ਸਿੱਧੂ ਦਾ ਲੈਵਲ ਕੌਮਾਂਤਰੀ ਮੁੱਦਿਆਂ ਦਾ ਨਹੀਂ, ਸਿਰਫ਼ ਪੰਜਾਬ ਤੱਕ ਹੀ ਰਹਿਣ ਸੀਮਤ : ਬਾਜਵਾ

Sidhu Level, Limited, International, Issues, Only Punjab, Bajwa

ਸਾਥੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਹੀ ਨਵਜੋਤ ਸਿੱਧੂ ‘ਤੇ ਕੀਤਾ ਹਮਲਾ

ਪੰਜਾਬ ਦਾ ਮੰਤਰੀ ਬਣਾਇਆ ਐ ਤਾਂ ਪੰਜਾਬ ਵੱਲ ਹੀ ਦੇਣ ਜ਼ਿਆਦਾ ਧਿਆਨ

ਚੰਡੀਗੜ੍ਹ, ਅਸ਼ਵਨੀ ਚਾਵਲਾ /ਸੱਚ ਕਹੂੰ ਨਿਊਜ਼

ਪਾਕਿਸਤਾਨ ਨਾਲ ਦੋਸਤਾਨਾ ਪਿਆਰ ਹੱਦ ਤੋਂ ਜ਼ਿਆਦਾ ਦਿਖਾਉਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਹੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਹੱਦ ਵਿੱਚ ਰਹਿਣ ਦੀ ਸਲਾਹ ਦੇ ਦਿੱਤੀ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੇ ਸਾਫ਼ ਕਿਹਾ ਕਿ ਨਵਜੋਤ ਸਿੱਧੂ ਆਪਣੇ ਲੈਵਲ ਤੋਂ ਬਾਹਰ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਲੈਵਲ ਅਨੁਸਾਰ ਪੰਜਾਬ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਜਿਹੜੇ ਮੁੱਦੇ ਉਨ੍ਹਾਂ ਦੇ ਪੱਧਰ ਦੇ ਹੀ ਨਹੀਂ ਹਨ ਤਾਂ ਉਹ ਉਨ੍ਹਾਂ ਵਿੱਚ ਦਖਲਅੰਦਾਜੀ ਹੀ ਕਿਉਂ ਕਰਨ ਵਿੱਚ ਲੱਗੇ ਹੋਏ ਹਨ।

ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਅੰਤਰਰਾਸ਼ਟਰੀ ਮੁਦਿਆ ਤੋਂ ਦੂਰ ਰਹਿਣਾ ਚਾਹੀਦਾ ਹੈ, ਜਦੋਂ ਕਿ ਜਿਹੜੀ ਜਿੰਮੇਵਾਰੀ ਉਨ੍ਹਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤੀ ਹੋਈ ਹੈ, ਉਸ ਜਿੰਮੇਵਾਰੀ ਨੂੰ ਸਮਝਦੇ ਹੋਏ ਸੂਬੇ ਦੀ ਰਾਜਨੀਤੀ ਅਤੇ ਵਿਭਾਗੀ ਕੰਮ ਨੂੰ ਦੇਖਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਕਰਤਾਰਪੁਰ ਲਾਂਘਾ ਉਨਾਂ ਦੇ ਵੱਸ ਦਾ ਮੁੱਦਾ ਨਹੀਂ ਹੈ ਅਤੇ ਉਨਾਂ ਨੂੰ ਇਸ ਤਰਾਂ ਦੇ ਮੁੱਦੇ ਵਿੱਚ ਜਿਆਦਾ ਦਖ਼ਲ ਅੰਦਾਜੀ ਕਰਨ ਦੀ ਵੀ ਜਰੂਰਤ ਨਹੀਂ ਹੈ। ਉਨਾਂ ਕਿਹਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਅਤੇ ਭਾਰਤ ਸਰਕਾਰ ਦੇ ਵਿਚਕਾਰ ਦਾ ਮਾਮਲਾ ਹੈ, ਇਸ ਮੁੱਦੇ ‘ਤੇ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਹੀ ਬੈਠ ਕੇ ਕੋਈ ਫੈਸਲਾ ਕਰ ਸਕਦੇ ਹਨ, ਜਦੋਂ ਕਿ ਸਿੱਧੂ ਨੂੰ ਫਜ਼ੂਲ ਵਿੱਚ ਇਸ ਮੁੱਦੇ ਨੂੰ ਤੂਲ ਦੇਣ ਦੀ ਥਾਂ ‘ਤੇ ਇਹਨੂੰ ਛੱਡ ਦੇਣਾ ਚਾਹੀਦਾ ਹੈ।

ਉਨਾਂ ਫਿਰ ਕਿਹਾ ਕਿ ਇਹ ਮਾਮਲਾ ਉਨਾਂ ਦੇ ਲੈਵਲ ਦਾ ਨਹੀਂ ਹੈ ਅਤੇ ਹਮੇਸ਼ਾ ਹੀ ਆਪਣੇ ਲੈਵਲ ਤੋਂ ਵੱਧ ਗਲ ਨਹੀਂ ਕਰਨੀ ਚਾਹੀਦੀ ਹੈ, ਉਹ ਸਿੱਧੂ ਨੂੰ ਅਪੀਲ ਵੀ ਕਰਨਗੇ ਕਿ ਸਿੱਧੂ ਇਸ ਮੁੱਦੇ ਨੂੰ ਛੱਡ ਦੇਣ।

ਭਾਜਪਾ ਨੇ ਵੀ ਕੀਤਾ ਸਿੱਧੂ ‘ਤੇ ਹਮਲਾ

ਦੇਸ਼ ਦੀ ਸਰਹੱਦ ‘ਤੇ ਸ਼ਹੀਦ ਹੋਏ ਨਰੇਂਦਰ ਸਿੰਘ ਸਬੰਧੀ ਰਾਜਨੀਤਕ ਪਾਰਟੀਆਂ ਦੇ ਨਿਸ਼ਾਨੇ ‘ਤੇ ਨਵਜੋਤ ਸਿੱਧੂ ਆ ਗਏ ਹਨ। ਭਾਜਪਾ ਨੇ ਨਵਜੋਤ ਸਿੱਧੂ ਨੂੰ ਪੁੱਛਿਆ ਹੈ ਕਿ ਪਾਕਿਸਤਾਨ ਦੀ ਫੌਜ ਵੱਲੋਂ ਜਿਸ ਤਰੀਕੇ ਨਾਲ ਕਾਇਰਾਨਾ ਹਰਕਤ ਕਰਦੇ ਹੋਏ ਦੇਸ਼ ਦੇ ਜਵਾਨ ਨੂੰ ਸ਼ਹੀਦ ਕੀਤਾ ਹੈ, ਉਸ ਨੂੰ ਦੇਖਣ ਤੋਂ ਬਾਅਦ ਕੀ ਹੁਣ ਵੀ ਨਵਜੋਤ ਸਿੱਧੂ ਪਾਕਿਸਤਾਨ ਨੂੰ ਆਪਣਾ ਦੋਸਤ ਕਹਿਣਗੇ।

ਭਾਜਪਾ ਨੇ ਪੁੱਛਿਆ ਹੈ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਇਸ ਹਰਕਤ ‘ਤੇ ਨਵਜੋਤ ਸਿੱਧੂ ਕਿਉਂ ਨਹੀਂ ਬੋਲ ਰਹੇ ਹਨ। ਹਰ ਮੁੱਦੇ ‘ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਵਜੋਤ ਸਿੱਧੂ ਨੇ ਅੱਜ ਇਸ ਮੁੱਦੇ ‘ਤੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਹੈ। ਸ਼ਾਇਦ ਨਵਜੋਤ ਸਿੱਧੂ ਦੇਸ ਦੇ ਫੌਜੀਆ ਦੀ ਸ਼ਹਾਦਤ ਨੂੰ ਭੁਲਦੇ ਹੋਏ ਆਪਣੀ ਦੋਸਤੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਨਿਭਾਉਣਾ ਚਾਹੁੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।