Punjab
Faridkot News: 500 ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਗ੍ਰਿਫਤਾਰ
ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਮੁਲਜ਼ਮ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਤੇ ਆਬਕਾਰੀ ਐਕਟ ਤਹਿਤ ਮਾਮਲੇ ਦਰਜ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫ਼ਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਜਾਰੀ ਹੈ। ਇਸੇ ਤਹਿਤ ਪੁਲਿਸ ਨੇ 500 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਨਸ਼ੀਲੀਆਂ ਗੋਲੀਆਂ ਤੋਂ ਇਲਾਵਾ ਇੱਕ ਬਜਾਜ ਸੀਟੀ100 ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਇਹ ਕਾਰਵਾਈ ਐੱਸਐੱਸਪੀ ਫ਼ਰੀਦਕੋਟ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਤੇ ਐੱਸਪੀ (ਇਨਵੈਸਟੀਗੇਸ਼ਨ) ਯੋਗੇਸ਼ਵਰ ਸਿੰਘ ਗੋਰਾਇਆ ਦੀ ਰਹਿਨੁਮਾਈ ਹੇਠ ਸੀਆਈਏ ਜੈਤੋ ਦੀ ਟੀਮ ਵੱਲੋਂ ਕੀਤੀ ਗਈ। ਜਾਣਕਾਰੀ ਮੁਤਾਬਕ 11 ਅਗਸਤ ਨੂੰ ਸਹਾਇਕ ਥਾਣੇਦਾਰ ਦਰਸ਼ਨ ਸਿੰਘ, ਇੰਚਾਰਜ ਸੀਆਈਏ ਜੈਤੋ, ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਤੇ ਗਸ਼ਤ ਸਬੰਧੀ ਇਲਾਕੇ ਵਿੱਚ ਮੌਜੂਦ ਸਨ। Faridkot News
ਇਹ ਵੀ ਪੜ੍ਹੋ : Free Medical Camp: ਕਿੱਕਰਖੇੜਾ ’ਚ 170ਵਾਂ ਮੁਫ਼ਤ ਮੈਡੀਕਲ ਕੈਂਪ, 170 ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ
ਪੁਲਿਸ ਪਾਰਟੀ ਜਦੋਂ ਪਿੰਡ ਸੇਵੇਵਾਲਾ, ਦਬੜੀਖਾਨਾ ਤੇ ਵਾੜਾ ਭਾਈਕਾ ਰਾਹੀਂ ਨੈਸ਼ਨਲ ਹਾਈਵੇ-54 ਨੂੰ ਪਾਰ ਕਰਕੇ ਪਿੰਡ ਘਣੀਆ ਵੱਲ ਜਾ ਰਹੀ ਸੀ ਤਾਂ ਇੱਕ ਵਿਅਕਤੀ ਪਿੱਪਲ ਦੇ ਦਰੱਖਤ ਹੇਠਾਂ ਮੋਟਰਸਾਈਕਲ ਸਮੇਤ ਖੜ੍ਹਾ ਦਿਖਾਈ ਦਿੱਤਾ। ਪੁਲਿਸ ਦੀ ਗੱਡੀ ਨੂੰ ਆਪਣੇ ਵੱਲ ਆਉਂਦੀ ਵੇਖ ਕੇ ਉਸ ਨੇ ਮੋਟਰਸਾਈਕਲ ਚਲਾ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕ ਕੇ ਜਦੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ’ਚੋਂ 50 ਪੱਤੇ ਨਸ਼ੀਲੀਆਂ ਗੋਲੀਆਂ, ਕੁੱਲ 500 ਗੋਲੀਆਂ, ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਗੁਰਾਦਿੱਤਾ ਸਿੰਘ ਉਰਫ਼ ਗੋਰਾ ਪੁੱਤਰ ਲਾਲ ਸਿੰਘ, ਵਾਸੀ ਪਿੰਡ ਨਿਓਰ ਨੇੜੇ ਦਾਣਾ ਮੰਡੀ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਪੁਲਿਸ ਰਿਕਾਰਡ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਤੇ ਹੋਰ ਧਾਰਾਵਾਂ ਤਹਿਤ ਦੋ ਮਾਮਲੇ ਦਰਜ ਹਨ। ਇਨ੍ਹਾਂ ’ਚੋਂ ਇੱਕ ਮਾਮਲਾ 2 ਦਸੰਬਰ 2023 ਨੂੰ ਥਾਣਾ ਭਗਤਾ ਭਾਈ ਕਾ, ਜ਼ਿਲ੍ਹਾ ਬਠਿੰਡਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਅਤੇ ਦੂਜਾ ਮਾਮਲਾ 9 ਮਈ 2018 ਨੂੰ ਥਾਣਾ ਨਹੀਆਂਵਾਲਾ, ਜ਼ਿਲ੍ਹਾ ਬਠਿੰਡਾ ਵਿਖੇ ਆਬਕਾਰੀ ਐਕਟ ਤਹਿਤ ਦਰਜ ਹੋਇਆ ਸੀ। ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 22(ਬੀ)/61/85 ਤਹਿਤ ਮੁਕੱਦਮਾ ਨੰਬਰ 130 ਮਿਤੀ 11 ਅਗਸਤ 2026 ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਦੇ ਪਿੱਛੇ ਮੌਜੂਦ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। Faridkot News