Punjab
Ludhiana News: ਲੁਧਿਆਣਾ ’ਚ ਹਥਿਆਰਬੰਦ ਨੌਜਵਾਨਾਂ ਵੱਲੋਂ ਘਰ ’ਤੇ ਹਮਲਾ, 2 ਭਰਾ ਗੰਭੀਰ ਜ਼ਖ਼ਮੀ
ਲੁਧਿਆਣਾ ’ਚ 30-40 ਹਥਿਆਰਬੰਦ ਨੌਜਵਾਨਾਂ ਵੱਲੋਂ ਘਰ ’ਤੇ ਹਮਲਾ, 2 ਭਰਾ ਗੰਭੀਰ ਜ਼ਖ਼ਮੀ
ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਲੁਧਿਆਣਾ ਦੇ ਜਗਰਾਉਂ ਇਲਾਕੇ ’ਚ ਬੁੱਧਵਾਰ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 30 ਤੋਂ 40 ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਇੱਕ ਘਰ ’ਤੇ ਹਮਲਾ ਕਰ ਦਿੱਤਾ। ਹਮਲਾਵਰ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਤੇ ਸੁੱਤੇ ਪਏ ਦੋ ਭਰਾਵਾਂ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਦੋਵੇਂ ਭਰਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੀੜਤਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀਆਂ ਨੂੰ ਲਹੂ-ਲੁਹਾਨ ਹਾਲਤ ’ਚ ਤੁਰੰਤ ਜਗਰਾਉਂ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਦੋਵਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਹ ਮਾਮਲਾ ਪਿੰਡ ਕੋਠੇਆਲ ਦਾ ਦੱਸਿਆ ਜਾ ਰਿਹਾ ਹੈ। ਪੀੜਤਾਂ ਮੁਤਾਬਕ ਕੁਝ ਦਿਨ ਪਹਿਲਾਂ ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ ਸੀ। Crime News
ਇਸੇ ਰੰਜਿਸ਼ ਚੱਲਦਿਆਂ ਹਮਲਾ ਕੀਤੇ ਜਾਣ ਦਾ ਦੋਸ਼ ਹੈ। ਪੀੜਤ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਇੱਕ ਨੌਜਵਾਨ ਨਾਲ ਫੋਨ ’ਤੇ ਉਸ ਦੀ ਬਹਿਸ ਹੋਈ ਸੀ। ਪੀੜਤ ਦੇ ਮੁਤਾਬਕ ਉਸ ਸਮੇਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਪੀੜਤ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਰਾਤ ਸਮੇਂ ਘਰ ’ਚ ਸੁੱਤੇ ਹੋਏ ਸਨ। ਇਸ ਦੌਰਾਨ 35 ਤੋਂ 40 ਦੇ ਕਰੀਬ ਨੌਜਵਾਨ, ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਤੇ ਹੋਰ ਤੇਜ਼ਧਾਰ ਹਥਿਆਰ ਸਨ, ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਏ। ਹਮਲਾਵਰਾਂ ਨੇ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਦਿੱਤੇ ਬਿਨਾਂ ਹਮਲਾ ਕਰ ਦਿੱਤਾ। ਥਾਣਾ ਸਿਟੀ-1 ਦੇ ਏਐਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ 112 ਐਮਰਜੈਂਸੀ ਨੰਬਰ ਰਾਹੀਂ ਘਟਨਾ ਦੀ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੁਝ ਦਿਨ ਪਹਿਲਾਂ ਇੱਕ ਧਾਰਮਿਕ ਸਮਾਗਮ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਰਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ। Crime News
ਇਹ ਵੀ ਪੜ੍ਹੋ : Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਰਹੇਗਾ ਖੁਸ਼ਕ, ਦਿਨ ਗਰਮ ਤੇ ਰਾਤਾਂ ਹੋਣਗੀਆਂ ਠੰਢੀਆਂ