Punjab
Jalander News: ਰੇਲਵੇ ਸਟੇਸ਼ਨ 'ਤੇ ਫਰਜ਼ੀ ਰੇਲਵੇ ਵਿਜੀਲੈਂਸ ਇੰਸਪੈਕਟਰ ਕਾਬੂ
ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ
ਜਲੰਧਰ (ਹਿੰ.ਸ.)| ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਰੇਲਵੇ ਦੇ ਫਰਜ਼ੀ ਵਿਜੀਲੈਂਸ ਇੰਸਪੈਕਟਰ ਬਣ ਕੇ ਘੁੰਮ ਰਹੇ ਇੱਕ ਵਿਅਕਤੀ ਨੂੰ ਰੇਲਵੇ ਅਧਿਕਾਰੀਆਂ ਨੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਜਾਵੇਦ ਅਲੀ ਵਜੋਂ ਹੋਈ ਹੈ, ਜੋ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਫਿਰੋਜ਼ਪੁਰ ਰੇਲ ਮੰਡਲ ਦੇ ਵੱਖ-ਵੱਖ ਸਟੇਸ਼ਨਾਂ 'ਤੇ ਆਪਣੇ ਆਪ ਨੂੰ ਵਿਜੀਲੈਂਸ ਇੰਸਪੈਕਟਰ ਦੱਸ ਕੇ ਰੇਲਵੇ ਸਟਾਫ਼ 'ਤੇ ਰੌਬ ਜਮਾਉਂਦਾ ਅਤੇ ਵੀਆਈਪੀ ਸਹੂਲਤਾਂ ਦਾ ਲਾਭ ਲੈ ਰਿਹਾ ਸੀ।
ਜਾਣਕਾਰੀ ਅਨੁਸਾਰ ਜਾਵੇਦ ਅਲੀ ਫ਼ਿਲਮੀ ਅੰਦਾਜ਼ ਵਿੱਚ ਚੈਕਿੰਗ ਸਟਾਫ਼ ਨੂੰ ਨਾਲ ਲੈ ਕੇ ਟਰੇਨਾਂ ਅਤੇ ਜਲੰਧਰ, ਫਗਵਾੜਾ, ਕਪੂਰਥਲਾ ਅਤੇ ਲੁਧਿਆਣਾ ਦੇ ਬੁਕਿੰਗ ਕਾਊਂਟਰਾਂ 'ਤੇ ਕਥਿਤ ਜਾਂਚ ਕਰਦਾ ਸੀ। ਇਸ ਦੌਰਾਨ ਉਹ ਰੇਲਵੇ ਕਰਮਚਾਰੀਆਂ 'ਤੇ ਆਪਣਾ ਰੁਤਬਾ ਦਿਖਾਉਂਦਾ ਅਤੇ ਏਸੀ ਕੋਚਾਂ ਵਿੱਚ ਮੁਫ਼ਤ ਸਫ਼ਰ ਵੀ ਕਰਦਾ ਸੀ।
Read Also : ਸਰਾਫਾ ਬਾਜ਼ਾਰ ਵਿੱਚ ਸਸਤਾ ਹੋਇਆ ਸੋਨਾ, ਚਾਂਦੀ ਦੀਆਂ ਕੀਮਤਾਂ ਸਥਿਰ
ਹਾਲ ਹੀ ਵਿੱਚ ਜਦੋਂ ਉਹ ਜਲੰਧਰ ਕੈਂਟ ਸਟੇਸ਼ਨ 'ਤੇ ਚੈਕਿੰਗ ਸਟਾਫ਼ 'ਤੇ ਧੌਂਸ ਜਮਾ ਰਿਹਾ ਸੀ ਤਾਂ ਉਸ ਦੀਆਂ ਕੁਝ ਸ਼ੱਕੀ ਹਰਕਤਾਂ ਕਾਰਨ ਸਟਾਫ਼ ਨੂੰ ਸ਼ੱਕ ਹੋ ਗਿਆ। ਸਟਾਫ਼ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਕਮਰਸ਼ੀਅਲ ਮੂਵਮੈਂਟ ਇੰਸਪੈਕਟਰ ਮੌਕੇ 'ਤੇ ਪਹੁੰਚੇ ਅਤੇ ਉਸ ਤੋਂ ਅਧਿਕਾਰਤ ਰੇਲਵੇ ਪਛਾਣ ਪੱਤਰ ਮੰਗਿਆ।
ਆਈਡੀ ਕਾਰਡ ਮੰਗੇ ਜਾਣ 'ਤੇ ਮੁਲਜ਼ਮ ਘਬਰਾ ਗਿਆ ਅਤੇ ਕੋਈ ਵੀ ਵੈਧ ਪਛਾਣ ਪੱਤਰ ਜਾਂ ਦਸਤਾਵੇਜ਼ ਪੇਸ਼ ਨਾ ਕਰ ਸਕਿਆ। ਇਸ ਤੋਂ ਬਾਅਦ ਉਸ ਦੀ ਅਸਲੀਅਤ ਸਾਹਮਣੇ ਆ ਗਈ। ਮੌਕੇ 'ਤੇ ਹੀ ਰਾਜਕੀ ਰੇਲਵੇ ਪੁਲਿਸ (ਜੀਆਰਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੂੰ ਬੁਲਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਾਵੇਦ ਅਲੀ ਦਾ ਪਹਿਲਾਂ ਵੀ ਅਜਿਹਾ ਅਪਰਾਧਿਕ ਰਿਕਾਰਡ ਰਿਹਾ ਹੈ। ਕਰੀਬ ਇੱਕ ਸਾਲ ਪਹਿਲਾਂ ਉਹ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਰੇਲਵੇ ਸਟੇਸ਼ਨ 'ਤੇ ਵੀ ਫਰਜ਼ੀ ਰੇਲਵੇ ਇੰਸਪੈਕਟਰ ਬਣ ਕੇ ਧੋਖਾਧੜੀ ਕਰਦੇ ਹੋਏ ਫੜਿਆ ਗਿਆ ਸੀ ਅਤੇ ਜੇਲ੍ਹ ਵੀ ਜਾ ਚੁੱਕਾ ਹੈ। ਇਸ ਵਾਰ ਉਹ ਅੰਮ੍ਰਿਤਸਰ ਤੋਂ ਵੀਆਈਪੀ ਟ੍ਰੀਟਮੈਂਟ ਲੈ ਕੇ ਜਲੰਧਰ ਕੈਂਟ ਪਹੁੰਚਿਆ ਸੀ ਅਤੇ ਇੱਥੋਂ ਏਸੀ ਕੋਚ ਵਿੱਚ ਮੁਫ਼ਤ ਲੁਧਿਆਣਾ ਜਾਣ ਦੀ ਤਿਆਰੀ ਵਿੱਚ ਸੀ।
ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਧੋਖਾਧੜੀ, ਫਰਜ਼ੀ ਪਛਾਣ ਦੀ ਵਰਤੋਂ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੇਲਵੇ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟੇਗਾ।
ਇਸ ਘਟਨਾ ਤੋਂ ਬਾਅਦ ਫਿਰੋਜ਼ਪੁਰ ਰੇਲ ਮੰਡਲ ਨੇ ਅਲਰਟ ਵੀ ਜਾਰੀ ਕੀਤਾ ਹੈ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਅਤੇ ਰੇਲਵੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਵਿਜੀਲੈਂਸ ਅਧਿਕਾਰੀ ਜਾਂ ਸੀਨੀਅਰ ਅਫ਼ਸਰ ਦੱਸ ਕੇ ਧੌਂਸ ਜਮਾਉਣ ਦੀ ਕੋਸ਼ਿਸ਼ ਕਰੇ ਤਾਂ ਸਭ ਤੋਂ ਪਹਿਲਾਂ ਉਸ ਦੀ ਅਧਿਕਾਰਤ ਪਛਾਣ ਦੀ ਪੁਸ਼ਟੀ ਕੀਤੀ ਜਾਵੇ ਅਤੇ ਸ਼ੱਕ ਹੋਣ 'ਤੇ ਤੁਰੰਤ ਆਰਪੀਐੱਫ ਜਾਂ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ ਜਾਵੇ।