PSEB 8th Class Result: ਜ਼ਿਲ੍ਹਾ ਸੰਗਰੂਰ ਦੀ ਧੀ ਜਪਨੀਤ ਕੌਰ ਪੰਜਾਬ ’ਚੋਂ ਦੂਜੇ ਸਥਾਨ ’ਤੇ ਰਹੀ
ਆਈਪੀਐੱਸ ਬਣਨਾ ਚਾਹੁੰਦੀ ਹੈ ਜਪਨੀਤ
PSEB 8th Class Result: (ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਕਲਾਸ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਸੰਗਰੂਰ ਦੀ ਵਿਦਿਆਰਥਣ ਜਪਨੀਤ ਕੌਰ ਸਮੁੱਚੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਿਲ ਕਰਕੇ ਤਕੜਾ ਮਾਅਰਕਾ ਮਾਰਿਆ ਹੈ। ਹਾਸਲ ਜਾਣਕਾਰੀ ਮੁਤਾਬਿਕ ਜਪਨੀਤ ਕੌਰ ਸਰਕਾਰੀ ਮਿਡਲ ਸਕੂਲ ਅੜਕਵਾਸ ਵਿੱਚ ਪੜ੍ਹਦੀ ਹੈ ਅਤੇ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਮਿਹਨਤੀ ਅਤੇ ਲਗਨਸ਼ੀਲ ਰਹੀ ਹੈ। ਉਸਦੇ ਪਿਤਾ ਕੁਲਦੀਪ ਸਿੰਘ ਇੱਕ ਸਰਕਾਰੀ ਪ੍ਰਾਇਮਰੀ ਅਧਿਆਪਕ ਹਨ, ਜਦਕਿ ਉਸਦੀ ਮਾਤਾ ਹਰਿਆਣਾ ਰਾਜ ਵਿੱਚ ਸੰਗੀਤ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹੈ। ਸਿੱਖਿਆਕ ਮਾਹੌਲ ਵਾਲੇ ਇਸ ਪਰਿਵਾਰ ਨੇ ਜਪਪ੍ਰੀਤ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ।
ਜਪਨੀਤ ਦੀ ਇਸ ਕਾਮਯਾਬੀ ਦੇ ਪਿੱਛੇ ਉਸਦੀ ਦਿਨ-ਰਾਤ ਦੀ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਵੱਡਾ ਯੋਗਦਾਨ ਹੈ। ਉਹ ਹਰ ਰੋਜ਼ ਨਿਯਮਿਤ ਤੌਰ 'ਤੇ ਪੜ੍ਹਾਈ ਕਰਦੀ ਸੀ ਅਤੇ ਆਪਣੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਅੱਗੇ ਵਧਦੀ ਰਹੀ। ਸਕੂਲ ਦੇ ਅਧਿਆਪਕਾਂ ਨੇ ਵੀ ਉਸਦੀ ਲਗਨ ਨੂੰ ਵੇਖਦਿਆਂ ਉਸਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ। ਪੜ੍ਹਾਈ ਦੇ ਨਾਲ-ਨਾਲ ਜਪਨੀਤ ਕੌਰ ਖੇਡਾਂ ਵਿੱਚ ਵੀ ਅੱਗੇ ਹੈ। ਉਸਨੇ 200 ਮੀਟਰ ਦੀ ਨੇਸ਼ਨਲ ਦੌੜ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ ਹੈ।
ਜਪਨੀਤ ਨੇ ਗੱਲਬਾਤ ਕਰਦਿਆਂ ਦੱਸਿਆ ਕੇ ਉਸਦਾ ਸੁਪਨਾ ਆਈਪੀਐਸ ਅਫਸਰ ਬਣਨ ਦਾ ਹੈ। ਉਹ ਕਹਿੰਦੀ ਹੈ ਕਿ ਉਹ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ ਅਤੇ ਸਮਾਜ ਵਿੱਚ ਨਿਆਂ ਅਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣਾ ਉਸਦਾ ਮੁੱਖ ਟੀਚਾ ਹੈ। ਉਸਦੀ ਇਹ ਸੋਚ ਉਸਦੇ ਮਜ਼ਬੂਤ ਇਰਾਦਿਆਂ ਅਤੇ ਉੱਚੇ ਮਨੋਰਥਾਂ ਨੂੰ ਦਰਸਾਉਂਦੀ ਹੈ। ਪਿੰਡ ਵਾਸੀਆਂ ਅਤੇ ਸਕੂਲ ਸਟਾਫ ਵੱਲੋਂ ਜਪਨੀਤ ਕੌਰ ਦੀ ਇਸ ਉਪਲਬਧੀ 'ਤੇ ਖੁਸ਼ੀ ਪ੍ਰਗਟਾਈ ਜਾ ਰਹੀ ਹੈ। ਸਭ ਨੇ ਉਸਨੂੰ ਵਧਾਈ ਦਿੱਤੀ ਅਤੇ ਉਸਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
