Punjab Weather Update: ਪੰਜਾਬ ’ਚ 28 ਤੋਂ 30 ਅਕਤੂਬਰ ਤੱਕ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਪੰਜਾਬ ’ਚ 28 ਤੋਂ 30 ਅਕਤੂਬਰ ਤੱਕ ਮੀਂਹ ਪੈਣ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ’ਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ ਅੱਜ 27 ਅਕਤੂਬਰ ਨੂੰ ਸੂਬੇ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਦਕਿ 28 ਤੋਂ 30 ਅਕਤੂਬਰ ਤੱਕ ਕਈ ਜ਼ਿਲ੍ਹਿਆਂ ’ਚ ਹਲਕੇ ਤੋਂ ਦਰਮਿਆਨੇ ਮੀਂਹ ਪੈ ਸਕਦਾ ਹੈ। 29 ਤੇ 30 ਅਕਤੂਬਰ ਨੂੰ ਗਰਜ-ਚਮਕ ਦੇ ਨਾਲ ਬਿਜਲੀ ਡਿੱਗਣ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।

ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਚੱਕਰਵਾਤੀ ਤੂਫ਼ਾਨ ‘ਅਰਨਬ’ ਦਾ ਅਸਰ ਵੀ ਮੌਸਮ ’ਤੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਸੂਬੇ ਦੇ ਦਿਨ ਦੇ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਮੈਦਾਨੀ ਇਲਾਕਿਆਂ ’ਚ ਦਿਨ ਵੇਲੇ ਧੁੱਪ ਕਾਰਨ ਗਰਮੀ ਮਹਿਸੂਸ ਹੋ ਰਹੀ ਹੈ, ਜਦਕਿ ਰਾਤਾਂ ਠੰਢੀਆਂ ਹੋਣ ਲੱਗੀਆਂ ਹਨ। ਮੌਸਮ ਵਿਭਾਗ ਅਨੁਸਾਰ ਉੱਤਰੀ ਹਰਿਆਣਾ ਉੱਪਰ ਬਣੀ ਪੱਛਮੀ ਗੜਬੜੀ ਚੱਕਰਵਾਤੀ ਹਵਾਈ ਪ੍ਰਣਾਲੀ ਦੇ ਰੂਪ ’ਚ ਸਰਗਰਮ ਹੈ। ਇਹ ਸਮੁੰਦਰ ਤਲ ਤੋਂ 3.1 ਤੋਂ 4.5 ਕਿਲੋਮੀਟਰ ਦੀ ਉਚਾਈ ’ਤੇ ਮੌਜ਼ੂਦ ਹੈ।

ਇਸ ਤੋਂ ਇਲਾਵਾ 27 ਅਕਤੂਬਰ ਦੀ ਰਾਤ ਤੋਂ ਇੱਕ ਨਵੀਂ ਪੱਛਮੀ ਗੜਬੜੀ ਉੱਤਰ-ਪੱਛਮੀ ਭਾਰਤ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੇ ਅਸਰ ਹੇਠ ਪੰਜਾਬ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ। ਸੂਬੇ ’ਚ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਅੰਤਰ ਕਾਰਨ ਸਵੇਰੇ ਤੇ ਸ਼ਾਮ ਨੂੰ ਠੰਢਕ ਮਹਿਸੂਸ ਹੋ ਰਹੀ ਹੈ। ਮੌਸਮ ਕੇਂਦਰਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਫ਼ਰੀਦਕੋਟ ’ਚ ਸਭ ਤੋਂ ਵੱਧ ਤਾਪਮਾਨ 33 ਡਿਗਰੀ ਦਰਜ ਕੀਤਾ ਗਿਆ, ਜਦਕਿ ਪਠਾਨਕੋਟ ’ਚ ਰਾਤ ਦਾ ਘੱਟੋ-ਘੱਟ ਤਾਪਮਾਨ 11.7 ਡਿਗਰੀ ਰਿਹਾ।

ਚੰਡੀਗੜ੍ਹ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 31.4 ਡਿਗਰੀ ਤੇ ਘੱਟੋ-ਘੱਟ 15 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਦਿਨ ਦਾ ਤਾਪਮਾਨ 28.5 ਡਿਗਰੀ ਤੇ ਰਾਤ ਦਾ 14.9 ਡਿਗਰੀ ਰਿਹਾ। ਲੁਧਿਆਣਾ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30.4 ਡਿਗਰੀ ਤੇ ਘੱਟੋ-ਘੱਟ 15.6 ਡਿਗਰੀ ਦਰਜ ਕੀਤਾ ਗਿਆ, ਜਦਕਿ ਪਟਿਆਲਾ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 31.4 ਡਿਗਰੀ ਤੇ ਘੱਟੋ-ਘੱਟ 14.7 ਡਿਗਰੀ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਮੁੱਖ ਮੌਸਮ ਕੇਂਦਰਾਂ ’ਤੇ ਮੀਂਹ ਨਹੀਂ ਪਿਆ ਤੇ ਮੌਸਮ ਖੁਸ਼ਕ ਰਿਹਾ। ਹਾਲਾਂਕਿ, ਆਉਣ ਵਾਲੇ ਦਿਨਾਂ ’ਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

Comments

Post Your Comment

About The Author

Related Posts