ਬੁੱਢੇ ਨਾਲੇ ਦੀ ਸਫ਼ਾਈ ਲਈ ਬਾਬਾ ਉਦੈ ਸਿੰਘ ਦੀ ਸਰਪ੍ਰਸਤੀ ਹੇਠ ਵਿਸ਼ੇਸ਼ ਟਾਸਕ ਫੋਰਸ ਦਾ ਐਲਾਨ

Special Task Force, Announced Under, Patronage, Baba Uday Singh, Cleaning Old Drain

ਦੋ ਮਹੀਨਿਆਂ ‘ਚ ਸੌਂਪਣਗੇ ਮੁੱਖ ਮੰਤਰੀ ਨੂੰ ਰਿਪੋਰਟ

ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ 

ਬੁੱਢੇ ਨਾਲੇ ਦੀ ਸਫ਼ਾਈ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਰਾਹੀਂ ਬੁੱਢੇ ਨਾਲੇ ਨੂੰ ਗੰਦੇ ਪਾਣੀ ਦੇ ਵਹਾਅ ਤੋਂ ਮੁਕਤ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰਨ ਦੇ ਹੁਕਮ ਦਿੱਤੇ ਹਨ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਟਾਸਕ ਫੋਰਸ ਦੇ ਸਰਪ੍ਰਸਤ ਨਾਮਧਾਰੀ ਸੰਪਰਦਾ ਦੇ ਬਾਬਾ ਉਦੈ ਸਿੰਘ ਜੀ ਹੋਣਗੇ ਜੋ ਦੋ ਮਹੀਨਿਆਂ ‘ਚ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਸੌਂਪਣਗੇ। ਬੁਲਾਰੇ ਨੇ ਦੱਸਿਆ ਕਿ ਬਾਬਾ ਉਦੈ ਸਿੰਘ ਜੀ ਨੇ ਬੀਤੀ ਸ਼ਾਮ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਸਰਪ੍ਰਸਤ ਵਜੋਂ ਟਾਸਕ ਫੋਰਸ ਦੀ ਅਗਵਾਈ ਕਰਨ ਦੀ ਅਪੀਲ ਨੂੰ ਸਵੀਕਾਰ ਕਰ ਲਿਆ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਇਸ ਟਾਸਕ ਫੋਰਸ ਦਾ ਗਠਨ ਚੁਣੇ ਹੋਏ ਨੁਮਾਇੰਦਿਆਂ, ਤਕਨੀਕੀ ਮਾਹਿਰਾਂ ਤੇ ਜਨਤਕ ਸ਼ਖ਼ਸੀਅਤਾਂ ‘ਤੇ ਆਧਾਰਤ ਕੀਤਾ ਜਾਵੇ। ਇਹ ਟਾਸਕ ਫੋਰਸ ਸਨਅਤਾਂ ਦੇ ਪ੍ਰਦੂਸ਼ਿਤ ਵਹਾਅ ਨੂੰ ਸੋਧਣ, ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਅਧਿਐਨ ਕਰਨ ਤੇ ਸੁਝਾਅ ਦੇਣ ਤੋਂ ਇਲਾਵਾ ਵੱਡੀ ਪੱਧਰ ‘ਤੇ ਲੋਕਾਂ ਨੂੰ ਇਸ ਕਾਰਜ ਨਾਲ ਜੋੜਨ ਦਾ ਰਾਹ ਵੀ ਤਲਾਸ਼ੇਗੀ।

ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੀ ਮੌਜੂਦਾ ਸਮਰਥਾ 516 ਐਮ.ਐਲ.ਡੀ. ਤੋਂ ਵਧਾ ਕੇ 675 ਐਮ.ਐਲ.ਡੀ. ਕਰਨ ਤੋਂ ਇਲਾਵਾ ਸਨਅਤਾਂ ਦੀ ਨਿਕਾਸੀ ਨੂੰ ਸੋਧਣ ਦੀਆਂ ਸਹੂਲਤਾਂ ‘ਚ ਵਾਧਾ ਕਰਨ ਬਾਰੇ ਤਜਵੀਜ਼ ਸੌਂਪਣ ਲਈ ਆਖਿਆ। ਮੁੱਖ ਮੰਤਰੀ ਨੇ ਇਹ ਹਦਾਇਤਾਂ ਬਾਬਾ ਉਦੈ ਸਿੰਘ ਜੀ ਨਾਲ ਮੀਟਿੰਗ ਦੌਰਾਨ ਦਿੱਤੀਆਂ।

ਇਸ ਚਿਰੋਕਣੀ ਸਮੱਸਿਆ ਦਾ ਪੱਕਾ ਹੱਲ ਲੱਭਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਰਜ ਨਾਲ ਸਨਅਤਾਂ ਦੇ ਨੁਮਾਇੰਦਿਆਂ ਤੇ ਲੋਕਾਂ ਨੂੰ ਸਰਗਰਮੀ ਨਾਲ ਜੋੜਿਆ ਜਾਵੇ ਤਾਂ ਕਿ ਸਾਰਿਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਯਤਨਾਂ ਨੂੰ ਨਤੀਜੇ ‘ਤੇ ਲਿਜਾਇਆ ਜਾ ਸਕੇ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਸ ਵੇਲੇ 700 ਐਮ.ਐਲ.ਡੀ. ਪਾਣੀ ਬੁੱਢੇ ਨਾਲੇ ਵਿੱਚ ਵਹਿ ਰਿਹਾ ਹੈ ਜਿਸ ਵਿੱਚੋਂ 80 ਫੀਸਦੀ ਪਾਣੀ ਮਿਊਂਸਪਲ ਸੀਵਰੇਜ ਦਾ ਹੈ ਜਦਕਿ 15 ਫੀਸਦੀ ਉਦਯੋਗਾਂ ਦਾ ਹੈ।

ਇਸ ਮੌਕੇ ਵਾਤਾਵਰਨ ਮੰਤਰੀ ਓ. ਪੀ. ਸੋਨੀ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਨਵਤੇਜ ਸਿੰਘ ਚੀਮਾ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।