Amritsar News: ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਖ਼ਤ ਕਾਰਵਾਈ, 312 ਦੁੱਧ ਦੇ ਸੈਂਪਲ ਲਏ
ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਖ਼ਤ ਕਾਰਵਾਈ, 312 ਦੁੱਧ ਦੇ ਸੈਂਪਲ ਲਏ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼/ਹਿੰ.ਸ.)। ਜ਼ਿਲ੍ਹੇ ’ਚ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਯਕੀਨੀ ਬਣਾਉਣ ਤੇ ਮਿਲਾਵਟਖੋਰੀ ’ਤੇ ਰੋਕ ਲਾਉਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਇਨਫੋਰਸਮੈਂਟ ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਸਮੇਤ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਸਿਹਤ ਅਫ਼ਸਰ ਕਮ ਡਿਜ਼ਾਇਨੇਟਿਡ ਫੂਡ ਸੇਫਟੀ ਅਫ਼ਸਰ ਡਾ. ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਵਿਭਾਗ ਵੱਲੋਂ 312 ਦੁੱਧ ਦੇ ਸੈਂਪਲ, 291 ਦੁੱਧ ਦੀਆਂ ਇੰਸਪੈਕਸ਼ਨਾਂ ਤੇ 52 ਦਹੀਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਤੇ ਮਿਲਾਵਟਖੋਰੀ ਨਾਲ ਸਬੰਧਤ ਮਾਮਲਿਆਂ ’ਚ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਅਨੁਸਾਰ ਸੀਜੇਐਮ ਕੋਰਟ ਵੱਲੋਂ 4 ਮਾਮਲਿਆਂ ’ਚ 40 ਹਜ਼ਾਰ ਰੁਪਏ ਤੇ ਏਡੀਸੀ ਕੋਰਟ ਵੱਲੋਂ 36 ਮਾਮਲਿਆਂ ’ਚ 1 ਲੱਖ 79 ਹਜ਼ਾਰ 500 ਰੁਪਏ ਦੇ ਜੁਰਮਾਨੇ ਲਾਏ ਗਏ ਹਨ। ਇਸ ਤੋਂ ਇਲਾਵਾ ਸੀਜੇਐਮ ਕੋਰਟ ’ਚ ਇੱਕ ਤੇ ਏਡੀਸੀ ਕੋਰਟ ’ਚ 47 ਮਾਮਲੇ ਦਾਇਰ ਕੀਤੇ ਗਏ ਹਨ।
ਹੋਰ ਮਾਮਲਿਆਂ ’ਚ ਕਾਨੂੰਨੀ ਕਾਰਵਾਈ ਪ੍ਰਕਿਰਿਆ ਅਧੀਨ ਹੈ। ਸਿਹਤ ਵਿਭਾਗ ਵੱਲੋਂ 720 ਕਿਲੋ ਗੁੰਮ੍ਹੇ ਦੀ ਪਿੰਨੀ ਤੇ 70 ਕਿਲੋ ਗੁੰਮ੍ਹੇ ਦਾ ਪਨੀਰ ਸਮੇਤ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਸਬੰਧੀ ਵੀ ਕਾਰਵਾਈ ਕੀਤੀ ਗਈ ਹੈ। ਵਿਭਾਗੀ ਰਿਕਾਰਡ ਅਨੁਸਾਰ 6 ਵਸਤੂਆਂ ਸੀਜ਼ ਕੀਤੀਆਂ ਗਈਆਂ ਹਨ ਤੇ 40 ਲੈਬ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ। ਡਾ. ਮਨਜੀਤ ਸਿੰਘ ਰਟੌਲ ਨੇ ਕਿਹਾ ਕਿ ਜ਼ਿਲ੍ਹੇ ’ਚ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਸਮੇਤ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਦੀ ਜਾਂਚ ਅੱਗੇ ਵੀ ਜਾਰੀ ਰਹੇਗੀ ਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਮਿਆਰੀ ਤੇ ਭਰੋਸੇਯੋਗ ਸਰੋਤਾਂ ਤੋਂ ਹੀ ਖਾਣ-ਪੀਣ ਵਾਲੀਆਂ ਵਸਤੂਆਂ ਖਰੀਦਣ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਜਾਂ ਘਟੀਆ ਗੁਣਵੱਤਾ ਸਬੰਧੀ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ’ਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। Food Adulteration Punjab
ਇਹ ਵੀ ਪੜ੍ਹੋ : Gold Price Today: ਸਰਾਫਾ ਬਾਜ਼ਾਰ ’ਚ ਸਸਤਾ ਹੋਇਆ ਸੋਨਾ, ਚਾਂਦੀ ਨੇ ਵੀ ਆਪਣੀ ਚਮਕ ਗੁਆਈ