Punjab
Lehragaga News: ਅਤਿ ਗਰੀਬ ਪਰਿਵਾਰ ਦੇ ਨੌਜਵਾਨ ਸਾਕਾ ਨੇ ਭਾਰਤੀ ਫੌਜ ’ਚ ਭਰਤੀ ਹੋ ਕੇ ਲਹਿਰਾਗਾਗਾ ਦਾ ਕੀਤਾ ਨਾਂਅ ਰੌਸ਼ਨ
ਆਰਥਿਕ ਤੰਗੀਆਂ ਦੇ ਬਾਵਜੂਦ ਉਸ ਨੇ ਆਪਣੇ ਸੁਪਨੇ ਨੂੰ ਕਦੇ ਮਰਨ ਨਹੀਂ ਦਿੱਤਾ
Lehragaga News: ਲਹਿਰਾਗਾਗਾ (ਨੈਨਸੀ ਇੰਸਾਂ)। ਲਹਿਰਾਗਾਗਾ ਤੋਂ ਜੋਗੀ ਬਿਰਾਦਰੀ ਨਾਲ ਸਬੰਧਤ ਇੱਕ ਅਤਿ ਗਰੀਬ ਪਰਿਵਾਰ ਦੇ ਨੌਜਵਾਨ ਸਾਕਾ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਭਾਰਤੀ ਫੌਜ ਦੀ ਆਰਮੀ ਮੈਡੀਕਲ ਕੋਰ ਵਿੱਚ ਭਰਤੀ ਹੋ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਸਾਕਾ ਪੜ੍ਹਾਈ ਦੇ ਨਾਲ-ਨਾਲ ਦੁਕਾਨਾਂ ’ਤੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਸਹਾਰਾ ਬਣਦਾ ਰਿਹਾ ਤੇ ਆਰਥਿਕ ਤੰਗੀਆਂ ਦੇ ਬਾਵਜੂਦ ਉਸ ਨੇ ਆਪਣੇ ਸੁਪਨੇ ਨੂੰ ਕਦੇ ਮਰਨ ਨਹੀਂ ਦਿੱਤਾ। ਲਗਾਤਾਰ ਮਿਹਨਤ ਕਰਦਿਆਂ ਉਸ ਨੇ ਲਖਨਊ ਵਿਖੇ ਆਰਮੀ ਮੈਡੀਕਲ ਕੋਰ ਦੀ ਬਟਾਲੀਅਨ ’ਚ ਭਰਤੀ ਹੋਣ ਦਾ ਮਾਣ ਹਾਸਲ ਕੀਤਾ। ਸਾਕਾ ਦੇ ਲਹਿਰਾਗਾਗਾ ਪਹੁੰਚਣ ’ਤੇ ਮਹੱਲਾ ਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। Lehragaga News
Read Also : Jalandhar News: ਜਲੰਧਰ ’ਚ ਹੋਮਿਓਪੈਥਿਕ ਕਲੀਨਿਕ ’ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ, ਪੁਲਿਸ ਜਾਂਚ ’ਚ ਜੁਟੀ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਹ ਪਹਿਲਾ ਮੌਕਾ ਹੈ ਜਦੋਂ ਜੋਗੀ ਬਿਰਾਦਰੀ ਦਾ ਕੋਈ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋਇਆ ਹੈ। ਇਸ ਦੌਰਾਨ ਭਾਵੁਕ ਪਲ ਉਸ ਵੇਲੇ ਵੇਖਣ ਨੂੰ ਮਿਲੇ ਜਦੋਂ ਸਾਕਾ ਨੇ ਆਪਣੇ ਮਾਤਾ-ਪਿਤਾ ਨੂੰ ਸਲੂਟ ਕਰਕੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਤੇ ਪਿਆਰ ਪ੍ਰਗਟ ਕੀਤਾ। ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਪੁੱਤਰ ਗੌਰਵ ਗੋਇਲ ਵੱਲੋਂ ਵੀ ਸਾਕਾ ਦਾ ਸਨਮਾਨ ਕੀਤਾ ਗਿਆ ਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਲਾਕਾ ਨਿਵਾਸੀਆਂ ਨੇ ਸਾਕਾ ਦੀ ਇਸ ਪ੍ਰਾਪਤੀ ਨੂੰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਦੱਸਦਿਆਂ ਕਿਹਾ ਕਿ ਮਿਹਨਤ ਤੇ ਹੌਸਲੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।