Haryana Khel Mahakumbh 2026: ਹਰਿਆਣਾ ਖੇਡ ਮਹਾਂਕੁੰਭ-2026 ਦਾ ਸ਼ੁਭੰਕਰ ਲਾਂਚ, 30 ਖੇਡਾਂ ’ਚ 18 ਹਜ਼ਾਰ ਖਿਡਾਰੀ ਦਿਖਾਉਣਗੇ ਦਮਖਮ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਲੋਕ ਅਰਪਣ; ਕਾਲੇ ਹਿਰਨ ਦੀ ਥੀਮ ’ਤੇ ਤਿਆਰ ਕੀਤਾ ਗਿਆ ਸ਼ੁਭੰਕਰ, ਸੂਬੇ ਦੇ 11 ਸ਼ਹਿਰਾਂ ’ਚ ਹੋਣਗੇ ਮੁਕਾਬਲੇ

Satinder Mathur  Picture
Published On

Haryana Khel Mahakumbh 2026: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ 'ਖੇਡ ਮਹਾਂਕੁੰਭ ਹਰਿਆਣਾ-2026' ਦੇ ਸ਼ੁਭੰਕਰ ਦਾ ਲੋਕ ਅਰਪਣ ਕੀਤਾ। ਰਾਜ ਦੇ ਪਸ਼ੂ ਕਾਲੇ ਹਿਰਨ ਦੀ ਥੀਮ ’ਤੇ ਤਿਆਰ ਕੀਤਾ ਗਿਆ ਇਹ ਸ਼ੁਭੰਕਰ ਹਰਿਆਣਾ ਦੇ ਖਿਡਾਰੀਆਂ ਦੇ ਜੋਸ਼, ਫੁਰਤੀ, ਚੌਕਸੀ ਅਤੇ ਟੀਚੇ ਪ੍ਰਤੀ ਸਮਰਪਣ ਦਾ ਪ੍ਰਤੀਕ ਹੋਵੇਗਾ। ਇਸ ਖੇਡ ਮਹਾਂਕੁੰਭ ਵਿੱਚ 30 ਖੇਡਾਂ ਦੇ ਲਗਭਗ 18 ਹਜ਼ਾਰ ਖਿਡਾਰੀ ਹਿੱਸਾ ਲੈਣਗੇ ਅਤੇ ਮੁਕਾਬਲੇ ਸੂਬੇ ਦੇ 11 ਸ਼ਹਿਰਾਂ ਵਿੱਚ ਕਰਵਾਏ ਜਾਣਗੇ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਦਾ ਜੋਸ਼ ਅਤੇ ਉਤਸ਼ਾਹ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੈ। ਜਦੋਂ ਵੀ ਤਗਮਿਆਂ ਦੀ ਗੱਲ ਹੁੰਦੀ ਹੈ ਤਾਂ ਹਰਿਆਣਾ ਦੇ ਖਿਡਾਰੀ ਆਪਣੀ ਮਿਹਨਤ ਨਾਲ ਸੂਬੇ ਦਾ ਨਾਮ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਖੇਡ ਮਹਾਂਕੁੰਭ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਖੇਡਾਂ ਵਿੱਚ ਅੱਗੇ ਵਧਣ ਦਾ ਵੱਡਾ ਮੰਚ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ: Ball Tampering Case: ਬਾਲ ਟੈਂਪਰਿੰਗ ਮਾਮਲੇ ਦੀ ਸਮੀਖਿਆ ਲਈ ਕ੍ਰਿਕਟ ਆਸਟ੍ਰੇਲੀਆ ਨੇ ਨਿਰਧਾਰਤ ਕੀਤੀ ਛੇ ਹਫ਼ਤਿਆਂ ਦੀ ਸਮਾਂ ਸੀਮਾ

ਮੁੱਖ ਮੰਤਰੀ ਨੇ ਦੱਸਿਆ ਕਿ ਕਾਲਾ ਹਿਰਨ ਆਪਣੀ ਰਫ਼ਤਾਰ, ਫੁਰਤੀ ਅਤੇ ਚੌਕਸੀ ਲਈ ਜਾਣਿਆ ਜਾਂਦਾ ਹੈ। ਇਹੀ ਗੁਣ ਹਰਿਆਣਾ ਦੇ ਖਿਡਾਰੀਆਂ ਵਿੱਚ ਵੀ ਦੇਖਣ ਨੂੰ ਮਿਲਦੇ ਹਨ। ਸ਼ੁਭੰਕਰ ਰਾਹੀਂ ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਦਾ ਸੰਦੇਸ਼ ਵੀ ਦਿੱਤਾ ਜਾਵੇਗਾ। ਇਸ ਮੌਕੇ ਹਾਕੀ ਦੇ ਸਾਬਕਾ ਕਪਤਾਨ ਸਰਦਾਰ ਸਿੰਘ, ਏਸ਼ੀਆਈ ਖੇਡਾਂ ਦੀ ਤਗਮਾ ਜੇਤੂ ਪਰਵੀਨ ਹੁੱਡਾ ਅਤੇ ਮੁੱਕੇਬਾਜ਼ ਨਰਿੰਦਰ ਨੂੰ ਸਨਮਾਨਿਤ ਕੀਤਾ ਗਿਆ। ਇਜਿਪਟ ਜਾਣ ਵਾਲੀ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਸੈਣੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਹਰਿਆਣਾ ਸਰਕਾਰ ਨੇ ਖੇਡਾਂ ਦੇ ਬੁਨਿਆਦੀ ਢਾਂਚੇ ’ਤੇ ਲਗਭਗ 1100 ਕਰੋੜ ਰੁਪਏ ਖਰਚ ਕੀਤੇ ਹਨ। ਹੁਣ ਤੱਕ 17,676 ਖਿਡਾਰੀਆਂ ਨੂੰ 931 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਹਨ ਅਤੇ 260 ਉੱਤਮ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸੂਬੇ ਵਿੱਚ 2 ਹਜ਼ਾਰ ਖੇਡ ਨਰਸਰੀਆਂ ਚੱਲ ਰਹੀਆਂ ਹਨ, ਜਿੱਥੇ ਕਰੀਬ 40 ਹਜ਼ਾਰ ਬੱਚੇ ਅਭਿਆਸ ਕਰ ਰਹੇ ਹਨ। 

ਇਸ ਤੋਂ ਇਲਾਵਾ 25 ਰਿਹਾਇਸ਼ੀ ਖੇਡ ਅਕੈਡਮੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਸਰਕਾਰ ਦਾ ਟੀਚਾ ਖਿਡਾਰੀਆਂ ਨੂੰ ਮਿੱਟੀ ਤੋਂ ਮੈਡਲ ਤੱਕ ਪਹੁੰਚਾਉਣਾ ਹੈ। ਉਨ੍ਹਾਂ ਮਿਸ਼ਨ ਓਲੰਪਿਕ-2036 ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰਿਆਣਾ ਦਾ ਟੀਚਾ 2036 ਵਿੱਚ 36 ਤਗਮੇ ਜਿੱਤਣ ਦਾ ਹੈ। ਖੇਡ ਵਿਭਾਗ ਦੀ ਪ੍ਰਮੁੱਖ ਸਕੱਤਰ ਅਮਨੀਤ ਪੀ. ਕੁਮਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਖੇਡ ਸਹੂਲਤਾਂ ਅਤੇ ਆਧੁਨਿਕ ਸਿਖਲਾਈ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Comments

Post Your Comment

About The Author

Related Posts