਾਂ 'ਤੇ ਸਿਖਲਾਈ ਪ੍ਰਾਪਤ ਯੋਗ ਇੰਸਟ੍ਰਕਟਰਾਂ ਵੱਲੋਂ ਹਰ ਰੋਜ਼ ਯੋਗ ਅਭਿਆਸ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਅਤੇ ਪਿੰਡਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈ ਰਹੇ ਹਨ।
ਇਹ ਵੀ ਪੜ੍ਹੋ: Khanna News: ਖੰਨਾ ਪੁਲਿਸ ਨੇ 53 ਐਨਡੀਪੀਐਸ ਕੇਸਾਂ ਦੀ ਜ਼ਬਤ ਨਸ਼ੀਲੀ ਸਮੱਗਰੀ ਕੀਤੀ ਨਸ਼ਟ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਯਮਿਤ ਯੋਗ ਕਰਨ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਆਉਂਦਾ ਹੈ, ਤਣਾਅ ਘਟਦਾ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਲੱਗ ਰਹੀਆਂ ਮੁਫ਼ਤ ਯੋਗ ਕਲਾਸਾਂ ਨਾਲ ਜੁੜਨ ਅਤੇ ਹੋਰਨਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਨ।
ਜ਼ਿਲ੍ਹਾ ਕੋਆਰਡੀਨੇਟਰ ਯੋਗਾ ਪੁਸ਼ਪਾ ਨੇ ਦੱਸਿਆ ਕਿ ਯੋਗ ਸਿੱਖਣ ਦੇ ਚਾਹਵਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਜਾਰੀ ਕੀਤਾ ਹੈ। ਜੇਕਰ ਕਿਸੇ ਮੁਹੱਲੇ ਜਾਂ ਕਾਲੋਨੀ ਵਿੱਚ ਘੱਟੋ-ਘੱਟ 25 ਲੋਕਾਂ ਦਾ ਸਮੂਹ ਹੋਵੇ ਤਾਂ ਇਸ ਨੰਬਰ 'ਤੇ ਮਿਸਡ ਕਾਲ ਦੇ ਕੇ ਮੁਫ਼ਤ ਯੋਗ ਕਲਾਸਾਂ ਸ਼ੁਰੂ ਕਰਵਾਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ cmdiyogsala.punjab.gov.in 'ਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਉਪਲੱਬਧ ਹੈ।