Punjab
BJP Candidate List: ਭਾਜਪਾ ਨੇ ਜਾਰੀ ਕੀਤੀ 23 ਉਮੀਦਵਾਰਾਂ ਦੀ ਸੂਚੀ
ਦੇਵਿੰਦਰ ਬਬਲਾ ਸਮੇਤ ਕਈ ਚਰਚਿਤ ਚਿਹਰੇ ਮੈਦਾਨ ’ਚ, 7 ਮਹਿਲਾਵਾਂ ਨੂੰ ਟਿਕਟ, 12 ਵਾਰਡਾਂ ’ਤੇ ਅਜੇ ਫੈਸਲਾ ਬਾਕੀ
BJP Candidate List : (ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਲਈ ਭਾਜਪਾ ਨੇ ਆਪਣੀ ਪਹਿਲੀ ਸੂਚੀ ਜਾਰੀ ਕਰਕੇ ਸਿਆਸੀ ਮੈਦਾਨ ਵਿੱਚ ਸਰਗਰਮੀ ਵਧਾ ਦਿੱਤੀ ਹੈ। ਪਾਰਟੀ ਨੇ 35 ਵਾਰਡਾਂ ਵਿੱਚੋਂ 23 ਲਈ ਉਮੀਦਵਾਰਾਂ ਦੇ ਨਾਂ ਐਲਾਨੇ ਹਨ। ਇਸ ਸੂਚੀ ਵਿੱਚ ਮੌਜੂਦਾ ਮੇਅਰ ਸੌਰਭ ਜੋਸ਼ੀ ’ਤੇ ਇੱਕ ਵਾਰ ਫਿਰ ਤੋਂ ਵਿਸ਼ਵਾਸ ਜਤਾਉਣ ਦੇ ਨਾਲ ਹੀ ਚਰਚਿਤ ਚੇਹਰਿਆਂ ਵਿੱਚ ਸ਼ਾਮਲ ਭਾਜਪਾ ਦੇ ਸੀਨੀਅਰ ਆਗੂ ਦੇਵਿੰਦਰ ਬਬਲਾ ਨੂੰ ਥਾਂ ਮਿਲੀ ਹੈ। ਇਸ ਲਿਸਟ ਵਿੱਚ 7 ਮਹਿਲਾਵਾਂ ਨੂੰ ਵੀ ਟਿਕਟ ਦੇ ਕੇ ਭਾਜਪਾ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਹ ਵੀ ਪੜ੍ਹੋ: Moga News: ਅਰਵਿੰਦ ਕੇਜਰੀਵਾਲ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਸਬੰਧੀ ਔਰਤਾਂ ਨੂੰ ਕੀਤੀ ਖਾਸ ਅਪੀਲ, ਕਿਹਾ ਘਰ ਦੇ ਪੁਰਸ਼ਾਂ ਨੂੰ ਕਹੋ ਇਹ ਗੱਲ
ਸ਼ੁੱਕਰਵਾਰ ਨੂੰ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਵਾਰਡ ਨੰਬਰ 10 ਤੋਂ ਦੇਵਿੰਦਰ ਬਬਲਾ ਅਤੇ ਵਾਰਡ 12 ਤੋਂ ਮੇਅਰ ਸੌਰਭ ਜੋਸ਼ੀ ਚੋਣ ਲੜਨਗੇ। ਵਾਰਡ 27 ਤੋਂ ਗੁਰਬਕਸ਼ ਰਾਵਤ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਨਾਵਾਂ ਨਾਲ ਭਾਜਪਾ ਨੇ ਆਪਣੇ ਸੰਗਠਨ ਅਤੇ ਪਹਿਲਾਂ ਤੋਂ ਸਰਗਰਮ ਆਗੂਆਂ ਨੂੰ ਚੋਣ ਮੈਦਾਨ ਵਿੱਚ ਅੱਗੇ ਰੱਖਿਆ ਹੈ।
ਚੋਣਾਂ ਵਿੱਚ ਇਸ ਵਾਰ ਪਾਰਟੀ ਲਈ ਆਪਣੀ ਨਿਗਮ ਦੀ ਬਹੁਮਤ ਵਾਲੀ ਸਥਿਤੀ ਕਾਇਮ ਰੱਖਣਾ ਅਹਿਮ ਹੋਵੇਗਾ। ਨਗਰ ਨਿਗਮ ਵਿੱਚ ਇਸ ਸਮੇਂ ਭਾਜਪਾ ਕੋਲ ਬਹੁਮਤ ਹੈ। ਪੰਜ ਸਾਲ ਬਾਅਦ ਹੋ ਰਹੀਆਂ ਇਨ੍ਹਾਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਵੀ ਆਪਣੀ ਸਿਆਸੀ ਤਾਕਤ ਦਿਖਾਉਣ ਦੀ ਤਿਆਰੀ ਵਿੱਚ ਹਨ। ਭਾਜਪਾ ਦੀ ਪਹਿਲੀ ਸੂਚੀ ਆਉਣ ਤੋਂ ਬਾਅਦ ਹੁਣ ਬਾਕੀ 12 ਵਾਰਡਾਂ ਦੇ ਉਮੀਦਵਾਰਾਂ ਅਤੇ ਟਿਕਟ ਤੋਂ ਵਾਂਝੇ ਰਹਿ ਗਏ ਦਾਅਵੇਦਾਰਾਂ ਦੀ ਭੂਮਿਕਾ ’ਤੇ ਵੀ ਨਜ਼ਰ ਰਹੇਗੀ।
ਚੰਡੀਗੜ੍ਹ ਨਗਰ ਨਿਗਮ ਦੇ 35 ਵਾਰਡਾਂ ਲਈ 23 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 26 ਦਸੰਬਰ ਨੂੰ ਗਿਣਤੀ ਹੋਵੇਗੀ। ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 26 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 3 ਦਸੰਬਰ ਹੈ, ਜਦਕਿ 4 ਦਸੰਬਰ ਨੂੰ ਪੜਤਾਲ ਹੋਵੇਗੀ। ਉਮੀਦਵਾਰ 7 ਦਸੰਬਰ ਤੱਕ ਆਪਣੇ ਨਾਂ ਵਾਪਸ ਲੈ ਸਕਣਗੇ।
ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰ
ਭਾਜਪਾ ਵੱਲੋਂ ਜਾਰੀ ਕੀਤੀ ਗਈ ਪਹਿਲੀ ਲਿਸਟ ਅਨੁਸਾਰ ਵਾਰਡ 1 ਤੋਂ ਗੁਰਵਿੰਦਰ ਸਿੰਘ, 4 ਤੋਂ ਰਵਿੰਦਰ ਲੋਹਾਟ, 6 ਤੋਂ ਜਗਤਾਰ ਸਿੰਘ ਢਿੱਲੋਂ, 7 ਤੋਂ ਅਰਵਿੰਦ ਸਿੰਘ, 8 ਤੋਂ ਕਿਰਨ ਸਿੰਘ, 10 ਤੋਂ ਦੇਵਿੰਦਰ ਬਬਲਾ, 11 ਤੋਂ ਸੁਮਿਤਾ ਕੋਹਲੀ, 12 ਤੋਂ ਸੌਰਭ ਜੋਸ਼ੀ, 13 ਤੋਂ ਸੁਖਜੀਵਨ ਕੌਰ, 16 ਤੋਂ ਰੋਹਿਤ ਘਬਰੀ, 17 ਤੋਂ ਐਡਵੋਕੇਟ ਮੀਨਾਕਸ਼ੀ ਸਿੰਘ, 18 ਤੋਂ ਰਾਜੇਸ਼ ਕੁਮਾਰ ਗੁਪਤਾ (ਬਿੱਟੂ), 20 ਤੋਂ ਅਭੈ ਝਾਅ, 21 ਤੋਂ ਸੁਨੀਤਾ ਕੌਰ, 22 ਤੋਂ ਦੀਪਕ ਸ਼ਰਮਾ, 24 ਤੋਂ ਦੀਪਕ ਮਹਾਜਨ, 26 ਤੋਂ ਰੇਖਾ ਸੂਦ, 27 ਤੋਂ ਗੁਰਬਕਸ਼ ਰਾਵਤ, 28 ਤੋਂ ਅਮਿਤ ਮਿਸ਼ਰਾ, 29 ਤੋਂ ਪ੍ਰਿਆ ਵੋਹਰੋਤਰਾ, 33 ਤੋਂ ਕੰਵਰਜੀਤ ਸਿੰਘ ਰਾਣਾ, 34 ਤੋਂ ਭੁਪਿੰਦਰ ਸ਼ਰਮਾ ਅਤੇ 35 ਤੋਂ ਰਾਜਿੰਦਰ ਕੁਮਾਰ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ।
Comments