ਗਾਇਕ ਸਮਾਜ ਪ੍ਰਤੀ ਜ਼ਿੰਮੇਵਾਰੀ ਸਮਝਣ

ਦੇਸ਼ ਅੰਦਰ ਕੋਰੋਨਾ ਦੀ ਤਬਾਹੀ ਜਾਰੀ ਹੈ। ਦੇਸ਼ ਆਕਸੀਜਨ ਦੀ ਕਮੀ ਦੇ ਨਾਲ-ਨਾਲ ਵੈਕਸੀਨ ਦੀ ਭਾਰੀ ਕਮੀ ਨਾਲ ਜੂਝ ਰਿਹਾ। ਇਸ ਮੁਸ਼ਕਲ ਦੀ ਘੜੀ ’ਚ ਦਾਨੀ ਸੱਜਣ ਦਿਲ ਖੋਲ੍ਹ ਕੇ ਆਕਸੀਜਨ ਕੰਸਟੇ੍ਰਟਰਾਂ ਤੇ ਹੋਰ ਸਾਜੋ-ਸਾਮਾਨ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੀ ਆਰਥਿਕ ਮੱਦਦ ਕਰ ਰਹੇ ਹਨ। ਬਾਲੀਵੁੱਡ ਕਲਾਕਾਰ ਵੀ ਮੱਦਦ ਲਈ ਅੱਗੇ ਆ ਰਹੇ ਹਨ ਪਰ ਕੁਝ ਗਾਇਕਾਂ ਤੇ ਫਿਲਮੀ ਅਦਾਕਾਰਾਂ ਵੱਲੋਂ ਸਮਾਜ ਦੀ ਮੱਦਦ ਕਰਨ ਦੀ ਬਜਾਇ ਸਰਕਾਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਭਾਰੀ ਉਲੰਘਣਾ ਕੀਤੀ ਜਾ ਰਹੀ ਹੈ।

ਪੰਜਾਬ ’ਚ ਜਿੰਮੀ ਸ਼ੇਰਗਿੱਲ ਤੇ ਗਿੱਪੀ ਗਰੇਵਾਲ ਮਨਾਹੀ ਦੇ ਬਾਵਜ਼ੂਦ ਫਿਲਮ/ਸੀਰੀਅਲ ਦੀ ਸ਼ੂਟਿੰਗ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਹਨ। ਮੰਨੇ-ਪ੍ਰਮੰਨੇ ਗਾਇਕਾਂ ਵੱਲੋਂ ਅਜਿਹੀਆਂ ਕੋਤਾਹੀਆਂ ਸਮਾਜ ਦੇ ਖਿਲਾਫ ਤੇ ਸਮਾਜ ਨੂੰ ਮਾੜਾ ਸੰਦੇਸ਼ ਦੇ ਰਹੀਆਂ ਹਨ। ਇਸ ਤੋਂ ਪਹਿਲਾਂ ਬਹੁਤ ਸਾਰੇ ਫਿਲਮੀ ਕਲਾਕਾਰਾਂ ਨੂੰ ਕੋੋਰੋਨਾ ਫਿਲਮ ਦੀ ਸ਼ੂਟਿੰਗ ਦੌਰਾਨ ਹੀ ਹੋਇਆ ਸੀ। ਇਸ ਦੇ ਬਾਵਜ਼ੂਦ ਮੁੰਬਈ ’ਚ ਇੱਕ ਮਹਿਲਾ ਅਦਾਕਾਰ ਕੋਰੋਨਾ ਪਾਜ਼ਿਟਿਵ ਹੋਣ ਦੇ ਬਾਵਜ਼ੂਦ ਸ਼ੂਟਿੰਗ ਕਰਨ ਲਈ ਪਹੁੰਚ ਗਈ, ਜਿਸ ’ਤੇ ਮੁੰਬਈ ਪੁਲਿਸ ਨੂੰ ਮੁਕੱਦਮਾ ਦਰਜ ਕਰਨਾ ਪਿਆ। ਬਾਲੀਵੁੱਡ ਦੇ ਚੋਟੀ ਦੇ ਕਈ ਫਿਲਮੀ ਕਲਾਕਾਰ ਬਿਨਾ ਮਨਜ਼ੂਰੀ ਲਏ ਸ਼ੂਟਿੰਗ ਕਰਦੇ ਮਿਲੇ ਤੇ ਪੁਲਿਸ ਨੂੰ ਸ਼ੂਟਿੰਗ ਰੁਕਵਾਉਣੀ ਪਈ।

ਗਾਇਕੀ ਜਾਂ ਫਿਲਮਾਂ ਦਾ ਸਬੰਧ ਸਿੱਧੇ ਤੌਰ ’ਤੇ ਸਮਾਜ ਨਾਲ ਹੈ। ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦਰਕਿਨਾਰ ਕਰਕੇ ਕਲਾਕਾਰ ਲੋਕਾਂ ’ਚ ਆਪਣਾ ਅਕਸ ਖਰਾਬ ਕਰ ਲੈਣਗੇ। ਦਰਅਸਲ ਜ਼ਰੂਰਤ ਤਾਂ ਇਸ ਗੱਲ ਦੀ ਹੈ ਕਿ ਕਲਾਕਾਰ ਇਸ ਮੁਸ਼ਕਲ ਦੌਰ ’ਚ ਕੋਰੋਨਾ ਕਾਰਨ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨਾਲ ਹਮਦਰਦੀ ਦੇ ਸ਼ਬਦ ਸਾਂਝੇ ਕਰਨ ਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕਰਨ ਮਹਾਂਮਾਰੀ ਦੌਰਾਨ ਸ਼ੂਟਿੰਗ ਕਰਨੀ ਸਿਰਫ ਗੈਰ-ਕਾਨੂੰਨੀ ਹੀ ਨਹੀਂ ਸਗੋਂ ਨੈਤਿਕ ਤੌਰ ’ਤੇ ਵੀ ਗੁਨਾਹ ਹੈ, ਖਾਸਕਰ ਉਦੋਂ ਜਦੋਂ ਕਲਾਕਾਰ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੀ ਹੀ ਪ੍ਰਵਾਹ ਨਾ ਕਰਨ।

ਜਿਨ੍ਹਾਂ ਲੋਕਾਂ ਨੇ ਕਲਾਕਾਰਾਂ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੋਵੇ ਜਦੋਂ ਦੇਸ਼ ਮੁਸ਼ਕਲ ’ਚ ਹੈ ਤਾਂ ਕਲਾਕਾਰ ਦੇਸ਼ ਤੇ ਸਮਾਜ ਤੋਂ ਵੱਖ ਨਹੀਂ ਹੋ ਸਕਦੇ। ਕਲਾਕਾਰਾਂ ਨੂੰ ਆਪਣੀ ਆਰਥਿਕ ਤਰੱਕੀ ਲਈ ਜਨਤਾ ਦੀ ਸਿਹਤ ਨੂੰ ਖਤਰੇ ’ਚ ਨਹੀਂ ਪਾਉਣਾ ਚਾਹੀਦਾ। ਕਲਾਕਾਰਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਨਹੀਂ ਕਿ ਕੋਰੋਨਾ ਬਾਲੀਵੁੱਡ ਹਸਤੀਆਂ ਦੇ ਨਾਲ ਕਈ ਗਾਇਕਾਂ ਦੀ ਜਾਨ ਵੀ ਲੈ ਚੁੱਕਾ ਹੈ। ਘੱਟੋ-ਘੱਟ ਆਪਣੇ ਭਾਈਚਾਰੇ ’ਤੇ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਕਲਾਕਾਰਾਂ ਨੂੰ ਕਾਨੂੰਨ, ਸਮਾਜ ਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਗੱਲ ਦੀ ਭਾਰੀ ਜ਼ਰੂਰਤ ਹੈ ਕਿ ਹਰ ਗਲੀ-ਮੁਹੱਲੇ ’ਚ ਨਿੱਕਲਦੀਆਂ ਲਾਸ਼ਾਂ ਦਾ ਦੌਰ ਬੰਦ ਹੋਵੇ ਤੇ ਲੋਕਾਂ ਦੀ ਸਲਾਮਤੀ ਲਈ ਯਤਨ ਕਰੀਏ ਤਾਂ ਕਿ ਕਲਾ ਨੂੰ ਮਾਣਨ ਵਾਲਾ ਸਮਾਜ ਮਹਾਂਮਾਰੀ ਦੇ ਕਰੂਰ ਪੰਜੇ ’ਚੋਂ ਅਜ਼ਾਦ ਹੋਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।