Punjab
Malerkotla Politics News: ਮਲੇਰਕੋਟਲਾ ‘ਚ ‘ਆਪ’ ਦੀ ਟਿਕਟ ਕਿਸਦੇ ਹੱਥ? ਇਹਨਾਂ 9 ਦਾਅਵੇਦਾਰਾਂ ਨੇ ਵਧਾਈ ਚਰਚਾ
ਡਾ. ਮੁਹੰਮਦ ਜਮੀਲ ਉਰ ਰਹਿਮਾਨ ‘ਆਪ’ ਵੱਲੋਂ ਮੌਜੂਦਾ ਵਿਧਾਇਕ ਹਨ
Malerkotla Politics News: ਮਲੇਰਕੋਟਲਾ,(ਗੁਰਤੇਜ ਜੋਸ਼ੀ)। ਵਿਧਾਨ ਸਭਾ ਹਲਕਾ ਮਲੇਰਕੋਟਲਾ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਭਾਵੇਂ ਹਾਲੇ ਸ਼ੁਰੂਆਤੀ ਦੌਰ ਵਿੱਚ ਹਨ, ਪਰ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਮੌਜ਼ੂਦਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ‘ਆਪ’ ਵੱਲੋਂ ਮੌਜੂਦਾ ਵਿਧਾਇਕ ਹਨ। ਹਲਕੇ ਵਿੱਚ ‘ਆਪ’ ਦੀ ਟਿਕਟ ਲਈ ਦਾਅਵੇਦਾਰਾਂ ਵਜੋਂ ਮੌਜ਼ੂਦਾ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਾਕਿਬ ਅਲੀ ਰਾਜਾ, ਤੱਖਰ ਖੁਰਦ ਦੀ ਸਰਪੰਚ ਰਜੀਆ ਸੀਮਾ, ਵਪਾਰ ਮੰਡਲ ਦੇ ਚੇਅਰਮੈਨ ਆਜ਼ਮ ਦਾਰਾ, ਡਾ. ਅਨਵਰ ਭਸੌੜ, ਕੌਂਸਲਰ ਮੁਹੰਮਦ ਨਜ਼ੀਰ, ਮਲੇਰਕੋਟਲਾ ਦੇ ਉੱਘੇ ਡਾਕਟਰ ਗੁਲਜ਼ਾਰ, ਐਡਵੋਕੇਟ ਸਮਸਾਦ ਅਤੇ ਇੰਜਨੀਅਰ ਮੁਹੰਮਦ ਉਵੈਸ ਦੇ ਨਾਂਅ ਸਿਆਸੀ ਚਰਚਾ ਵਿੱਚ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਇੱਕ ਟਿਕਟ ਲਈ ਦਾਅਵੇਦਾਰਾਂ ਦੀ ਗਿਣਤੀ ਦਸ ਦੇ ਕਰੀਬ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: Fazilka News: ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਲੋਕਾਂ ਦੀ ਪ੍ਰਾਪਰਟੀ ਨੂੰ ਮਿਲਿਆ ਕਾਨੂੰਨੀ ਹੱਕ
ਹਲਕੇ ਵਿੱਚ ਇੱਕ ਪਾਸੇ ਪਾਰਟੀ ਦੀ ਟਿਕਟ ਲਈ ਕਈ ਆਗੂਆਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੇ ਜਾਣ ਦੀਆਂ ਚਰਚਾਵਾਂ ਹਨ, ਜਦਕਿ ਦੂਜੇ ਪਾਸੇ ਸਿਆਸੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜੇਕਰ ਦਾਅਵੇਦਾਰਾਂ ਦੀ ਗਿਣਤੀ ਲਗਾਤਾਰ ਵਧਦੀ ਰਹੀ ਤਾਂ ਆਖ਼ਰ ਪਾਰਟੀ ਕਿਸ ਨੂੰ ਮੌਕਾ ਦੇਵੇਗੀ।
ਦਾਅਵੇਦਾਰ ਆਪਣੇ-ਆਪਣੇ ਆਧਾਰ ਨੂੰ ਦੱਸ ਰਹੇ ਨੇ ਮਜ਼ਬੂਤ
ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਹਲਕੇ ਤੋਂ ‘ਆਪ’ ਦੀ ਟਿਕਟ ਹਾਸਲ ਕਰਨ ਲਈ ਸੰਭਾਵੀ ਉਮੀਦਵਾਰ ਆਪਣੇ-ਆਪਣੇ ਪੱਧਰ ’ਤੇ ਸਰਗਰਮੀ ਵਧਾ ਰਹੇ ਹਨ। ਕੋਈ ਪਾਰਟੀ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਆਧਾਰ ਬਣਾ ਰਿਹਾ ਹੈ, ਕੋਈ ਲੋਕ ਸੰਪਰਕ ਅਤੇ ਸਮਾਜਿਕ ਸਰਗਰਮੀਆਂ ਨੂੰ ਆਪਣੀ ਤਾਕਤ ਦੱਸ ਰਿਹਾ ਹੈ, ਜਦੋਂਕਿ ਕੁਝ ਆਗੂ ਪਾਰਟੀ ਦੇ ਸੰਗਠਨ ਵਿੱਚ ਆਪਣੀ ਭੂਮਿਕਾ ਨੂੰ ਟਿਕਟ ਲਈ ਮਹੱਤਵਪੂਰਨ ਆਧਾਰ ਮੰਨ ਰਹੇ ਹਨ।
ਦਾਅਵੇਦਾਰਾਂ ਦੀ ਵਧ ਰਹੀ ਗਿਣਤੀ ਨੇ ਮਲੇਰਕੋਟਲਾ ਦੀ ਸਿਆਸਤ ਵਿੱਚ ਇੱਕ ਦਿਲਚਸਪ ਸਥਿਤੀ ਪੈਦਾ ਕਰ ਦਿੱਤੀ ਹੈ। ਇੱਕ ਪਾਸੇ ਹਰ ਦਾਅਵੇਦਾਰ ਆਪਣੇ-ਆਪ ਨੂੰ ਪਾਰਟੀ ਲਈ ਉਚਿਤ ਚਿਹਰਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਪਾਰਟੀ ਹਾਈਕਮਾਂਡ ਲਈ ਵੀ ਸਾਰੇ ਪੱਖਾਂ ਨੂੰ ਵਿਚਾਰਦਿਆਂ ਉਮੀਦਵਾਰ ਦੀ ਚੋਣ ਕਰਨਾ ਮਹੱਤਵਪੂਰਨ ਫੈਸਲਾ ਹੋਵੇਗਾ।
‘ਟਿਕਟ ਇੱਕ, ਚੋਣ ਲੜਨ ਵਾਲੇ ਕਈ’—ਅਵਾਮ ਕਿਸ ਦੇ ਨਾਲ?
ਮਲੇਰਕੋਟਲਾ ਦੇ ਲੋਕਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਪਾਰਟੀ ਵੱਲੋਂ ਉਮੀਦਵਾਰ ਦੀ ਚੋਣ ਕਰਦੇ ਸਮੇਂ ਲੋਕਾਂ ਵਿੱਚ ਉਸ ਦੀ ਪਕੜ, ਪਾਰਟੀ ਪ੍ਰਤੀ ਸਰਗਰਮੀ, ਜਨਤਕ ਮੁੱਦਿਆਂ ’ਤੇ ਪਹੁੰਚ ਅਤੇ ਚੋਣੀ ਸਿਆਸਤ ਵਿੱਚ ਉਸ ਦੀ ਭੂਮਿਕਾ ਵਰਗੇ ਪੱਖਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਕਿਸੇ ਵੀ ਪਾਰਟੀ ਲਈ ਉਮੀਦਵਾਰ ਦੀ ਚੋਣ ਬਹੁਤ ਅਹਿਮ ਹੁੰਦੀ ਹੈ। ਖ਼ਾਸ ਕਰਕੇ ਮਲੇਰਕੋਟਲਾ ਵਰਗੇ ਸਿਆਸੀ ਤੌਰ ’ਤੇ ਸਰਗਰਮ ਹਲਕੇ ਵਿੱਚ ਪਾਰਟੀ ਲਈ ਉਮੀਦਵਾਰ ਦੀ ਚੋਣ ਵਿੱਚ ਸੰਗਠਨ, ਵਰਕਰਾਂ ਅਤੇ ਵੋਟਰਾਂ ਨਾਲ ਸਬੰਧਾਂ ਸਮੇਤ ਕਈ ਪੱਖ ਮਹੱਤਵ ਰੱਖ ਸਕਦੇ ਹਨ।
ਫਿਲਹਾਲ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਆਮ ਆਦਮੀ ਪਾਰਟੀ ਮਲੇਰਕੋਟਲਾ ਤੋਂ ਕਿਸ ਚਿਹਰੇ ਨੂੰ ਟਿਕਟ ਦਿੰਦੀ ਹੈ। ਇੱਕ ਟਿਕਟ ਲਈ 9 ਦੇ ਕਰੀਬ ਨਾਮ ਚਰਚਾ ਵਿੱਚ ਆਉਣ ਨਾਲ ਹਲਕੇ ਦੀ ਸਿਆਸੀ ਸਰਗਰਮੀ ਹੋਰ ਵਧ ਗਈ ਹੈ। ਅਸਲ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਕੀਤਾ ਜਾਣਾ ਹੈ ਅਤੇ ਟਿਕਟ ਦਾ ਐਲਾਨ ਹੋਣ ਤੋਂ ਬਾਅਦ ਹੀ ਸਿਆਸੀ ਤਸਵੀਰ ਹੋਰ ਸਪੱਸ਼ਟ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਅੰਦਰੂਨੀ ਰਣਨੀਤੀ, ਦਾਅਵੇਦਾਰਾਂ ਦੀ ਸਰਗਰਮੀ ਅਤੇ ਹਲਕੇ ਦੇ ਸਿਆਸੀ ਮਾਹੌਲ ਨਾਲ ਇਹ ਸਪੱਸ਼ਟ ਹੋਵੇਗਾ ਕਿ ਮਲੇਰਕੋਟਲਾ ਵਿੱਚ ‘ਆਪ’ ਦੀ ਟਿਕਟ ਦੀ ਦੌੜ ਕਿਸ ਦਿਸ਼ਾ ਵੱਲ ਜਾਂਦੀ ਹੈ।