ਐਸਐਸਪੀ ਅਵਨੀਤ ਕੌਰ ਸਿੱਧੂ ਬਣੇ ਅਧਿਆਪਕ, ਵਿਦਿਆਰਥੀਆਂ ਨੂੰ ਦੱਸੇ ਸਫਲਤਾ ਦੇ ਸੂਤਰ

SSP Avneet Kaur Sidhu

ਸਾਬੂਆਣਾ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ’ਚ ਦਿੱਤਾ ਪ੍ਰੇਰਕ ਲੈਕਚਰ

(ਰਜਨੀਸ਼ ਰਵੀ) ਫਾਜਿ਼ਲਕਾ। ਸਿੱਖੋ ਅਤੇ ਵਧੋ (ਲਰਨ ਐਂਡ ਗ੍ਰੋਅ) ਪ੍ਰੋਗਰਾਮ ਤਹਿਤ ਫਾਜ਼ਿਲਕਾ ਦੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਅੱਜ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਸਾਬੂਆਣਾ ਦੇ ਵਿਦਿਆਰਥੀਆਂ ਨਾਲ ਸੰਵਾਦ ਦੌਰਾਨ ਉਨ੍ਹਾਂ ਨੂੰ ਜੀਵਨ ਵਿਚ ਸਫਲਤਾ ਦੇ ਸੂਤਰ ਦੱਸੇ। ਆਪਣੇ ਪ੍ਰੇਰਕ ਲੈਕਚਰ ਰਾਹੀਂ ਐਸਐਸਪੀ ਅਵਨੀਤ ਕੌਰ (SSP Avneet Kaur Sidhu) ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਵਰਤਮਾਨ ਮੁਕਾਮ ਤੱਕ ਦੀ ਜੀਵਨ ਯਾਤਰਾ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਜ਼ੇਕਰ ਅਸੀਂ ਆਪਣੀ ਜਿੰਦਗੀ ਦੇ ਟੀਚੇ ਨਿਰਧਾਰਤ ਕਰ ਲਈਏ ਅਤੇ ਫਿਰ ਇੰਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਮਿਹਨਤ ਕਰੀਏ ਤਾਂ ਮਨੁੱਖ ਜਿੰਦਗੀ ਵਿਚ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ।

ਐਸਐਸਪੀ ਅਵਨੀਤ ਕੌਰ ਸਿੱਧੂ (SSP Avneet Kaur Sidhu) ਨੇ ਕਿਹਾ ਕਿ ਸਫਲਤਾ ਲਈ ਲਾਜਮੀ ਹੈ ਕਿ ਟੀਚੇ ਪ੍ਰਤੀ ਸਪੱਸ਼ਟਤਾ ਹੋਵੇ ਤੇ ਫਿਰ ਉਸਦੀ ਪ੍ਰਾਪਤੀ ਲਈ ਆਪਣੇ ਸਮੇਂ ਦਾ ਸਹੀ ਪ੍ਰਬੰਧਨ ਕਰਕੇ ਸਖ਼ਤ ਮਿਹਨਤ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਦਾ ਮਜ਼ਬੂਤੀ ਨਾਲ ਸਾਹਮਣਾ ਕਰਦੇ ਹੋਏ ਅੱਗੇ ਵਧਿਆ ਜਾਵੇ ਅਤੇ ਕਦੇ ਵੀ ਆਪਣੇ ਟੀਚੇ ਤੋਂ ਧਿਆਨ ਭਟਕਨ ਨਾ ਦਿਓ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਆਨੰਦ ਲਵੋ ਪਰ ਇਹ ਤੁਹਾਡੇ ਟੀਚੇ ਦੀ ਪ੍ਰਾਪਤੀ ਦੇ ਰਾਹ ਦਾ ਰੋੜਾ ਨਾ ਬਣੇ।

ਐਸਐਸਪੀ ਨੇ ਕਿਹਾ ਕਿ ਅਧਿਆਪਕ ਵਿਦਿਆਰਥੀ ਦਾ ਸਭ ਤੋਂ ਵੱਡਾ ਮਾਰਗਦਰਸ਼ਕ ਹੈ ਅਤੇ ਮਾਪੇ ਉਸਦੇ ਸੱਚੇ ਹਮਦਰਦ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮੁਸ਼ਕਲ ਸਮੇਂ ਆਪਣੇ ਮਾਂ ਬਾਪ ਨਾਲ ਗੱਲ ਜ਼ਰੂਰ ਕਰੋ। ਉਨ੍ਹਾਂ ਨੇ ਕਿਹਾ ਕਿ ਸਾਕਾਰਾਤਮਕ ਸੋਚ ਨਾਲ ਅੱਗੇ ਵਧਿਆ ਜਾਵੇ ਤਾਂ ਮੰਜਿਲ ਲਾਜ਼ਮੀ ਮਿਲਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਕਮਜ਼ੋਰ ਪੱਖ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ ਕਿ ਕਾਮਯਾਬ ਤੇ ਚੰਗੇ ਇਨਸਾਨ ਬਣਨਾ ਟੀਚਾ ਹੋਵੇ।

SSP Avneet Kaur Sidhu

ਪ੍ਰਿੰਸੀਪਲ ਨੇ ਕੀਤਾ ਭਰਵਾਂ ਸਵਾਗਤ

ਐਸਐਸਪੀ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸੰਜਮ ਨਾਲ ਕਰਨ ਦੀ ਸਲਾਹ ਦਿੰਦਿਆਂ ਉਨ੍ਹਾਂ ਨੂੰ ਉਥੇ ਉਪਲੱਬਧ ਸਮੱਗਰੀ ਵਿਚੋਂ ਚੰਗੇ ਅਤੇ ਮਾੜੇ ਦਾ ਅੰਤਰ ਕਰਨ ਬਾਰੇ ਵੀ ਦੱਸਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਭਵਿੱਖ ਸਬੰਧੀ ਅਤੇ ਕੈਰੀਅਰ ਸਬੰਧੀ ਕਈ ਸਵਾਲ ਵੀ ਐਸਐਸਪੀ ਨੂੰ ਕੀਤੇ।  ਇਸ ਤੋਂ ਪਹਿਲਾਂ ਇੱਥੇ ਪੁੱਜਣ ’ਤੇ ਸਕੂਲ ਪ੍ਰਿੰਸੀਪਲ ਗੁਲਸ਼ਨ ਮਿਗਲਾਨੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਸੇਠੀ ਨੇ ਉਨ੍ਹਾਂ ਨੂੰ ਇਸ ਸਮਾਗਮ ਵਿਚ ਸਿ਼ਰਕਤ ਲਈ ਧੰਨਵਾਦ ਕੀਤਾ। ਇਸ ਮੌਕੇ ਸਿੱਖਿਆ ਵਿਭਾਗ ਤੋਂ ਸ੍ਰੀ ਸਤਿੰਦਰ ਬੱਤਰਾ, ਡੀਟੀਸੀ ਸ੍ਰੀ ਮਨੀਸ਼ ਕੁਮਾਰ ਅਤੇ ਸਕੂਲ ਸਟਾਫ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ