Portrait Competition 2026: ਪੋਰਟਰੇਟ ਮੁਕਾਬਲਾ 2026 ’ਚ ਨੌਜਵਾਨਾਂ ਦੀ ਪ੍ਰਤਿਭਾ ਨੇ ਜਿੱਤਿਆ ਸਭ ਦਾ ਦਿਲ : ਅਰਸ਼ ਸੱਚਰ

ਮੁਕਾਬਲੇ ਵਿੱਚ ਸ਼੍ਰੀ ਗੌਰਵ ਗੋਇਲ ਨੇ ਪਹਿਲਾ ਸਥਾਨ ਹਾਸਲ ਕੀਤਾ

Satinder Mathur  Picture
Published On

Portrait Competition 2026: ਕੋਟਕਪੂਰਾ, (ਅਜੈ ਮਨਚੰਦਾ)। ਸਮਾਜ ਸੇਵੀ ਅਰਸ਼ ਸੱਚਰ ਵੱਲੋਂ ਹੋਟਲ ਸ਼ਾਹੀ ਹਵੇਲੀ, ਫਰੀਦਕੋਟ ਵਿਖੇ ਆਯੋਜਿਤ "ਪੋਰਟਰੇਟ ਮੁਕਾਬਲਾ 2026" ਬਹੁਤ ਹੀ ਸਫਲਤਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਮੁਕਾਬਲੇ ਦਾ ਵਿਸ਼ਾ "ਸੇਵਾ ਕਰਨ ਵਾਲੇ ਚਿਹਰੇ" ਰੱਖਿਆ ਗਿਆ ਸੀ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਆਪਣੀ ਕਲਾ ਰਾਹੀਂ ਉਹਨਾਂ ਮਹਾਨ ਸ਼ਖ਼ਸੀਅਤਾਂ ਨੂੰ ਸਨਮਾਨ ਦੇਣ ਲਈ ਪ੍ਰੇਰਿਤ ਕਰਨਾ ਸੀ ਜਿਨ੍ਹਾਂ ਨੇ ਆਪਣਾ ਜੀਵਨ ਮਨੁੱਖਤਾ ਅਤੇ ਸਮਾਜ ਦੀ ਸੇਵਾ ਲਈ ਸਮਰਪਿਤ ਕੀਤਾ।

ਇਸ ਮੁਕਾਬਲੇ ਵਿੱਚ ਫਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਨੌਜਵਾਨ ਕਲਾਕਾਰਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। ਹਰ ਕਲਾਕਾਰ ਨੇ ਆਪਣੀ ਰਚਨਾਤਮਕ ਸੋਚ, ਮਿਹਨਤ ਅਤੇ ਕਲਾਤਮਕ ਹੁਨਰ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ, ਜਿਸ ਨੇ ਹਾਜ਼ਰ ਦਰਸ਼ਕਾਂ ਅਤੇ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਮੁਕਾਬਲੇ ਵਿੱਚ ਸ਼੍ਰੀ ਗੌਰਵ ਗੋਇਲ ਨੇ ਪਦਮ ਸ਼੍ਰੀ ਭਗਤ ਪੂਰਨ ਸਿੰਘ ਜੀ ਦਾ ਬੇਹੱਦ ਪ੍ਰਭਾਵਸ਼ਾਲੀ ਅਤੇ ਜੀਵੰਤ ਪੋਰਟਰੇਟ ਤਿਆਰ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ 5,100 ਰੁਪਏ ਦਾ ਨਗਦ ਇਨਾਮ ਆਪਣੇ ਨਾਂਅ ਕੀਤਾ। ਮੁਕਾਬਲੇ ਦੇ ਜੱਜ ਵਜੋਂ ਸ਼੍ਰੀ ਪ੍ਰੀਤ ਭਗਵਾਨ ਅਤੇ ਸ਼੍ਰੀ ਬਿਰਿੰਦਰ ਸ੍ਰਾਨ ਨੇ ਆਪਣੀਆਂ ਕੀਮਤੀ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਹਰ ਕਲਾਕਾਰ ਦੀ ਰਚਨਾ ਦਾ ਨਿਰਪੱਖ, ਪੇਸ਼ੇਵਰ ਅਤੇ ਬਹੁਤ ਹੀ ਧਿਆਨ ਨਾਲ ਮੁਲਾਂਕਣ ਕੀਤਾ। ਸਮੂਹ ਪ੍ਰਬੰਧਨ ਵੱਲੋਂ ਦੋਵੇਂ ਸਨਮਾਨਿਤ ਜੱਜ ਸਾਹਿਬਾਨ ਦਾ ਦਿਲੋਂ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋ: Punjab Weather News: ਪਠਾਨਕੋਟ 'ਚ ਮੀਂਹ ਨਾਲ ਮੌਸਮ ਸੁਹਾਵਣਾ, 1 ਜੁਲਾਈ ਤੋਂ ਪੰਜਾਬ 'ਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ

ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਅੱਜ ਨੌਜਵਾਨਾਂ ਦੀ ਕਲਾ, ਜਜ਼ਬੇ ਅਤੇ ਸਮਾਜ ਪ੍ਰਤੀ ਸਤਿਕਾਰ ਨੂੰ ਦੇਖ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਸਕਾਰਾਤਮਕ ਸੋਚ, ਸੇਵਾ ਦੀ ਭਾਵਨਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਇਸ ਤਰ੍ਹਾਂ ਦੇ ਰਚਨਾਤਮਕ ਉਪਰਾਲੇ ਸਮੇਂ ਦੀ ਲੋੜ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਮੁਕਾਬਲਾ ਨਹੀਂ, ਸਗੋਂ ਨੌਜਵਾਨਾਂ ਦੀ ਪ੍ਰਤਿਭਾ ਨੂੰ ਮੰਚ ਦੇਣ ਅਤੇ ਸਮਾਜ ਦੀ ਸੇਵਾ ਕਰਨ ਵਾਲੇ ਮਹਾਨ ਵਿਅਕਤੀਆਂ ਨੂੰ ਕਲਾ ਰਾਹੀਂ ਨਮਨ ਕਰਨ ਦਾ ਇੱਕ ਨਿਮਾਣਾ ਯਤਨ ਸੀ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕਲਾ, ਸੱਭਿਆਚਾਰ, ਸਿੱਖਿਆ, ਖੇਡਾਂ ਅਤੇ ਸਮਾਜਿਕ ਜਾਗਰੂਕਤਾ ਨਾਲ ਜੁੜੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ, ਤਾਂ ਜੋ ਫਰੀਦਕੋਟ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਹੋਰ ਵੱਡੇ ਮੌਕੇ ਮਿਲ ਸਕਣ।

ਅਰਸ਼ ਸੱਚਰ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਕਲਾਕਾਰਾਂ, ਸਨਮਾਨਿਤ ਜੱਜ ਸਾਹਿਬਾਨ, ਸਹਿਯੋਗੀਆਂ ਅਤੇ ਸਮਾਗਮ ਨੂੰ ਸਫਲ ਬਣਾਉਣ ਵਾਲੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਦੀਆਂ ਕੁਝ ਯਾਦਗਾਰ ਤਸਵੀਰਾਂ ਵੀ ਲੋਕਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਇਸ ਪ੍ਰੇਰਨਾਦਾਇਕ ਪਹਿਲ ਦੀਆਂ ਸੁੰਦਰ ਯਾਦਾਂ ਹਮੇਸ਼ਾਂ ਲਈ ਸਾਂਭੀਆਂ ਜਾ ਸਕਣ।

About The Author

Related Posts