Punjab
Punjab Election 2027: ਇੱਕ ਮੰਤਰੀ, ਸੱਤ ਵਿਧਾਇਕਾਂ ਦੀ ਟਿਕਟ ਕੱਟੀ
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਚੋਣ 2027 ਦੀ ਦੀ ਤਿਆਰੀ ਵਿੱਚ ਜੁੱਟੀ ਆਮ ਆਦਮੀ ਪਾਰਟੀ ਵੱਲੋਂ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਇਸ ਦੂਜੀ ਸੂਚੀ ਵਿੱਚ ਜਿੱਥੇ 31 ਉਮੀਦਵਾਰਾਂ ਨੂੰ ਟਿਕਟ ਮਿਲੀ ਹੈ ਤਾਂ ਉੱਥੇ ਹੀ ਮਰਹੂਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਨੂੰ ਕੱਟ ਦਿੱਤਾ ਗਿਆ ਹੈ।
ਵਿਧਾਨ ਸਭਾ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਦੇ ਹੀ ਭਤੀਜੇ ਰਣਧੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਸਿਰਫ਼ ਇੱਕ ਕੈਬਨਿਟ ਮੰਤਰੀ ਹੀ ਨਹੀਂ , ਸਗੋਂ ਉਨਾਂ ਦੇ ਨਾਲ 7 ਹੋਰ ਵਿਧਾਇਕਾਂ ਦੀ ਵੀ ਟਿਕਟ ਕੱਟ ਦਿੱਤੀ ਗਈ ਹੈ, ਜਦਕਿ ਦੋ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਬਰਨਾਲਾ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਆਦਮਪੁਰ ਤੋਂ ਟਿਕਟ ਦਿੱਤੀ ਗਈ ਹੈ। ਭਾਜਪਾ ਛੱਡ ਕੇ ‘ਆਪ’ ਵਿੱਚ ਆਏ ਸਵਰਨ ਐੱਸ. ਸਲਾਰੀਆ ਨੂੰ ਸੁਜਾਨਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸ ਸੂਚੀ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਸਰਵੇਖਣ ਦੇ ਅਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਆਪਣੇ ਕੰਮਕਾਜ ਵਿੱਚ ਸੁਧਾਰ ਕਰਨ ਦਾ ਮੌਕਾ ਦਿੱਤਾ ਸੀ ਪਰ ਅੰਤਿਮ ਫੈਸਲਾ ਸਰਵੇਖਣ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਇਸ ਸੂਚੀ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਅਨਮੋਲ ਗਗਨ ਮਾਨ, ਕੁੰਵਰ ਵਿਜੈ ਪ੍ਰਤਾਪ ਸਿੰਘ, ਲਾਲਜੀਤ ਸਿੰਘ ਭੁੱਲਰ, ਰਮਨ ਅਰੋੜਾ, ਕੁਲਵੰਤ ਸਿੰਘ ਬਾਜ਼ੀਗਰ ਅਤੇ ਚਰਨਜੀਤ ਸਿੰਘ ਸਮੇਤ ਅਮਿਤ ਰਤਨ ਕੋਟਫੱਤਾ ਨੂੰ ਟਿਕਟ ਨਹੀਂ ਦਿੱਤੀ ਗਈ।
ਸੂਚੀ ਵਿੱਚ ਕੁੱਲ ਅੱਠ ਮੌਜ਼ੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ‘ਆਪ’ ਨੇ ਇਸ ਤੋਂ ਪਹਿਲਾਂ 31 ਅਕਤੂਬਰ ਨੂੰ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਹੁਣ ਦੂਜੀ ਸੂਚੀ ਦੇ 31 ਨਾਵਾਂ ਨਾਲ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 71 ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਦੂਜੀ ਸੂਚੀ ਦੇ 31 ਉਮੀਦਵਾਰ ਵਿੱਚ ਸੁਜਾਨਪੁਰ ਤੋਂ ਸਵਰਨ ਐੱਸ. ਸਲਾਰੀਆ, ਪਠਾਨਕੋਟ ਤੋਂ ਰੋਹਿਤ ਸਿਆਲ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾਨਗਰ ਤੋਂ ਸ਼ਮਸ਼ੇਰ ਸਿੰਘ।
ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ, ਫਤਹਿਗੜ੍ਹ ਚੂੜੀਆਂ ਤੋਂ ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ), ਰਾਜਾਸਾਂਸੀ ਤੋਂ ਸੋਨੀਆ ਮਾਨ, ਮਜੀਠਾ ਤੋਂ ਤਲਬੀਰ ਸਿੰਘ ਗਿੱਲ, ਅੰਮ੍ਰਿਤਸਰ ਉੱਤਰੀ ਤੋਂ ਕਰਮਜੀਤ ਸਿੰਘ ਰਿੰਟੂ, ਪੱਟੀ ਤੋਂ ਜਸਕੰਵਰ ਸਿੰਘ ਗਿੱਲ (ਜੱਸਾ ਪੱਟੀ), ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ, ਕਪੂਰਥਲਾ ਤੋਂ ਦਵਿੰਦਰ ਪਾਲ ਸਿੰਘ ਰੰਗਾ, ਫਗਵਾੜਾ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਫਿਲੌਰ ਤੋਂ ਹਰਜੋਤ ਕੌਰ ਲੋਹਟੀਆ, ਸ਼ਾਹਕੋਟ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰ, ਜਲੰਧਰ ਕੇਂਦਰੀ ਤੋਂ ਨਿਤਿਨ ਕੋਹਲੀ, ਜਲੰਧਰ ਉੱਤਰੀ ਤੋਂ ਵਿਨੀਤ ਧੀਰ, ਜਲੰਧਰ ਛਾਉਣੀ ਤੋਂ ਦੀਪਕ ਬਾਲੀ।
ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਮੁਕੇਰੀਆਂ ਤੋਂ ਸਰਬਜੋਤ ਸਿੰਘ ਸਾਬ੍ਹੀ, ਸ਼ਹੀਦ ਭਗਤ ਸਿੰਘ ਨਗਰ ਤੋਂ ਰੌਬੀ ਕੰਗ, ਚਮਕੌਰ ਸਾਹਿਬ ਤੋਂ ਜਸਵੀਰ ਸਿੰਘ ਗੜੀ, ਖਰੜ ਤੋਂ ਪਰਮਿੰਦਰ ਸਿੰਘ ਗੋਲਡੀ, ਦਾਖਾ ਤੋਂ ਡਾ. ਕੇਐੱਨਐੱਸ ਕੰਗ, ਜਗਰਾਉਂ ਤੋਂ ਸਰਵਜੀਤ ਕੌਰ ਮਾਣੂੰਕੇ, ਅਬੋਹਰ ਤੋਂ ਡਾ. ਸੁਹਾਨੀ ਡੋਡਾ, ਬੱਲੂਆਣਾ ਤੋਂ ਅਮਨਦੀਪ ਸਿੰਘ ‘ਗੋਲਡੀ’ ਮੁਸਾਫਿਰ, ਲੰਬੀ ਤੋਂ ਰਣਧੀਰ ਸਿੰਘ ਧੀਰਾ ਖੁੱਡੀਆਂ, ਬਠਿੰਡਾ ਦਿਹਾਤੀ ਤੋਂ ਗੋਪਾਲ ਸਿੰਘ ਅਤੇ ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : Punjab Elections 2027: ਮੁੱਖ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੈੱਬਕਾਸਟਿੰਗ ਕੇਂਦਰ ਦਾ ਦੌਰਾ ਕਰਵਾਇਆ
Comments