Kotkapura Canal Breach: ਕੋਟਕਪੂਰਾ ਦੇ ਪਿੰਡ ਠਾੜਾ ਨੇੜੇ ਰਜਵਾਹਾ ਮੁੜ ਟੁੱਟਿਆ, 60-70 ਏਕੜ ਫਸਲ ਡੁੱਬੀ
ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
Kotkapura Canal Breach:
ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੇ ਨੇੜਲੇ ਪਿੰਡ ਠਾੜਾ ਵਿਖੇ ਰਜਵਾਹਾ ਟੁੱਟਣ ਕਾਰਨ ਤਕਰੀਬਨ 60 ਤੋਂ 70 ਏਕੜ ਖੇਤਾਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਕਿਸਾਨਾਂ ਦੀ ਸਬਜ਼ੀਆਂ ਅਤੇ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਵੀ ਇਸੇ ਪਿੰਡ ਵਿੱਚ ਰਜਵਾਹਾ ਟੁੱਟ ਗਿਆ ਸੀ, ਜਿਸ ਦੀ ਦਿਨ ਸਮੇਂ ਠੇਕੇਦਾਰ ਵੱਲੋਂ ਮੁਰੰਮਤ ਕੀਤੀ ਗਈ ਸੀ। ਪਰ ਰਾਤ ਸਮੇਂ ਆਏ ਤੇਜ਼ ਹਨੇਰੀ-ਝੱਖੜ ਕਾਰਨ ਦਰੱਖਤ ਡਿੱਗਣ ਨਾਲ ਰਜਵਾਹਾ ਮੁੜ ਟੁੱਟ ਗਿਆ ਅਤੇ ਪਾਣੀ ਤੇਜ਼ੀ ਨਾਲ ਖੇਤਾਂ ਵਿੱਚ ਫੈਲ ਗਿਆ।
ਇਹ ਵੀ ਪੜ੍ਹੋ: Kotkapura News: ਕੋਟਕਪੂਰਾ ਪੁਲਿਸ ਨੇ ਗੁੰਮ ਹੋਇਆ ਲਾਇਸੈਂਸੀ ਰਿਵਾਲਵਰ ਮਾਲਕ ਨੂੰ ਸੌਂਪਿਆ, ਵਿਅਕਤੀ ਨੇ ਕੀਤਾ ਧੰਨਵਾਦ
ਕਿਸਾਨਾਂ ਦਾ ਦੋਸ਼ ਹੈ ਕਿ ਅਜੇ ਤੱਕ ਨਹਿਰੀ ਵਿਭਾਗ ਵੱਲੋਂ ਰਜਵਾਹੇ ਦੀ ਪਾਣੀ ਸਪਲਾਈ ਬੰਦ ਨਹੀਂ ਕੀਤੀ ਗਈ, ਜਿਸ ਕਾਰਨ ਪਾਣੀ ਲਗਾਤਾਰ ਖੇਤਾਂ ਵਿੱਚ ਭਰ ਰਿਹਾ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਪਾਣੀ ਪਿੰਡ ਵਿੱਚ ਵੀ ਦਾਖਲ ਹੋ ਸਕਦਾ ਹੈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕਰਦਿਆਂ ਨੁਕਸਾਨੀ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਰਜਵਾਹੇ ਦਾ ਕੁਝ ਸਮਾਂ ਪਹਿਲਾਂ ਹੀ ਕੰਕਰੀਟ ਨਾਲ ਨਿਰਮਾਣ ਕੀਤਾ ਗਿਆ ਸੀ, ਪਰ ਘਟੀਆ ਮਟੀਰੀਅਲ ਵਰਤੇ ਜਾਣ ਕਾਰਨ ਇਹ ਹੁਣ ਤੱਕ ਛੇ ਤੋਂ ਸੱਤ ਥਾਵਾਂ ਤੋਂ ਟੁੱਟ ਚੁੱਕਾ ਹੈ। ਇਸ ਕਾਰਨ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਠਾੜਾ ਦੇ ਕਿਸਾਨ ਜਸਕਰਨ ਸਿੰਘ, ਜਗਜੀਤ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਰਜਵਾਹੇ ਦੇ ਨਿਰਮਾਣ ਦੌਰਾਨ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਇਹ ਲਗਾਤਾਰ ਟੁੱਟ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਕਿਸਾਨਾਂ ਨੇ ਮੰਗ ਕੀਤੀ ਕਿ ਰਜਵਾਹੇ ਦੀ ਤੁਰੰਤ ਮੁਰੰਮਤ ਕਰਕੇ ਪਾਣੀ ਦੀ ਸਪਲਾਈ ਬੰਦ ਕੀਤੀ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।