Abohar News: ਪੁਲਿਸ ਨੇ ਠੱਗ ਗਿਰੋਹ ਦਾ ਕੀਤਾ ਪਰਦਾਫਾਸ਼, ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਕਰਦੇ ਸਨ ਲੁੱਟ
ਕੁੱਲ ਅੱਠ ਨਾਮਜ਼ਦ ਮੁਲਜ਼ਮਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ
ਅਬੋਹਰ (ਹਿੰ.ਸ.)| ਜ਼ਿਲ੍ਹਾ ਫ਼ਾਜ਼ਿਲਕਾ ਦੀ ਅਬੋਹਰ ਪੁਲਿਸ ਨੇ ਇੱਕ ਸ਼ਾਤਿਰ ਅਤੇ ਅਨੋਖੇ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਲੋਕਾਂ ਨੂੰ ਘੱਟ ਸਮੇਂ ਵਿੱਚ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਇਹ ਗਿਰੋਹ ਪਹਿਲਾਂ ਤਾਂਤਰਿਕ ਕਿਰਿਆਵਾਂ ਦਾ ਡਰਾਮਾ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ ਅਤੇ ਬਾਅਦ ਵਿੱਚ ਖੁਦ ਨੂੰ ਨਕਲੀ ਪੁਲਿਸ ਦੱਸ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟ ਲੈਂਦਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਪੁਲਿਸ ਦੀ ਵਰਦੀ, ਹਥਕੜੀ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।ਥਾਣਾ ਮੁਖੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਮੁਖਬਰ ਰਾਹੀਂ ਇਸ ਗਿਰੋਹ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਤੁਰੰਤ ਕਾਰਵਾਈ ਕੀਤੀ ਗਈ। ਇਸ ਮਾਮਲੇ ਵਿੱਚ ਇੱਕ ਔਰਤ ਸਮੇਤ ਕੁੱਲ ਅੱਠ ਨਾਮਜ਼ਦ ਮੁਲਜ਼ਮਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
Read Also : ਭਾਰਤ-ਪਾਕਿ ਸਰਹੱਦ 'ਤੇ ਤਸਕਰਾਂ ਦੀ ਨਵੀਂ ਚਾਲ, ਡਰੋਨ ਦੀ ਆਵਾਜ਼ ਲੁਕਾਉਣ ਲਈ ਹੁੰਦਾ ਹੈ ਇਹ ਕੰਮ
ਪੁਲਿਸ ਮੁਤਾਬਕ ਗਿਰੋਹ ਦੇ ਮੁੱਖ ਮੈਂਬਰ ਬਹਾਵਵਾਲਾ ਵਾਸੀ ਭੋਮਾ ਰਾਮ ਉਰਫ਼ ਟੁੰਡਾ ਅਤੇ ਸਰਾਭਾ ਨਗਰ ਵਾਸੀ ਕਰਨੈਲ ਸਿੰਘ ਲੋਕਾਂ ਨੂੰ ਨੋਟ ਦੁੱਗਣੇ ਕਰਨ ਦਾ ਝਾਂਸਾ ਦਿੰਦੇ ਸਨ। ਸ਼ੁਰੂ ਵਿੱਚ ਇਹ ਲੋਕ ਛੋਟੀ ਰਕਮ ਨੂੰ ਦੁੱਗਣਾ ਕਰਕੇ ਦਿਖਾਉਂਦੇ ਸਨ, ਤਾਂ ਜੋ ਪੀੜਤਾਂ ਦਾ ਉਨ੍ਹਾਂ 'ਤੇ ਪੂਰਾ ਭਰੋਸਾ ਬਣ ਜਾਵੇ। ਜਦੋਂ ਕੋਈ ਵਿਅਕਤੀ ਵੱਡੀ ਰਕਮ ਲੈ ਕੇ ਆਉਂਦਾ ਸੀ ਤਾਂ ਉਸ ਨੂੰ ਹੋਰ ਲਾਲਚ ਦੇ ਕੇ ਸਰਾਭਾ ਨਗਰ ਸਥਿਤ ਇੱਕ ਨਿਰਧਾਰਤ ਘਰ ਵਿੱਚ ਬੁਲਾਇਆ ਜਾਂਦਾ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਘਰ ਨੂੰ ਖਾਸ ਤੌਰ 'ਤੇ ਇਸ ਕੰਮ ਲਈ ਤਿਆਰ ਕੀਤਾ ਗਿਆ ਸੀ। ਉੱਥੇ ਮੁਲਜ਼ਮ ਭਗਵੇਂ ਕੱਪੜੇ ਪਾ ਕੇ ਤਾਂਤਰਿਕ ਕਿਰਿਆਵਾਂ ਕਰਨ ਦਾ ਪੂਰਾ ਨਾਟਕ ਰਚਦੇ ਸਨ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨੂੰ ਨਕਲੀ ਪੁਲਿਸ ਅਧਿਕਾਰੀ ਬਣਾ ਕੇ ਮੌਕੇ 'ਤੇ ਲਿਆਉਂਦੇ ਅਤੇ ਪੀੜਤਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਪੈਸੇ ਖੋਹ ਲੈਂਦੇ ਸਨ।ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ।