Jalalabad News: ਡੀਐਸਪੀ ਦਫ਼ਤਰ ਦੇ ਬਾਹਰ ਫਾਇਰਿੰਗ, 2 ਨੌਜਵਾਨ ਗ੍ਰਿਫ਼ਤਾਰ

3-4 ਬਾਈਕਾਂ ’ਤੇ ਸਵਾਰ ਨੌਜਵਾਨਾਂ ਵੱਲੋਂ ਗੋਲੀ ਚਲਾਉਣ ਦਾ ਦਾਅਵਾ; ਪੁਲਿਸ ਨੇ ਨਾਜਾਇਜ਼ .32 ਬੋਰ ਪਿਸਤੌਲ ਕੀਤੀ ਬਰਾਮਦ

Ravinder Sharma Picture
Published On

ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਡੀਐਸਪੀ ਦਫ਼ਤਰ ਦੇ ਬਾਹਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵੀਰਵਾਰ ਦੇਰ ਸ਼ਾਮ 3-4 ਬਾਈਕਾਂ ’ਤੇ ਸਵਾਰ ਕੁਝ ਨੌਜਵਾਨ ਲਾਲ ਬੱਤੀ ਚੌਕ ਵੱਲੋਂ ਆਏ ਅਤੇ ਡੀਐਸਪੀ ਦੇ ਦਫ਼ਤਰ ਨੇੜੇ ਫਾਇਰਿੰਗ ਕੀਤੀ। ਇਸ ਤੋਂ ਬਾਅਦ 2 ਨੌਜਵਾਨ ਦਫ਼ਤਰ ਦੇ ਅੰਦਰ ਵੀ ਦਾਖਲ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਮੌਕੇ ਤੋਂ ਫਰਾਰ ਹੋ ਗਏ।

Read Also : ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ, 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੋਨਾ ਸਿੰਘ ਉਰਫ਼ ਸੋਨੂੰ  ਅਤੇ ਆਕਾਸ਼ ਪੁੱਤਰ ਪਰਮਜੀਤ ਵਾਸੀ ਥਾਣਾ ਵੈਰੋਕਾ ਖੇਤਰ ਵਜੋਂ ਹੋਈ ਹੈ। ਦੋਵਾਂ ਦੇ ਕਬਜ਼ੇ ਵਿੱਚੋਂ ਨਾਜਾਇਜ਼ .32 ਬੋਰ ਪਿਸਤੌਲ ਬਰਾਮਦ ਕੀਤੀ ਗਈ ਹੈ।

ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਡੀਐਸਪੀ ਦਫ਼ਤਰ ਦੇ ਬਾਹਰ ਹੋਈ ਫਾਇਰਿੰਗ ਵਿੱਚ ਬਰਾਮਦ ਕੀਤੀ ਗਈ ਇਸੇ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ।

ਸਿਟੀ ਜਲਾਲਾਬਾਦ ਥਾਣੇ ਦੇ ਐੱਸਐੱਚਓ ਮੋਹਿਤ ਧਵਨ ਨੇ ਦੱਸਿਆ ਕਿ ਸ਼ੁਰੂਆਤੀ ਸੂਚਨਾ ਵਿੱਚ ਇੱਕ ਗੋਲੀ ਚਲਾਏ ਜਾਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ, ਘਟਨਾ ਸਬੰਧੀ ਤਿੰਨ ਰਾਊਂਡ ਫਾਇਰਿੰਗ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਫਾਇਰਿੰਗ ਦੇ ਕਾਰਨਾਂ ਸਬੰਧੀ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਘਟਨਾ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਕੀ ਇਸ ਮਾਮਲੇ ਦਾ ਕਿਸੇ ਗੈਂਗਸਟਰ ਜਾਂ ਹੋਰ ਅਪਰਾਧਿਕ ਨੈੱਟਵਰਕ ਨਾਲ ਕੋਈ ਸਬੰਧ ਹੈ।

ਘਟਨਾ ਤੋਂ ਬਾਅਦ ਫਰਾਰ ਹੋਏ ਬਾਕੀ ਨੌਜਵਾਨਾਂ ਦੀ ਭਾਲ ਲਈ ਪੁਲਿਸ ਟੀਮਾਂ ਲਗਾਈਆਂ ਗਈਆਂ ਹਨ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਫਰਾਰ ਵਿਅਕਤੀਆ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

About The Author

Related Posts