ਕੌਮੀ ਮਾਰਗ ਜਾਮ ਕਰਕੇ ਕੀਤੀ ਨਾਅਰੇਬਾਜ਼ੀ

Protest, National Highway Jam, Govt.

ਮਾਮਲਾ ਸਰਕਾਰ ਵੱਲੋਂ ਹਾਈਵੇ ‘ਤੇ ਛੱਡੇ ਅਧੂਰੇ ਕੰਮਾਂ ਦਾ

ਸੱਚ ਕਹੂੰ ਨਿਊਜ਼, ਧਨੌਲਾ: ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਰੋਡ ‘ਤੇ ਸਥਿਤ ਪਿੰਡ ਹਰੀਗੜ੍ਹ ਦੇ ਨਜ਼ਦੀਕ ਬਾਜ਼ੀਗਰ ਬਸਤੀ ਵਾਸੀਆਂ ਨੇ ਕੰਮ ਅਧੁਰਾ ਛੱਡਣ ਦੇ ਰੋਸ ਵਜੋਂ ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁੱਧ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ।

ਜਾਣਕਾਰੀ ਦਿੰਦਿਆਂ ਬਿੱਟੂ ਰਾਮ, ਗੁਰਜੀਤ ਰਾਮ, ਮੇਵਾ ਰਾਮ, ਰਿੰਕੂ ਰਾਮ, ਅਰਜਨ ਰਾਮ, ਮਦਨ ਲਾਲ ਤੇ ਅਮਰੀਕ ਸਿੰਘ ਆਦਿ ਨੇ ਕਿਹਾ ਕਿ ਉਹ ਅਜ਼ਾਦੀ ਤੋਂ ਪਹਿਲਾਂ ਦੇ ਇੱਥੇ ਰਹਿ ਰਹੇ ਹਨ। ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਹਮੇਸ਼ਾ ਦੀ ਤਰ੍ਹਾਂ ਅਣਗੋਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰਾਂ ਦੀ ਕਾਫੀ ਜਗ੍ਹਾ ਹਾਈਵੇ ਰੋਡ ‘ਚ ਆ ਗਈ ਸੀ, ਜਿਸ ਦਾ ਮੁਆਵਜ਼ਾ ਪੱਚੀ ਲੱਖ ਰੁਪਏ ਦੇ ਕਰੀਬ ਪਿੰਡ ਹਰੀਗੜ੍ਹ ਦੀ ਪੰਚਾਇਤ ਲੈ ਗਈ। ਉਨ੍ਹਾਂ ਪੀਡਬਲਯੂਡੀ ਦੇ ਐਸਡੀਓ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਹਾਈਵੇ ਬਣਾਉਣ ਸਮੇਂ ਉਨ੍ਹਾਂ ਦੇ ਘਰਾਂ ਅੱਗੋਂ ਦੀ ਨਿਕਾਸੀ ਨਾਲਾ ਨਹੀਂ ਬਣਾਇਆ ਗਿਆ, ਸੜਕ ਵਿਚਾਲੇ ਕੱਟ ਨਾ ਛੱਡਣਾ ਅਤੇ ਰੇਲਿੰਗ ਵਗੈਰਾ ਨਾ ਲਾਉਣਾ ਸਾਡੇ ਨਾਲ ਸ਼ਰੇਆਮ ਧੱਕਾ ਹੈ।

ਉਹਨਾਂ ਕਿਹਾ ਕਿ ਸਬੰਧਤ ਐਸਡੀਓ ਵੱਲਂੋ ਕੁਝ ਵਪਾਰੀ ਲੋਕਾਂ ਨਾਲ ਕਥਿਤ ਤੌਰ ‘ਤੇ ਗੰਢਤੁੱਪ ਕਰਕੇ ਸੜਕ ਵਿੱਚ ਕੱਟ ਛੱਡੇ ਗਏ ਹਨ। ਜਦੋਂਕਿ ਸੜਕ ਵਿਚਾਲੇ ਪਾਏ ਕੱਟ, ਨਾਲਿਆਂ ਦਾ ਕੰਮਕਾਰ ਨਕਸ਼ੇ ਦੇ ਬਿਲਕੁਲ ਉਲਟ ਹੈ। ਉਹਨਾਂ ਕੇਂਦਰ ਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਹਾਈਵੇ ਰੋਡ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਉਨ੍ਹਾਂ ਵੱਲੋਂ 16 ਜੂਨ ਨੂੰ ਹਾਈਵੇ ਜਾਮ ਕੀਤਾ ਗਿਆ ਸੀ, ਜਿਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸਾ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਸੀ। ਪ੍ਰੰਤੂ ਕੋਈ ਵੀ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਦੁਬਾਰਾ ਹਾਈਵੇ ਜਾਮ ਕਰਨਾ ਪਿਆ ਹੈ।  ਇਸ ਮੌਕੇ ਰਾਜ ਕੁਮਾਰ, ਸੁਰਜਨ ਸਿੰਘ, ਫੌਜੀ ਸਿੰਘ, ਗੁੱਲੂ ਰਾਮ, ਇੰਦਰਜੀਤ ਸਿੰਘ, ਸਿਕੰਦਰਪਾਲ ਸਿੰਘ, ਬਲਵੰਤ ਸਿੰਘ, ਲਾਹੌਰੀ ਰਾਮ
ਆਦਿ ਹਾਜ਼ਰ ਸਨ।